ਜਲੰਧਰ, 25 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਿਧਾਇਕ ਡੀਸੀਪੀ ਬਲਕਾਰ ਸਿੰਘ ਬਾਰੇ ਗਲ਼ਤ ਟਿੱਪਣੀ ਕਰਨ ਲਈ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਮਜੀਠੀਆ ਨੂੰ ਸੰਜਮ ਨਾਲ ਬੋਲਣਾ ਸਿੱਖਣਾ ਚਾਹੀਦਾ ਹੈ ਅਤੇ ਨਿੱਜੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮੰਗਲਵਾਰ ਨੂੰ ਜਲੰਧਰ 'ਚ ਪ੍ਰੈੱਸ ਕਾਨਫਰੰਸ ਦੌਰਾਨ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਬਿਕਰਮ ਮਜੀਠੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਜੀਠੀਆ ਨੇ ਸਿਰਫ ਡੀਸੀਪੀ ਬਲਕਾਰ ਸਿੰਘ ਦਾ ਅਪਮਾਨ ਹੀ ਨਹੀਂ ਕੀਤਾ ਹੈ। ਉਨ੍ਹਾਂ ਨੇ ਸਮੁੱਚੇ ਦਲਿਤ ਸਮਾਜ ਅਤੇ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਹੈ। ਉਸ ਨੂੰ ਆਪਣੇ ਬਿਆਨ ਲਈ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਦੇ ਲੋਕ ਆਮ ਆਦਮੀ ਪਾਰਟੀ ਅਤੇ ਡੀਸੀਪੀ ਬਲਕਾਰ ਸਿੰਘ ਦੇ ਸਮਰਥਨ ਵਿੱਚ ਹਨ। ਜਿਸ ਕਾਰਨ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਨਾਰਾਜ਼ ਹਨ। ਉਹ ਆਪਣੀ ਬੇਚੈਨੀ ਹੀ ਵਿੱਚ ਅਜਿਹੀਆਂ ਮਾੜੀਆਂ ਟਿੱਪਣੀਆਂ ਕਰਕੇ ਸਾਡੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਡੀਸੀਪੀ ਬਲਕਾਰ ਸਿੰਘ ਨੇ ਵੀ ਬਿਕਰਮ ਮਜੀਠੀਆ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਜੀਠੀਆ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਪਰਿਵਾਰ ਗੱਦਾਰਾਂ ਦਾ ਪਰਿਵਾਰ ਹੈ। ਉਸ ਦੇ ਪੂਰਵਜ ਜਨਰਲ ਡਾਇਰ ਨੂੰ ਲੰਚ ਕਰਾਉਂਦੇ ਸਨ। ਅਸੀਂ ਬਾਬਾ ਜੀਵਨ ਸਿੰਘ ਦੀ ਸੰਤਾਨ ਹਾਂ। ਉਹ ਮੈਦਾਨ ਤੋਂ ਭੱਜਣ ਵਾਲੇ ਨਹੀਂ ਹਨ। ਜੇਕਰ ਮਜੀਠੀਆ ਵਿੱਚ ਹਿੰਮਤ ਹੈ ਤਾਂ ਉਹ ਵਿਅੱਕਤੀਗਤ ਰੂਪ ਵਿੱਚ ਸਾਡੇ ਨਾਲ ਮੈਦਾਨ ਵਿੱਚ ਆਕੇ ਲੜ੍ਹ ਲਵੇ। ਅਸੀਂ ਉਹਨੂੰ ਸਬਕ ਸਿਖਾ ਦਿਆਂਗੇ।
ਉਨ੍ਹਾਂ ਕਿਹਾ ਕਿ ਮੈਂ ਬਿਕਰਮ ਮਜੀਠੀਆ ਖਿਲਾਫ ਚੋਣ ਕਮਿਸ਼ਨ ਅਤੇ ਐਸ.ਸੀ ਕਮਿਸ਼ਨ ਵਿੱਚ ਲਿਖਤੀ ਸ਼ਿਕਾਇਤ ਕਰਾਂਗਾ ਅਤੇ ਪੰਜਾਬ ਦੇ ਡੀਜੀਪੀ ਨੂੰ ਵੀ ਸ਼ਿਕਾਇਤ ਕਰਾਂਗਾ। ਅਸੀਂ ਛੱਡਾਂਗੇ ਨਹੀਂ, ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਾਂਗੇ।
No comments:
Post a Comment