ਪਾਣੀ ਜ਼ਿਆਦਾ ਪੀਉ, ਲੱਸੀ, ਨਿੰਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ
ਐਸ.ਏ.ਐਸ.ਨਗਰ, 8 ਮਈ : ਜ਼ਿਲ੍ਹਾ ਸਿਹਤ ਵਿਭਾਗ ਨੇ ਸਖ਼ਤ ਗਰਮੀ ਦੇ ਸੰਭਾਵੀ ਮੌਸਮ ਨੂੰ ਵੇਖਦਿਆਂ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਣ ਦੀ ਸਲਾਹ ਦਿਤੀ ਹੈ। ਸਿਵਲ ਸਰਜਨ ਡਾ. ਰੁਪਿੰਦਰ ਗਿੱਲ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਮਹੀਨਿਆਂ ਦੌਰਾਨ ਮੌਸਮ ਆਮ ਤੌਰ ’ਤੇ ਕਾਫ਼ੀ ਗਰਮ ਹੁੰਦਾ ਹੈ, ਇਸ ਲਈ ਅਪਣੇ ਆਪ ਦਾ ਗਰਮੀ ਤੋਂ ਬਚਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਰਮੀ ਅਤੇ ਲੂ ਦਾ ਅਸਰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਬੱਚਿਆਂ ’ਤੇ ਜ਼ਿਆਦਾ ਹੋ ਸਕਦਾ ਹੈ। ਉਨ੍ਹਾਂ ਦਸਿਆ ਕਿ ਜਿਨ੍ਹਾਂ ਲੋਕਾਂ ’ਤੇ ਗਰਮੀ ਜਾਂ ਲੂ ਦਾ ਅਸਰ ਜ਼ਿਆਦਾ ਹੋ ਸਕਦਾ ਹੈ, ਉਨ੍ਹਾਂ ਵਿਚ ਨਵਜਨਮੇ ਬੱਚੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, ਮਜ਼ਦੂਰ, ਕਿਸਾਨ ਜਾਂ ਖੁਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਲੋਕ, ਬੇਘਰੇ, ਸੜਕਾਂ ਕੰਢੇ ਜਾਂ ਫ਼ੁਟਪਾਥਾਂ ’ਤੇ ਰਹਿਣ ਵਾਲੇ ਲੋਕ, ਮਾਨਸਿਕ ਜਾਂ ਸਰੀਰਕ ਬੀਮਾਰੀ ਤੋਂ ਪੀੜਤ ਲੋਕ ਖ਼ਾਸਕਰ ਦਿਲ ਦੀ ਬੀਮਾਰੀ ਜਾਂ ਹਾਈ ਬਲੈੱਡ ਪ੍ਰੈਸ਼ਰ ਦੇ ਰੋਗੀ, ਮੋਟਾਪੇ ਤੋਂ ਪੀੜਤ ਲੋਕ, ਗਰਮ ਵਾਤਾਵਰਣ ਵਿਚ ਸਖ਼ਤ ਮਿਹਨਤ ਕਰਨ ਵਾਲੇ ਲੋਕ ਜਾਂ ਖੁਲ੍ਹੇ ਵਿਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀ ਸ਼ਾਮਲ ਹਨ। ਅਜਿਹੇ ਵਿਅਕਤੀਆਂ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ ਜਿਸ ਕਾਰਨ ਉਹ ਗਰਮੀ ਤੇ ਲੂ ਦੀ ਲਪੇਟ ਵਿਚ ਛੇਤੀ ਆ ਸਕਦੇ ਹਨ।
ਸਿਹਤ ਅਧਿਕਾਰੀਆਂ ਨੇ ਆਖਿਆ ਕਿ ਗਰਮੀ ਕਾਰਨ ਤਾਪਮਾਨ ਵੱਧ ਜਾਂਦਾ ਹੈ, ਜਿਸ ਕਾਰਨ ਸਰੀਰ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ, ਵਿਅਕਤੀ ਨੂੰ ਚੱਕਰ ਆ ਸਕਦੇ ਹਨ, ਬੇਹੋਸ਼ ਹੋ ਕੇ ਡਿੱਗ ਸਕਦਾ ਹੈ। ਲੂ ਦੇ ਲੱਛਣਾਂ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਗਰਮੀ ਕਾਰਨ ਪਿੱਤ ਹੋਣਾ ਜਾਂ ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਣ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਗਰਮੀ ਦੇ ਬਾਵਜੂਦ ਘੱਟ ਪਸੀਨਾ ਆਉਣਾ, ਲਾਲ, ਗਰਮ ਤੇ ਖ਼ੁਸ਼ਕ ਚਮੜੀ, ਪੁਰਾਣੀਆਂ ਬੀਮਾਰੀਆਂ, ਮਾਸਪੇਸ਼ੀਆਂ ਵਿਚ ਕਮਜ਼ੋਰੀ ਆਦਿ ਇਸ ਦੇ ਲੱਛਣ ਹੋ ਸਕਦੇ ਹਨ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਅਪਣੇ ਘਰ ਨੂੰ ਠੰਢਾ ਰੱਖੋ। ਦਿਨ ਵੇਲੇ ਤਾਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਪਾਣੀ ਜ਼ਿਆਦਾ ਪੀਉ, ਲੱਸੀ, ਨਿੰਬੂ ਪਾਣੀ, ਓ.ਆਰ.ਐਸ. ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ। ਸਰੀਰ ਨੂੰ ਠੰਢਾ ਰੱਖੋ। ਹਲਕੇ ਰੰਗ ਦੇ ਕਪੜੇ ਪਾਉ। ਬਾਹਰ ਜਾਣ ’ਤੇ ਐਨਕ ਲਾਉ ਤੇ ਸਿਰ ਢੱਕ ਕੇ ਰੱਖੋ। ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਲੱਭੋ ਜਿਵੇਂ ਰੁੱਖ ਜਾਂ ਹੋਰ ਛਾਂਦਾਰ ਥਾਂ। ਮੌਸਮੀ ਫੱਲ ਖਾਉ। ਨੰਗੇ ਪੈਰ ਬਾਹਰ ਨਾ ਜਾਉ। ਹਰ ਅੱਧੇ ਘੰਟੇ ਬਾਅਦ ਪਾਣੀ ਪੀਉ। ਧੁੱਪ ਵਿਚ ਜਾਣ ਵੇਲੇ ਪਾਣੀ ਨਾਲ ਲੈ ਕੇ ਜਾਉ।
ਉਹਨਾਂ ਕਿਹਾ ਕਿ ਆਮ ਤੌਰ ’ਤੇ ਦੁਪਹਿਰ 12:00 ਵਜੇ ਤੋਂ ਦੁਪਹਿਰ ਬਾਅਦ 3:00 ਵਜੇ ਤਕ ਬਾਹਰ ਜਾਣ ਤੋਂ ਬਚੋ। ਗਰਮੀ ਦੇ ਸਿਖਰ ਦੇ ਸਮੇਂ ਖਾਣਾ ਬਣਾਉਣ ਤੋਂ ਬਚੋ। ਰਸੋਈ ਦੇ ਖੇਤਰ ਨੂੰ ਹਵਾਦਾਰ ਰੱਖੋ। ਬੱਚਿਆਂ ਤੇ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿਚ ਨਾ ਛੱਡੋ। ਤਿੱਖੀ ਧੁੱਪ ਵਿਚ ਨਾ ਜਾਉ। ਸ਼ਰਾਬ, ਚਾਹ, ਕੌਫ਼ੀ ਆਦਿ ਤੋਂ ਪਰਹੇਜ਼ ਕਰੋ। ਬਾਸੀ ਖਾਣਾ ਨਾ ਖਾਉ। ਜਿੰਨਾ ਹੋ ਸਕੇ, ਸਖ਼ਤ ਸਰੀਰਕ ਸਰਗਰਮੀ ਤੋਂ ਬਚੋ।
ਕੈਪਸ਼ਨ : ਸਿਵਲ ਸਰਜਨ ਡਾ. ਰੁਪਿੰਦਰ ਗਿੱਲ ਅਤੇ ਡਾ. ਸ਼ਲਿੰਦਰ ਕੌਰ ਜਾਣਕਾਰੀ ਦਿੰਦੇ ਹੋਏ।
No comments:
Post a Comment