ਕਵਿਤਾ ਦੀ ਸਿਰਜਣ ਪ੍ਰਕਿਰਿਆ’ ਸਬੰਧੀ ਵਰਕਸ਼ਾਪ
ਐੱਸ ਏ ਐਸ ਨਗਰ, 01 ਮਈ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਐੱਸ ਏ ਐੱਸ ਨਗਰ ਅਤੇ ਰੂਪਨਗਰ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੇ ਵਿਹੜੇ ‘ਕਵਿਤਾ ਦੀ ਸਿਰਜਣ ਪ੍ਰਕਿਰਿਆ’ ਸਬੰਧੀ ਵਰਕਸ਼ਾਪ ਲਾਈ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ 'ਤੇ ਸੁਖਵਿੰਦਰ ਅੰਮ੍ਰਿਤ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਤਪਾਲ ਭੀਖੀ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਇਸ ਵਰਕਸ਼ਾਪ ਨੂੰ ਭਾਸ਼ਾ ਦੀ ਪ੍ਰਫੁੱਲਤਾ ਅਤੇ ਸਾਹਿਤ ਦੀਆਂ ਲੀਹਾਂ ਨੂੰ ਅੱਗੇ ਤੋਰਨ ਦਾ ਉੱਦਮ ਆਖਿਆ। ਉਨ੍ਹਾਂ ਨੇ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਵੀ ਕਰਵਾਇਆ।
ਡਾ. ਲਖਵਿੰਦਰ ਜੌਹਲ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ‘ਚ ਬੋਲਦਿਆਂ ਕਿਹਾ ਕਿ ਕਵਿਤਾ ਮਨ ਦੀ ਆਵਾਜ਼ ਹੁੰਦੀ ਹੈ। ਜਦੋਂ ਸਮਾਜਿਕ ਪ੍ਰਸਥਿਤੀਆਂ ਸਾਡੇ ਮਨ ਦੇ ਅਨੁਭਵਾਂ ਅਤੇ ਵਿਚਾਰਾਂ ਨਾਲ ਆਤਮਸਾਤ ਹੁੰਦੀਆਂ ਹਨ ਤਾਂ ਕਵਿਤਾ ਉਪਜਦੀ ਹੈ। ਕਵਿਤਾ ਦੇ ਰਾਗਾਂ ਜਾਂ ਛੰਦਾ ਨੇ ਕਿਵੇਂ ਆਪਣੀ ਕਵਿਤਾ ਵਿੱਚ ਆਉਣਾ ਹੈ ਇਸ ਦੀ ਕੋਈ ਨਿਸ਼ਾਨਦੇਹੀ ਨਹੀਂ ਕਰ ਸਕਦਾ। ਸੁਖਵਿੰਦਰ ਅੰਮ੍ਰਿਤ ਵੱਲੋਂ ਗਜ਼ਲ ਬਾਰੇ ਵਿਸਥਾਰ ਸਹਿਤ ਗੱਲ ਕਰਦੇ ਹੋਏ ਕਿਹਾ ਕਿ ਪਹਿਲਾਂ ਕਵਿਤਾ ਬਣਦੀ ਹੈ ਤੇ ਫਿਰ ਉਸ ਦਾ ਵਿਧੀ ਵਿਧਾਨ ਹੋਂਦ ਵਿੱਚ ਆਉਂਦਾ ਹੈ ਭਾਵ ਤਕਨੀਕ ਤੋਂ ਪਹਿਲਾਂ ਭਾਵਾਂ ਦੀ ਮੌਲਿਕਤਾ ਦੀ ਪ੍ਰਧਾਨਤਾ ਹੁੰਦੀ ਹੈ। ਸਤਪਾਲ ਭੀਖੀ ਵੱਲੋਂ ਆਖਿਆ ਗਿਆ ਕਿ ਸੋਚਣ ਅਤੇ ਅਨੁਭਵ ਕਰਨ ਤੋਂ ਬਾਅਦ ਦ੍ਰਿਸ਼ਟੀ ਦੀ ਸਪਸ਼ਟਤਾ ਰਾਹੀਂ ਬਿੰਬ ਉੱਘੜਦਾ ਹੈ ਅਤੇ ਕਵਿਤਾ ਬਿੰਬ ਰਾਹੀਂ ਲਿਸ਼ਕਾਰਾ ਮਾਰ ਕੇ ਕੁਝ ਕੁ ਪਲਾਂ ਦੇ ਵਿੱਚ ਬਹੁਤ ਅਲੋਕਾਰੀ ਅਰਥ ਸਿਰਜਣ ਦੀ ਸਮਰੱਥਾ ਰੱਖਦੀ ਹੈ।
ਵਰਕਸ਼ਾਪ ਦੌਰਾਨ ਬੁਲਾਰਿਆਂ ਵੱਲੋਂ ਕਵਿਤਾ ਦੀ ਸਿਰਜਣਾ ਬਾਰੇ ਸ੍ਰੋਤਿਆਂ ਦੇ ਸਵਾਲਾਂ ਦੇ ਉੱਤਰ ਵੀ ਦਿੱਤੇ ਗਏ। ਇਸ ਮੌਕੇ ਤਰਸੇਮ, ਸਤਪਾਲ ਭੀਖੀ ਅਤੇ ਗੁਰਦੀਪ ਸਿੰਘ ਵੱਲੋਂ ਅਨੁਵਾਦਿਤ ਅਤੇ ਸੰਪਾਦਿਤ ਪੁਸਤਕ 'ਕਾਵਿ-ਦਿਸ਼ਾਵਾਂ ਭਾਰਤੀ ਭਾਸ਼ਾਵਾਂ ਦੀ ਕਵਿਤਾ' ਵੀ ਲੋਕ ਅਰਪਣ ਕੀਤੀ ਗਈ। ਪ੍ਰੋ. ਗੁਰਦੀਪ ਸਿੰਘ ਵੱਲੋਂ ਅਜੋਕੇ ਸਮੇਂ ਵਿੱਚ ਕਵਿਤਾ ਦੀ ਭੂਮਿਕਾ ਅਤੇ ਅਥਾਹ ਸੰਭਾਵਨਾਵਾਂ ਬਾਰੇ ਗੱਲ ਕੀਤੀ ਗਈ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਪ੍ਰੋ. ਗੁਰਦੀਪ ਸਿੰਘ, ਸਤਵਿੰਦਰ ਸਿੰਘ ਧੜਾਕ, ਹਰਦੀਪ ਸਿੰਘ ਗਿੱਲ, ਧਿਆਨ ਸਿੰਘ ਕਾਹਲੋਂ, ਡਾ. ਸੁਨੀਤਾ ਰਾਣੀ, ਗੁਰਦਰਸ਼ਨ ਸਿੰਘ ਮਾਵੀ, ਪ੍ਰੋ. ਦਵਿੰਦਰ ਕੌਰ ਖੁਸ਼ ਧਾਲੀਵਾਲ, ਡਾ. ਮਨਜੀਤ ਸਿੰਘ ਮਝੈਲ, ਜਸਵਿੰਦਰ ਸਿੰਘ ਕਾਇਨੌਰ, ਗੁਰਮਾਨ ਸੈਣੀ, ਸਮਿੱਤਰ ਸਿੰਘ, ਪਿਆਰਾ ਸਿੰਘ ਰਾਹੀ, ਕਰਮਜੀਤ ਸਿੰਘ ਬੱਗਾ, ਬਲਵਿੰਦਰ ਸਿੰਘ ਢਿੱਲੋਂ, ਗੁਰਚਰਨ ਸਿੰਘ, ਮਨਜੀਤਪਾਲ ਸਿੰਘ, ਸਤਬੀਰ ਕੌਰ, ਸੁਰਿੰਦਰ ਕੌਰ ਬਾਲਾ, ਚਰਨਜੀਤ ਕੌਰ, ਕਿਰਨ ਬੇਦੀ, ਰਾਜਵਿੰਦਰ ਸਿੰਘ ਗੁੱਡੂ, ਨਿਰਮਲ ਸਿੰਘ ਅਧਰੇੜਾ, ਲਾਭ ਸਿੰਘ ਲਹਿਲੀ, ਅਮਰਜੀਤ ਕੌਰ ਮੋਰਿੰਡਾ, ਅਰੁਣਾ ਡੋਗਰਾ ਸ਼ਰਮਾ, ਨੀਲਮ ਨਾਰੰਗ, ਲੱਖਾ ਸਿੰਘ ਸਲੇਮਪੁਰੀ, ਏਲੀਨਾ ਧੀਮਾਨ, ਜੈਸਮੀਨ ਕੌਰ, ਕੁਲਵਿੰਦਰ ਖੈਰਾਬਾਦ, ਰੂਪ ਦਿਓਲ, ਰਬਿੰਦਰ ਸਿੰਘ ਰੱਬੀ, ਸੁਖਵਿੰਦਰ ਭੀਖੀ, ਦਵਿੰਦਰ ਕੌਰ ਢਿੱਲੋਂ, ਦਿਲਪ੍ਰੀਤ ਚਹਿਲ, ਸਿਮਰਜੀਤ ਕੌਰ ਗਰੇਵਾਲ, ਅਜਮੇਰ ਸਾਗਰ, ਦਰਸ਼ਨ ਤਿਊਣਾ, ਸੰਤੋਸ਼ ਗਰਗ, ਨਵਨੀਤ ਕੌਰ, ਬਲਜਿੰਦਰ ਕੌਰ ਸ਼ੇਰਗਿੱਲ, ਸਿਕੰਦਰ ਸਿੰਘ, ਕੁਲਵੰਤ ਸਿੰਘ, ਜਤਿੰਦਰਪਾਲ ਸਿੰਘ, ਮਨਜੀਤ ਸਿੰਘ, ਲਖਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਅਤੇ ਰੂਪਨਗਰ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧਨਵਾਦ ਕੀਤਾ। ਮੰਚ ਸੰਚਾਲਨ ਦਰਸ਼ਨ ਕੌਰ ਖੋਜ ਅਫ਼ਸਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
No comments:
Post a Comment