ਡੇਰਾਬੱਸੀ, 03 ਮਈ : ਨੈਸ਼ਨਲ ਕਮਿਸ਼ਨ ਫਾਰ ਸਫ਼ਾਈ ਕਰਮਚਾਰੀਜ਼ ਦੇ ਚੇਅਰਮੈਨ ਸ਼੍ਰੀ ਐਮ. ਵੈਂਕਟੇਸ਼ਨ ਵੱਲੋਂ ਫੈਡਰਲ ਐਗਰੋ ਮੀਟ ਪਲਾਂਟ, ਪਿੰਡ ਬੇਹੜਾ ਦੇ ਟੈਂਕ ਦੀ ਸਫਾਈ ਦੌਰਾਨ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਅਤੇ ਪਿੰਡ ਜੌਲਾਂ ਵਿਖੇ ਸੀਵਰ ਲਾਈਨ ਦੀ ਸਫ਼ਾਈ ਦੌਰਾਨ ਮਾਰੇ ਗਏ ਮਜ਼ਦੂਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਅਤੇ ਫੈਡਰਲ ਐਗਰੋ ਮੀਟ ਪਲਾਂਟ ਦਾ ਦੌਰਾ ਕਰਨ ਲਈ ਡੇਰਾਬੱਸੀ ਪੁੱਜੇ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਸੰਦੀਪ ਕੁਮਾਰ ਗਰਗ ਵੀ ਹਾਜ਼ਰ ਸਨ।
ਫੈਡਰਲ ਐਗਰੋ ਮੀਟ ਪਲਾਂਟ, ਪਿੰਡ ਬੇਹੜਾ ਵਿਖੇ ਫੌਤ ਹੋਏ ਮਾਣਕ ਸਿੰਘ ਦਾ ਪਰਿਵਾਰ ਅਤੇ ਪਿੰਡ ਜੌਲਾਂ ਦਾ ਪੀੜਤ ਪਰਿਵਾਰ ਸ੍ਰੀ ਵੈਂਕਟੇਸ਼ਨ ਨੂੰ ਮਿਲਣ ਲਈ ਐਸ.ਡੀ.ਐਮ. ਦਫ਼ਤਰ, ਡੇਰਾਬੱਸੀ ਪੁੱਜੇ ਤੇ ਇਸ ਮੌਕੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਿਲੀਫ ਫੰਡ ਵਿੱਚੋਂ 02-02 ਲੱਖ ਰੁਪਏ ਦਿੱਤੇ ਗਏ। ਇਸ ਦੇ ਨਾਲ ਹੀ ਸ਼੍ਰੀ ਵੈਂਕਟੇਸ਼ਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਅਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੁਆਇਆ ਜਾਵੇ। ਇਸ ਦੇ ਨਾਲ-ਨਾਲ ਐਮ.ਐਸ. ਐਕਟ, ਈ.ਐੱਸ.ਆਈ. ਅਤੇ ਪੀ.ਐਫ ਸਬੰਧੀ ਜਿਹੜੀ ਵੀ ਰਾਸ਼ੀ ਬਣਦੀ ਹੈ, ਉਹ ਪਰਿਵਾਰਾਂ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਫੈਡਰਲ ਐਗਰੋ ਮੀਟ ਪਲਾਂਟ ਵੱਲੋਂ ਵੀ ਪੀੜਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਇਹ ਰਾਸ਼ੀ ਪਰਿਵਾਰਕ ਮੈਂਬਰਾਂ ਨੂੰ ਐਫ.ਡੀ. ਦੇ ਰੂਪ ਵਿੱਚ ਜਾਰੀ ਕੀਤੀ ਜਾਵੇ ਤਾਂ ਜੋ ਕਿਸੇ ਵਿਵਾਦ ਦੀ ਗੁਨਜਾਇਸ਼ ਨਾ ਰਹੇ।
ਸ਼੍ਰੀ ਵੈਂਕਟੇਸ਼ਨ ਵੱਲੋਂ ਫੈਡਰਲ ਐਗਰੋ ਮੀਟ ਪਲਾਂਟ, ਪਿੰਡ ਬੇਹੜਾ ਦਾ ਦੌਰਾ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਦੋਂ ਚੇਅਰਮੈਨ ਨੇ ਪਲਾਂਟ ਦਾ ਦੌਰਾ ਕੀਤਾ ਤਾਂ ਪਲਾਂਟ ਵੱਲੋਂ ਕੋਈ ਵੀ ਜ਼ਿੰਮੇਵਾਰ ਵਿਅਕਤੀ ਉਥੇ ਮੌਜੂਦ ਨਹੀਂ ਸੀ, ਜਿਹੜਾ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਨੈਸ਼ਨਲ ਕਮਿਸ਼ਨ ਫਾਰ ਸਫ਼ਾਈ ਕਰਮਚਾਰੀਜ਼ ਦੇ ਚੇਅਰਮੈਨ ਨੂੰ ਭਰੋਸਾ ਦਿੱਤਾ ਗਿਆ ਕਿ ਜਾਰੀ ਹਦਾਇਤਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਦਮਨਜੀਤ ਸਿੰਘ ਮਾਨ, ਏ.ਐੱਸ.ਪੀ. ਦਰਪਣ ਆਹਲੂਵਾਲੀਆ, ਐਸ.ਡੀ.ਐਮ., ਡੇਰਾਬਸੀ, ਸ਼੍ਰੀ ਹਿਮਾਂਸ਼ੂ ਗੁਪਤਾ ਸਮੇਤ ਵੱਖੋ-ਵੱਖ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
No comments:
Post a Comment