ਟਰੱਸਟ ਵੱਲੋਂ ਮਹਿਲਾ ਵਿਕਾਸ ਮੰਤਰੀ ਬਲਜੀਤ ਕੌਰ ਨਾਲ ਕੀਤੀ ਜਾਵੇਗੀ ਮੁਲਾਕਾਤ
ਮੋਹਾਲੀ, 07 ਮਈ : - ਦਿਸ਼ਾ ਵੋਮੈਨ ਵੈਲਫੇਅਰ ਟਰੱਸਟ ( ਰਜਿ ) ਪੰਜਾਬ ਨੇ ਲੁਧਿਆਣਾ ਵਿੱਚ ਪੰਜਾਬ ਪੁਲਸ ਵੱਲੋਂ ਮਹਿਲਾ ਪੱਤਰਕਾਰ ਭਾਵਨਾ ਕਿਸ਼ੋਰ ਦੀ ਗੈਰਕਾਨੂੰਨੀ ਗ੍ਰਿਫ਼ਤਾਰੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਦਿਸ਼ਾ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਕਿ ਭਾਵਨਾ ਦੀ ਗ੍ਰਿਫਤਾਰੀ ਸਮੇਂ ਕੋਈ ਵੀ ਮਹਿਲਾ ਪੁਲਸ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਉਨ੍ਹਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਨਾਲ ਲਿਜਾਇਆ ਗਿਆ।
ਜੋ ਕਿ ਇੱਕ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਕਿਉਂਕਿ ਬਿਨਾਂ ਮਹਿਲਾ ਪੁਲਿਸ ਅਧਿਕਾਰੀ ਦੇ ਕਿਸੇ ਵੀ ਔਰਤ ਨੂੰ ਇਸ ਤਰੀਕੇ ਨਾਲ ਗ੍ਰਿਫ਼ਤਾਰ ਕਰਨਾ ਨਿਯਮਾਂ ਦੇ ਉਲਟ ਜਾਣਾ ਹੈ । ਉਨ੍ਹਾਂ ਕਿਹਾ ਕਿ ਦਿਸ਼ਾ ਟਰੱਸਟ ਵੱਲੋਂ ਪੱਤਰਕਾਰ ਭਾਵਨਾ ਕਿਸ਼ੋਰ ਨੂੰ ਪੂਰੀ ਹਮਾਇਤ ਦਿੱਤੀ ਜਾਵੇਗੀ । ਟਰੱਸਟ ਉਸ ਨਾਲ ਅਤੇ ਉਸਦੇ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਮਹਿਲਾ ਵਿਕਾਸ ਮੰਤਰੀ ਬਲਜੀਤ ਕੌਰ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਇਸ ਸਬੰਧੀ ਗੰਭੀਰ ਨੋਟਿਸ ਲੈਣ ਦੀ ਬੇਨਤੀ ਕੀਤੀ ਜਾਵੇਗੀ ।
ਹਰਦੀਪ ਕੌਰ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਸ ਪੁਲਿਸ ਅਧਿਕਾਰੀ ਭਾਵਨਾ ਕਿਸ਼ੋਰ ਨੂੰ ਗ੍ਰਿਫ਼ਤਾਰ ਕੀਤਾ ਉਸਦੇ ਨਾਮ ਪਲੇਟ ਵੀ ਨਹੀਂ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਭਾਵਨਾ ਕਿਸ਼ੋਰ ਨੂੰ ‘ਆਪ’ ਮੀਡੀਆ ਕੋਆਰਡੀਨੇਟਰ ਵੱਲੋਂ ਲੁਧਿਆਣਾ ਵਿੱਚ ਇੱਕ ਸਮਾਗਮ ਦੀ ਕਵਰੇਜ਼ ਕਰਨ ਲਈ ਬੁਲਾਇਆ ਗਿਆ ਸੀ ਅਤੇ ਬਾਅਦ ਵਿੱਚ ਪੁਲਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਅਤੇ ਇਹ ਸਿਆਸਤ ਤੋਂ ਪ੍ਰੇਰਿਤ ਜਾਪਦਾ ਹੈ।
No comments:
Post a Comment