ਐਸ.ਏ.ਐਸ ਨਗਰ, 01 ਜੂਨ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਆਤਮਾ ਸਕੀਮ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ/ਅਧਿਕਾਰੀਆਂ ਅਤੇ ਕਿਸਾਨ ਮਿੱਤਰਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਟ੍ਰੇਨਿੰਗ ਦਿੱਤੀ ਗਈ।
ਇਸ ਟ੍ਰੇਨਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਵੱਲੋਂ ਦੱਸਿਆ ਕਿ ਇਹ ਟ੍ਰੇਨਿੰਗ ਲੈ ਕੇ ਕਿਸਾਨਾਂ ਨੂੰ ਫੀਲਡ ਵਿੱਚ ਸਾਉਣੀ ਦੀਆਂ ਫ਼ਸਲਾਂ ਬਿਮਾਰੀਆਂ ਅਤੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਕੀਤੇ ਜਾਣ। ਡਾ. ਬਲਬੀਰ ਸਿੰਘ ਖੱਦਾ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਐਸ.ਏ.ਐਸ.ਨਗਰ ਦੀ ਅਗਵਾਈ ਹੇਠ ਮਾਹਿਰਾਂ ਦੀ ਟੀਮ ਵੱਲੋਂ ਟ੍ਰੇਨਿੰਗ ਦਿੱਤੀ ਗਈ।
ਇਸ ਟ੍ਰੇਨਿੰਗ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਏ ਮਾਹਿਰ ਡਾ. ਨਵਜੋਤ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਸਾਉਣੀ ਦੀਆਂ ਫਸਲਾਂ ਦੇ ਨਵੇਂ ਬੀਜਾਂ ਅਤੇ ਝਾੜ ਬਾਰੇ ਦੱਸਿਆ ਅਤੇ ਨਾਲ ਹੀ ਵਿਸਥਾਰ ਵਿੱਚ ਨਵੀਆਂ ਕਿਸਮਾਂ ਦੇ ਨਦੀਨਾਂ ਦੀ ਪਛਾਣ ਅਤੇ ਰੋਕਥਾਮ ਬਾਰੇ ਦੱਸਿਆ।
ਮਾਹਿਰਾਂ ਨੇ ਅਗੇਤਾ ਝੋਨਾ ਲਗਾਉਣ ਨਾਲ ਪਾਣੀ ਦੇ ਪੱਧਰ ਵਿੱਚ ਗਿਰਾਵਟ ਅਤੇ ਸਮੇਂ ਸਿਰ ਝੋਨਾ ਲਗਾਉਣ ਨਾਲ ਪਾਣੀ ਦੇ ਪੱਧਰ ਵਿੱਚ ਆਉਂਦੇ ਸੁਧਾਰ ਬਾਰੇ ਜਾਣਕਾਰੀ ਦਿੱਤੀ।
ਇਸ ਟ੍ਰੇਨਿੰਗ ਵਿੱਚ ਡਾ. ਹਰਮੀਤ ਕੌਰ ਕੇ.ਵੀ. ਕੇ. ਮੋਹਾਲੀ ਵੱਲੋਂ ਕੀੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ, ਉਨ੍ਹਾਂ ਸਾਉਣੀ ਦੀਆਂ ਫ਼ਸਲਾਂ ਦੇ ਮਿੱਤਰ ਕੀੜੇ ਅਤੇ ਉਨ੍ਹਾਂ ਦੀ ਪਛਾਣ ਬਾਰੇ ਵੀ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਮਿੱਤਰ ਕੀੜਿਆਂ ਦੀ ਪਹਿਚਾਣ ਨਾਲ ਅਸੀਂ ਫਾਲਤੂ ਦੀਆਂ ਸਪਰੇਆਂ ਤੋਂ ਬਚ ਸਕਦੇ ਹਾਂ ਕਿਉਂਕਿ ਮਿੱਤਰ ਕੀੜੇ ਫ਼ਸਲ ਦੇ ਦੁਸ਼ਮਣ ਕੀੜੇ ਮਕੌੜਿਆਂ ਦਾ ਕਾਫੀ ਨੁਕਸਾਨ ਕਰਦੇ ਹਨ। ਉਨ੍ਹਾਂ ਨੇ ਕੁਦਰਤੀ ਤਰੀਕਿਆਂ ਨਾਲ ਵੀ ਇਨਾਂ ਕੀੜਿਆਂ ਦੀ ਰੋਕਥਾਮ ਬਾਰੇ ਲੋੜੀਂਦੇ ਨੁਕਤੇ ਵੀ ਸਾਂਝੇ ਕੀਤੇ।
ਇਸ ਮੌਕੇ ਵਿਭਾਗ ਦਾ ਸਟਾਫ ਅਤੇ ਕਿਸਾਨ ਦੀਦਾਰ ਸਿੰਘ, ਰਾਜਵੀਰ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ।


No comments:
Post a Comment