SBP GROUP

SBP GROUP

Search This Blog

Total Pageviews

Monday, July 10, 2023

ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਫ਼ੇਜ਼-6 ਦੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਦੌਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜੁਲਾਈ : ਬਰਸਾਤ ਦੇ ਚਲਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਅਤੇ ਯਕੀਨੀ ਬਣਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਅੱਜ ਫ਼ੇਜ਼-6 ਦੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਦੌਰਾ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਬਾਰਸ਼ਾਂ ਦੌਰਾਨ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਨਾ ਆਉਣ ਦੇਣ ਨੂੰ ਯਕੀਨਨੀ ਬਣਾਉਣ ਲਈ ਕੀਤਾ ਗਿਆ ਹੈ। 


ਉਨ੍ਹਾਂ ਇਸ ਮੌਕੇ ਜਲ ਸਪਲਾਈ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਪੀਣ ਵਾਲੇ ਸਪਲਾਈ ਨੂੰ ਨਿਰਵਿਘਨ ਬਣਾਉਣ ਲਈ ਜਲ ਸਪਲਾਈ ਘਰਾਂ ’ਚ ਪਾਣੀ ਆਦਿ ਭਰਨ ਦੀ ਸੂਰਤ ’ਚ ਤੁਰੰਤ ਖਾਲੀ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਫ਼ੇਜ਼-6 ਦੇ ਜਲ ਸਪਲਾਈ ਘਰ ’ਚ ਮੀਂਹ ਦੇ ਪਾਣੀ ਨਾਲ ਤੇ ਬਿਜਲੀ ਦੀ ਸਮੱਸਿਆ ਨਾਲ ਦੋ ਦਿਨ ਪਹਿਲੋਂ ਆਈ ਮੁਸ਼ਕਿਲ ’ਤੇ ਕਲ੍ਹ ਸ਼ਾਮ ਕਾਬੂ ਪਾ ਕੇ, ਮੁੜ ਤੋਂ ਸਪਲਾਈ ਬਹਾਲ ਕਰ ਦਿੱਤੀ ਗਈ ਸੀ।

ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਅਨੁਸਾਰ ਇਹ ਜਲ ਸੋਧਕ ਪਲਾਂਟ ਰੋਜ਼ਾਨਾ ਪੰਜ ਮਿਲੀਅਨ ਗੈਲਨ ਪਾਣੀ ਸੋਧਦਾ ਹੈ, ਜੋ ਕਿ ਭਾਖੜਾ ਮੇਨ ਲਾਈਨ ਤੋਂ ਕਾਜੌਲੀ ਵਾਟਰ ਵਰਕਸ ਰਾਹੀਂ ਇੱਥੇ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਇਸ ਜਲ ਸੋਧਕ ਪਲਾਂਟ ਤੋਂ ਮੋਹਾਲੀ ਸ਼ਹਿਰ ਦੇ ਫ਼ੇਜ਼ 1, 2, 3 ਏ, 3 ਬੀ 1, ਤਿੰਨ ਬੀ 2, ਚਾਰ, ਪੰਜ, ਛੇ ਅਤੇ ਸੱਤ ਤੋਂ ਇਲਾਵਾ ਮਦਨਪੁਰਾ ਨੂੰ ਸਪਲਾਈ ਕੀਤੀ ਜਾਂਦੀ ਹੈ।

ਉਨ੍ਹਾਂ ਇਸ ਮੌਕੇ ਆਖਿਆ ਕਿ ਬਰਸਾਤ ਦੇ ਦਿਨਾਂ ’ਚ ਪਾਣੀ ਦੀ ਉਚਿੱਤ ਢੰਗ ਨਾਲ ਕਲੋਰੀਨੇਸ਼ਨ ਅਤੇ ਫ਼ਿਲਟ੍ਰੇਸ਼ਨ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਸ਼ੁੱਧ ਅਤੇ ਸਾਫ਼ ਪਾਣੀ ਹੀ ਮਿਲੇ।

ਜਲ ਸਪਲਾਈ ਮੰਤਰੀ ਨੇ ਦੱਸਿਆ ਕਿ ਉਹ ਸੂਬੇ ਦੇ ਜਲ ਸਪਲਾਈ ਤੇ ਜਲ ਸੋਧਕ ਪਲਾਂਟਾਂ ਦਾ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲੈ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਪਾਣੀ ਦੀ ਤੰਗੀ ਨਾ ਝੱਲਣੀ ਪਵੇ। ਇਸੇ ਲੜੀ ’ਚ ਕਲ੍ਹ ਰਾਤ ਉਨ੍ਹਾਂ ਵੱਲੋਂ ਕਜੌਲੀ ਵਾਟਰ ਵਰਕਸ ਦਾ ਵੀ ਜਾਇਜ਼ਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਜਲ ਸੋਧਕ ਪਲਾਂਟ ਨੂੰ ਵੀ ਪਾਣੀ ਭਰਨ ਕਾਰਨ ਕੁੱਝ ਸਮੇਂ ਲਈ ਬੰਦ ਰੱਖਣਾ ਪਿਆ ਪਰ ਐਤਵਾਰ ਸ਼ਾਮ ਨੂੰ ਸਪਲਾਈ ਬਹਾਲ ਕਰ ਦਿੱਤੀ ਗਈ ਸੀ।

ਉਨ੍ਹਾਂ ਇਸ ਮੌਕੇ ਪਲਾਂਟ ਦਾ ਦੌਰਾ ਕਰਕੇ, ਇਸ ਨੂੰ ਭਵਿੱਖ ਵਿੱਚ ਪਾਣੀ ਦੀ ਮਾਰ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਵੀ ਦਿੱਤੇ।

ਸ੍ਰੀ ਜਿੰਪਾ ਜਿਨ੍ਹਾਂ ਕੋਲ ਮਾਲ ਤੇ ਮੁੜ ਵਸੇਬਾ ਵਿਭਾਗ ਵੀ ਹੈ, ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਬਰਸਾਤਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਸਾਢੇ 33 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ਤਾਂ ਜੋ ਰਾਹਤ ਕਾਰਜਾਂ ਵਿੱਚ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੀ ਲੋੜ ਮੁਤਾਬਕ ਸਥਾਨਕ ਵਸੀਲਿਆਂ ਤੋਂ ਇਲਾਵਾ ਐਨ ਡੀ ਆਰ ਐਫ਼ ਨੂੰ ਵੀ ਬਚਾਅ ਕਾਰਜਾਂ ’ਚ ਸ਼ਾਮਿਲ ਕਰਨ ਦੀ ਮਨਜੂਰੀ ਦਿੱਤੀ ਗਈ ਹੈ।

ਇਸ ਮੌਕੇ ਉਨ੍ਹਾਂ ਨਾਲ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਮੁਹੰਦਦ ਇਸ਼ਫ਼ਾਕ, ਐਸ ਡੀ ਓ ਇਮਾਨਵੀਰ ਸਿੰਘ ਤੇ ਜੇ ਈ ਆਦਰਸ਼ਪਾਲ ਸਿੰਘ ਮੌਜੂਦ ਸਨ।

ਫ਼ੋਟੋ ਕੈਪਸ਼ਨ:

ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਮੋਹਾਲੀ ਦੇ ਫ਼ੇਜ਼ 6 ਦੇ ਜਲ ਸੋਧਕ ਪਲਾਂਟ ਦਾ ਨਿਰੀਖਣ ਕਰਦੇ ਹੋਏ।

No comments:


Wikipedia

Search results

Powered By Blogger