ਐਸ.ਏ.ਐਸ. ਨਗਰ, 4 ਜੁਲਾਈ : ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਫੈਸਲੇ ਨਾਲ ਜਿੱਥੇ ਪਾਰਟੀ ਹੋਰ ਮਜ਼ਬੂਤ ਹੋਵੇਗੀ ਉਥੇ ਇਸ ਨੂੰ ਸਮਾਜ ਦੇ ਹਰ ਵਰਗ ਦਾ ਸਮੱਰਥਨ ਵੀ ਮਿਲੇਗਾ।
ਸ਼੍ਰੀ ਸਿੱਧੂ ਨੇ ਭਾਜਪਾ ਹਾਈ ਕਮਾਂਡ ਦਾ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸ਼੍ਰੀ ਜਾਖੜ ਪੜ੍ਹੇ-ਲਿਖੇ, ਸੂਝਵਾਨ, ਦੂਰਅੰਦੇਸ਼ ਅਤੇ ਲੋਕਾਂ ਨਾਲ ਜੁੜੇ ਹੋਏ ਅਜਿਹੇ ਆਗੂ ਹਨ ਜਿਨ੍ਹਾਂ ਦਾ ਸਮਾਜ ਦੇ ਹਰ ਵਰਗ ਵਿਚ ਬਹੁਤ ਸਤਿਕਾਰ ਹੈ। ਉਹਨਾਂ ਕਿਹਾ ਕਿ ਇਕ ਅਗਾਂਹਵਧੂ ਕਿਸਾਨ ਹੋਣ ਦੇ ਨਾਤੇ ਜਿਥੇ ਸ੍ਰੀ ਜਾਖੜ ਨੂੰ ਕਿਸਾਨੀ ਮਸਲਿਆਂ ਦੀ ਸਮਝ ਹੈ ਉਥੇ ਉਹਨਾਂ ਨੂੰ ਵਪਾਰ ਅਤੇ ਸਨਅਤ ਦੀ ਵੀ ਡੂੰਘੀ ਜਾਣਕਾਰੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਸ੍ਰੀ ਜਾਖੜ ਦੀ ਅਰਥ ਸਾਸ਼ਤਰ ਅਤੇ ਆਰਥਿਕ ਮਸਲਿਆਂ ਉਤੇ ਵੀ ਪੂਰੀ ਪਕੜ ਹੈ।
ਭਾਜਪਾ ਆਗੂ ਨੇ ਕਿਹਾ ਕਿ ਸ਼੍ਰੀ ਜਾਖੜ ਦਾ ਹਿੰਦੂ ਸਮਾਜ ਦੇ ਨਾਲ ਨਾਲ ਸਿੱਖ, ਮੁਸਲਮ ਅਤੇ ਈਸਾਈ ਭਾਈਚਾਰਿਆਂ ਵਿਚ ਵੀ ਬਰਾਬਰ ਦਾ ਸਤਿਕਾਰ ਹੈ ਕਿਉਂਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਵਿਅਕਤੀ ਹਨ। ਉਹਨਾਂ ਕਿਹਾ ਕਿ ਸ਼੍ਰੀ ਜਾਖੜ ਸਿੱਖ ਧਰਮ ਅਤੇ ਇਤਿਹਾਸ ਦੀ ਵੀ ਡੂੰਘੀ ਸਮਝ ਹੈ ਅਤੇ ਉਹਨਾਂ ਨੂੰ ਗੁਰੂ ਘਰ ਵਿਚ ਵੀ ਅਪਾਰ ਸ਼ਰਧਾ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਉਹਨਾਂ ਦਾ ਵਿਸ਼ਵਾਸ਼ ਹੈ ਕਿ ਸ੍ਰੀ ਜਾਖੜ ਦੀ ਅਗਵਾਈ ਵਿਚ ਪੰਜਾਬ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਬਹੁਤ ਵੱਡੀ ਜਿੱਤ ਪ੍ਰਪਾਤ ਕਰੇਗੀ।


No comments:
Post a Comment