SBP GROUP

SBP GROUP

Search This Blog

Total Pageviews

Tuesday, July 18, 2023

ਸਿਹਤ ਮੰਤਰੀ ਨੇ ਦਸਤ ਅਤੇ ਹੈਜ਼ੇ ਦੀ ਰੋਕਥਾਮ ਲਈ ਬਲੌਂਗੀ ਤੋਂ ਡੋਰ ਟੂ ਡੋਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ

ਖਰੜ, 18 ਜੁਲਾਈ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਜ਼ਿਲ੍ਹੇ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਬਲੌਂਗੀ ਤੋਂ ਦਸਤ ਅਤੇ ਹੈਜ਼ੇ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ।  ਅੰਬੇਡਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਮੋਹਾਲੀ ਦੇ ਮੈਡੀਕਲ ਵਿਦਿਆਰਥੀ ਅਤੇ ਇੰਟਰਨਜ਼ ਅਤੇ ਹੋਰ ਕਾਲਜਾਂ ਦੇ ਨਰਸਿੰਗ ਵਿਦਿਆਰਥੀ ਲੋਕਾਂ ਨੂੰ ਪਾਣੀ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸ਼ੁਰੂ ਕੀਤੀ ਆਈ ਈ ਸੀ ਗਤੀਵਿਧੀ ਦਾ ਹਿੱਸਾ ਬਣੇ।


       ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਇਸ ਤੋਂ ਇਲਾਵਾ ਬਲੌਂਗੀ ਅਤੇ ਬੜਮਾਜਰਾ ਦਾ ਦੌਰਾ ਕਰਦਿਆਂ 2.5 ਲੱਖ ਕਲੋਰੀਨ ਦੀਆਂ ਗੋਲੀਆਂ ਦੀ ਨਵੀਂ ਖੇਪ ਵੰਡਣ ਦੀ ਸ਼ੁਰੂਆਤ ਵੀ ਕੀਤੀ ਗਈ। ਸਿਹਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਲੋਕਾਂ ਨੂੰ ਦਸਤ ਅਤੇ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਵਚਨਬੱਧ ਹੈ। ਟੀਮਾਂ ਵੱਲੋਂ ਪਾਣੀ ਨੂੰ ਰੋਗਾਣੂ ਮੁਕਤ ਕਰਨ ਲਈ ਯੋਗ ਹਦਾਇਤਾਂ ਦੇ ਕੇ ਇਹ ਗੋਲੀਆਂ ਵੰਡੀਆਂ ਜਾਣਗੀਆਂ।

      ਸਿਹਤ ਮੰਤਰੀ ਨੇ ਕਿਹਾ ਕਿ ਇਸ ਬਿਮਾਰੀ ਦੇ ਹੋਰ ਪ੍ਰਕੋਪ ਨੂੰ ਰੋਕਣ ਲਈ ਨਿਯਮਤ ਤੌਰ 'ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਜਾਰੀ ਹਨ।  ਬਲਬੀਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 21 ਚੈਕਅੱਪ ਕੈਂਪ ਲਗਾਏ ਗਏ। ਬਲੌਂਗੀ ਤੋਂ ਦਸਤ ਪ੍ਰਭਾਵਿਤ ਖੇਤਰਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਇੱਕ ਐਂਬੂਲੈਂਸ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਟੀਮਾਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ।

      ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਡਾਇਰੀਆ ਪ੍ਰਭਾਵਿਤ ਖੇਤਰ ਬਲੌਂਗੀ ਤੇ ਬੱਡਮਾਜਰਾ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪਾਂ ਤੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। 

       ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਨੇ ਪ੍ਰਸ਼ਾਸਨ ਤੇ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਬਣਾਇਆ ਹੋਇਆ ਹੈ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਿਸ਼ੇਸ਼ ਤੌਰ ਉਤੇ ਜ਼ਿਲ੍ਹੇ ਵਿਚ 21 ਮੈਡੀਕਲ ਚੈੱਕਅਪ ਕੈਂਪ ਜਾਰੀ ਹਨ। 

      ਡਾਇਰੀਆ ਤੋਂ ਬਚਾਅ ਲਈ ਆਸ਼ਾ ਵਰਕਰਾਂ ਤੇ ਮੈਡੀਕਲ ਵਿਦਿਆਰਥੀਆਂ ਵੱਲੋਂ ਟੀਮਾਂ ਬਣਾ ਕੇ ਘਰ-ਘਰ ਜਾ ਕੇ ਓ.ਆਰ.ਐਸ. ਦੇ ਪੈਕੇਟ ਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ। ਪੀਣ ਦੇ ਪਾਣੀ ਨੂੰ ਬੈਕਟੀਰੀਆ ਮੁਕਤ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ। ਇਲਾਕੇ ਵਿਚ ਪੀਣ ਦਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੇ ਟੈਂਕਰ ਲਗਾਏ ਗਏ ਹਨ।

      ਹੜ੍ਹਾਂ ਉਪਰੰਤ ਮੱਖੀਆਂ-ਮੱਛਰਾਂ ਦੇ ਨਾਲ-ਨਾਲ ਹੋਰਨਾਂ ਕਈ ਕਾਰਨਾਂ ਕਰ ਕੇ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਮੱਦੇਨਜ਼ਰ ਹੀ  ਢੁੱਕਵੀਂ ਸਾਫ-ਸਫਾਈ ਤੇ ਫੌਗਿੰਗ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। 

       ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜੇ ਵੀ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹਨ, ਉਨ੍ਹਾਂ ਖੇਤਰਾਂ ਵਿੱਚ ਜਨ ਜੀਵਨ ਨੂੰ ਮੁੜ ਲੀਹ ਉਤੇ ਲੈ ਕੇ ਆਉਣ ਲਈ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਲੋਕਾਂ ਦੀ ਸਿਹਤ ਸੰਭਾਲ ਵੱਲ ਉੇਚੇਚੇ ਧਿਆਨ ਦਿੱਤਾ ਜਾ ਰਿਹਾ ਹੈ ਤੇ ਵੱਡੇ ਪੱਧਰ ਉਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

        ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਈ ਸਹਿਯੋਗ ਦੀ ਮੰਗ ਕਰਦਿਆਂ ਇਹ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਜਿਹੜੇ ਵੀ ਸੁਝਾਅ ਜਾਂ ਹਦਾਇਤਾਂ ਜਾਰੀ ਹੁੰਦੀਆਂ ਹਨ, ਉਨ੍ਹਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ।

        ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ,ਐਸ.ਡੀ.ਐਮ. ਮੋਹਾਲੀ ਸਰਬਜੀਤ ਕੌਰ, ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ, ਅਸਿਸਟੈਂਟ ਡਾਇਰੈਕਟਰ ਡਾ. ਗਗਨਦੀਪ ਸਿੰਘ ਗਰੋਵਰ, ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਸਿਹਤ ਅਫਸਰ ਡਾ. ਸੁਭਾਸ਼ ਸ਼ਰਮਾ, ਡਾ. ਮਨਮੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਅਨਿਲ ਵਸ਼ਿਸ਼ਟ, ਡਾ. ਰਚਿੱਤਰਾ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਸਿਹਤ ਸੁਪਰਵਾਈਜ਼ਰ ਤੇ ਵਰਕਰ ਅਤੇ ਆਸ਼ਾ ਵਰਕਰ ਮੌਜੂਦ ਸਨ।

No comments:


Wikipedia

Search results

Powered By Blogger