ਕਿਤੇ ਵੀ ਦੂਸ਼ਿਤ ਪਾਣੀ ਸਪਲਾਈ ਨਾ ਹੋਣ ਦਿੱਤਾ ਜਾਵੇ, ਸਬੰਧਤ ਅਧਿਕਾਰੀ ਜਾਂਚ ਕਰਕੇ ਸਰਟੀਫਿਕੇਟ ਦੇਣ, ਡੀ ਸੀ ਵੱਲੋਂ ਹਦਾਇਤ
ਐਸ.ਏ.ਐਸ.ਨਗਰ, 17 ਜੁਲਾਈ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਹਤ, ਸਥਾਨਕ ਸਰਕਾਰਾਂ, ਪੰਚਾਇਤ ਅਤੇ ਜਨ ਸਿਹਤ ਅਧਿਕਾਰੀਆਂ ਨੂੰ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਡਾਇਰੀਆ ਅਤੇ ਹੈਜ਼ੇ ਵਰਗੀਆਂ ਬਿਮਾਰੀਆਂ ਤੋਂ ਪੀੜ੍ਹਤ ਹੋਣ ਤੋਂ ਬਚਾਉਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਅਜਿਹੀਆਂ ਮਾਰੂ ਬਿਮਾਰੀਆਂ ਨਾਲ ਲੜਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਸਬੰਧਤ ਵਿਭਾਗਾਂ ਦੀ ਅੱਜ ਸ਼ਾਮ ਹੰਗਾਮੀ ਮੀਟਿੰਗ ਕਰਕੇ ਉਨ੍ਹਾਂ ਸੰਵੇਦਨਸ਼ੀਲ ਅਤੇ ਬਿਮਾਰੀ ਦੀ ਮਾਰ ਹੇਠ ਆ ਸਕਦੇ ਅਜਿਹੇ ਇਲਾਕਿਆਂ ਦੀ ਸ਼ਨਾਖਤ ਕਰਨ ਦੇ ਹੁਕਮ ਦਿੱਤੇ, ਜਿੱਥੇ ਗੰਦੇ ਪਾਣੀ ਕਾਰਨ ਬੀਮਾਰੀਆਂ ਫੈਲ ਸਕਦੀਆਂ ਹਨ। ਉਨ੍ਹਾਂ ਨੇ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਐਸ.ਡੀ.ਐਮਜ਼ ਨਾਲ ਤਾਲਮੇਲ ਕਰਕੇ, ਫੋਨ 'ਤੇ ਅਜਿਹੇ ਲੱਛਣਾਂ ਵਾਲੇ ਮਰੀਜ਼ਾਂ ਦੀ ਧਿਆਨ ਨਾਲ ਨਿਗਰਾਨੀ ਕਰਨ ਅਤੇ ਸਿਹਤ ਵਿਗੜਨ ਦੀ ਸੂਰਤ ਵਿੱਚ ਸਬੰਧਤ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣ ਵਿੱਚ ਮੱਦਦ ਕਰਨ ਤਾਂ ਜੋ ਕਿਸੇ ਮਰੀਜ਼ ਨੂੰ ਕਿਸੇ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਜਨ ਸਿਹਤ ਵਿਭਾਗ, ਪੰਚਾਇਤ ਵਿਭਾਗ ਅਤੇ ਈ.ਓਜ਼ ਨੂੰ ਜਲ ਸਪਲਾਈ ਸਕੀਮਾਂ ਦੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਮਨੁੱਖੀ ਵਰਤੋਂ ਲਈ ਯੋਗ ਹੋਣ ਦੇ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੰਦਿਆਂ, ਸਕੂਲਾਂ ਦੀਆਂ ਪਾਣੀ ਦੀਆਂ ਟੂਟੀਆਂ ਦੀ ਚੈਕਿੰਗ ਪਹਿਲ ਦੇ ਆਧਾਰ 'ਤੇ ਕਰਨ ਲਈ ਵੀ ਜ਼ੋਰ ਦਿੱਤਾ। ਉਨ੍ਹਾਂ ਸਮੂਹ ਬਲਾਕਾਂ, ਸੀ.ਐਚ.ਸੀਜ਼ ਅਤੇ ਜ਼ਿਲ੍ਹਾ ਹਸਪਤਾਲ ਦੇ ਐਸ.ਐਮ.ਓਜ਼ ਨੂੰ ਕਿਹਾ ਕਿ ਉਹ ਡਾਇਰੀਆ ਦੀਆਂ ਸ਼ਿਕਾਇਤਾਂ ਲੈ ਕੇ ਉਨ੍ਹਾਂ ਕੋਲ ਆਉਣ ਵਾਲੇ ਮਰੀਜ਼ਾਂ ਦਾ ਧਿਆਨ ਰੱਖਣ ਤਾਂ ਜੋ ਬਿਨਾਂ ਕਿਸੇ ਰੁਕਾਵਟ ਦੇ ਇਲਾਜ ਮੁੱਹਈਆ ਕਰਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ.0ਮਹੇਸ਼ ਕੁਮਾਰ ਆਹੂਜਾ ਨੂੰ ਕਿਹਾ ਕਿ ਉਹ ਬੀ.ਡੀ.ਪੀ.ਓਜ਼, ਈ.ਓਜ਼ ਅਤੇ ਜਨ ਸਿਹਤ ਅਧਿਕਾਰੀਆਂ ਦੇ ਸਹਿਯੋਗ ਨਾਲ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਸਬੰਧੀ ਸਹੀ ਸੇਧ ਦੇ ਕੇ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ 100 ਫੀਸਦੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਡਾਇਰੀਆ ਅਤੇ ਹੈਜ਼ੇ ਦਾ ਮੁੱਖ ਸਰੋਤ ਦੂਸ਼ਿਤ ਪਾਣੀ ਹੈ ਅਤੇ ਉਲਟੀਆਂ, ਦਸਤ, ਪੇਟ ਦਰਦ ਦੇ ਹਲਕੇ ਲੱਛਣਾਂ ਦੀ ਸਥਿਤੀ ਵਿੱਚ ਵੀ ਲੋਕਾਂ ਨੂੰ ਹੋਰ ਸਰੋਤਾਂ ਤੋਂ ਪਾਣੀ ਦੀ ਵਰਤੋਂ ਕਰਨ ਬਾਰੇ ਜਾਗਰੂਕ ਕਰਨਾ ਸਾਡਾ ਮੁੱਖ ਫਰਜ਼ ਹੈ। ਇਸੇ ਤਰ੍ਹਾਂ, ਇਹਨਾਂ ਲੱਛਣਾਂ ਦੀ ਸਥਿਤੀ ਵਿੱਚ, ਉਹਨਾਂ ਨੂੰ ਤੁਰੰਤ ਆਪਣੇ ਨੇੜੇ ਦੇ ਡਾਕਟਰ ਜਾਂ ਹਸਪਤਾਲ ਨਾਲ ਸੰਪਰਕ ਕਰਕੇ ਉਸਦੀ ਸਹੀ ਜਾਂਚ ਕਰਵਾਉਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਗੈਰ-ਦੂਸ਼ਿਤ ਸਪਲਾਈ ਪ੍ਰਦਾਨ ਕਰਨ ਲਈ ਸਾਡੇ ਕੋਲ ਪਾਣੀ ਦੇ ਟੈਂਕਰਾਂ ਦੀ ਕਾਫੀ ਗਿਣਤੀ ਹੈ ਅਤੇ ਲੋੜ ਪੈਣ 'ਤੇ ਅਸੀਂ ਬੋਤਲਬੰਦ ਪਾਣੀ ਵੀ ਸਪਲਾਈ ਕਰ ਸਕਦੇ ਹਾਂ। ਉਨ੍ਹਾਂ ਨੇ ਮੈਡੀਕਲ ਟੀਮਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦਾ ਪੂਰਾ ਧਿਆਨ ਰੱਖਣ ਅਤੇ ਫ਼ੋਨ ਤੇ ਫਾਲੋ-ਅਪ ਲਈ ਆਪਣੇ ਐਸ ਡੀ ਐਮਜ਼ ਨਾਲ ਰੋਜ਼ਾਨਾ ਵੇਰਵੇ ਸਾਂਝੇ ਕਰਨ।
ਸ਼ਾਮ ਨੂੰ ਹੋਈ ਇਸ ਮੀਟਿੰਗ ਵਿੱਚ ਏ ਡੀ ਸੀਜ਼ ਅਮਿਤ ਬੈਂਬੀ, ਦਮਨਜੀਤ ਸਿੰਘ ਮਾਨ, ਪਰਮਦੀਪ ਸਿੰਘ, ਐਸ ਡੀ ਐਮਜ਼ ਸਰਬਜੀਤ ਕੌਰ, ਰਵਿੰਦਰ ਸਿੰਘ, ਹਿਮਾਂਸ਼ੂ ਗੁਪਤਾ, ਡੀ ਡੀ ਪੀ ਓ ਅਮਰਿੰਦਰ ਸਿੰਘ ਚੌਹਾਨ, ਐਕਸੀਅਨ ਪਬਲਿਕ ਹੈਲਥ ਰਮਨਦੀਪ ਸਿੰਘ, ਈ ਓਜ਼, ਬੀ ਡੀ ਪੀ ਓਜ਼ ਅਤੇ ਐਸ ਐਮ ਓਜ਼ ਵੀ ਸ਼ਾਮਲ ਸਨ।
No comments:
Post a Comment