ਡੀ ਸੀ ਮੋਹਾਲੀ ਆਸ਼ਿਕਾ ਜੈਨ ਅਤੇ ਸੀ ਏ ਗਮਾਡਾ ਰਾਜੀਵ ਗੁਪਤਾ ਨੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ
ਐਸ.ਏ.ਐਸ.ਨਗਰ, 27 ਜੁਲਾਈ : ਸਰਕਾਰੀ ਸਿਹਤ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ, ਕੁਰਾਲੀ ਨੂੰ ਜਲਦੀ ਹੀ ਸੈਕੰਡਰੀ ਸਿਹਤ ਸੰਭਾਲ ਸੰਸਥਾ ਵਜੋਂ ਨਵਾਂ ਰੂਪ ਦਿੱਤਾ ਜਾਵੇਗਾ, ਇਹ ਗੱਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਵੱਕਾਰੀ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਮੌਕੇ ਕਹੀ। ਮੀਟਿੰਗ ਵਿੱਚ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਅਤੇ ਸਟੇਟ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਗਮਾਡਾ ਵੱਲੋਂ ਸ਼ੁਰੂ ਕੀਤਾ ਜਾਵੇਗਾ ਅਤੇ ਮੌਜੂਦਾ ਸੀ.ਐੱਚ.ਸੀ ਨੂੰ ਅੱਪਗ੍ਰੇਡ ਕਰਕੇ ਉੱਥੇ ਇੱਕ ਅਤਿ-ਆਧੁਨਿਕ ਸਿਹਤ ਸਹੂਲਤ ਸੰਸਥਾ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਨੇ ਸੀ.ਏ. ਗਮਾਡਾ ਰਾਜੀਵ ਗੁਪਤਾ ਅਤੇ ਮੀਟਿੰਗ ਵਿੱਚ ਹਾਜ਼ਰ ਸੀ.ਐੱਚ.ਸੀ. ਕੁਰਾਲੀ ਦੇ ਐਸ.ਐਮ.ਓ ਡਾਕਟਰ ਰਾਜਿੰਦਰ ਭੂਸ਼ਨ ਨਾਲ ਵੱਖ-ਵੱਖ ਮਾਡਿਊਲਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਅਪਗ੍ਰੇਡੇਸ਼ਨ ਯੋਜਨਾ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ।
ਇਸੇ ਤਰ੍ਹਾਂ ਮੁਹਾਲੀ ਵਿਖੇ ਅਤਿ ਆਧੁਨਿਕ ਪਬਲਿਕ ਲਾਇਬ੍ਰੇਰੀ ਸਥਾਪਤ ਕਰਨ ਦਾ ਕੰਮ ਵੀ ਜ਼ੋਰਾਂ ’ਤੇ ਹੈ ਅਤੇ ਢੁਕਵੀਂ ਥਾਂ ਦੀ ਪਛਾਣ ਹੋਣ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਜ਼ਮੀਨੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਉਸਨੇ ਸੀ ਏ ਗਮਾਡਾ ਨੂੰ ਲਾਇਬ੍ਰੇਰੀ ਦੀ ਉਸਾਰੀ ਲਈ 0.6 ਏਕੜ, ਜ਼ਮੀਨ ਦੇਣ ਲਈ ਬੇਨਤੀ ਕੀਤੀ।
ਇਸ ਤੋਂ ਇਲਾਵਾ ਮੋਹਾਲੀ ਵਿੱਚ ਟ੍ਰੈਫਿਕ ਜਾਮ ਨੂੰ ਦੂਰ ਕਰਨ ਲਈ ਸੱਤ ਨਵੇਂ ਗੋਲਚੱਕਰ (ਰੋਟਰੀਆਂ) ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਸਾਰਿਆਂ ਦੀ ਲੈਂਡਸਕੇਪਿੰਗ ਨੂੰ ਵੱਖਰਾ ਰੱਖਿਆ ਜਾਵੇਗਾ, ਇਹ ਪ੍ਰਗਟਾਵਾ ਡੀਸੀ ਆਸ਼ਿਕਾ ਜੈਨ ਨੇ ਗਮਾਡਾ ਦੇ ਮੁਖੀ ਰਾਜੀਵ ਗੁਪਤਾ ਅਤੇ ਟਰੈਫਿਕ ਸਲਾਹਕਾਰ ਡਾ: ਨਵਦੀਪ ਅਸੀਜਾ ਨਾਲ ਗੱਲਬਾਤ ਕਰਦਿਆਂ ਕੀਤਾ। ਇਸੇ ਤਰ੍ਹਾਂ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਟ੍ਰੈਫਿਕ ਦੀ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦਿਆਂ ਸਟੇਟ ਟਰੈਫਿਕ ਸਲਾਹਕਾਰ ਡਾ: ਨਵਦੀਪ ਅਸੀਜਾ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਗੇ ਵਧਣ ਦਾ ਫੈਸਲਾ ਕੀਤਾ ਗਿਆ। ਗਮਾਡਾ ਮੁਖੀ ਸ੍ਰੀ ਗੁਪਤਾ ਨੇ ਦੱਸਿਆ ਕਿ ਗਮਾਡਾ ਵੱਲੋਂ ਜ਼ਿਲ੍ਹਾ ਪੁਲੀਸ ਦੀ ਮਦਦ ਵਜੋਂ ਮੋਹਾਲੀ ਸ਼ਹਿਰ ਵਿੱਚ ਟਰੈਫਿਕ ਨੂੰ ਨਿਯਮਤ ਕਰਨ ਲਈ ਸੇਵਾਵਾਂ ਦੇਣ ਲਈ ਲਗਭਗ 50 ਟਰੈਫਿਕ ਮਾਰਸ਼ਲਾਂ ਦੀ ਇੱਕ ਸਾਲ ਲਈ ਤਾਇਨਾਤੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਹਵਾਈ ਅੱਡੇ ਤੱਕ ਸਭ ਤੋਂ ਛੋਟੇ ਰੂਟ ਦੇ ਨਿਰਮਾਣ ਦੀ ਕਾਰਜ ਯੋਜਨਾ ਨੂੰ ਤੇਜ਼ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਮੋਹਾਲੀ ਨੂੰ ਹੜ੍ਹਾਂ ਤੋਂ ਸੁਰੱਖਿਅਤ ਰੱਖਣ ਲਈ ਹਾਈਡ੍ਰੋਲੋਜੀਕਲ ਸਰਵੇ ਕਰਵਾਉਣ ਦੀ ਤਜਵੀਜ਼ ਹੈ। ਇਸ ਬਾਰੇ ਆਈ ਆਈ ਟੀ ਹੈਦਰਾਬਾਦ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਸ਼ਹਿਰ ਦੀਆਂ ਸੈਨੀਟੇਸ਼ਨ ਸਮੱਸਿਆਵਾਂ 'ਤੇ ਚਰਚਾ ਕਰਦਿਆਂ ਏਰੋਸਿਟੀ ਅਤੇ ਗੈਰ-ਕਾਰਪੋਰੇਸ਼ਨ ਖੇਤਰਾਂ ਨੂੰ ਸਵੱਛਤਾ ਦੇ ਉਦੇਸ਼ਾਂ ਲਈ ਨਗਰ ਨਿਗਮ ਮੋਹਾਲੀ ਨਾਲ ਕਲੱਬ ਕਰਨ ਦੀ ਯੋਜਨਾ ਬਣਾਈ ਗਈ।
ਪੁਲੀਸ ਅਤੇ ਜੁਡੀਸ਼ੀਅਲ ਅਧਿਕਾਰੀਆਂ ਲਈ ਰਿਹਾਇਸ਼ੀ ਕੰਪਲੈਕਸ ਬਣਾਉਣ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਗਿਆ ਕਿ ਸੈਕਟਰ 90 ਵਿੱਚ ਇਨ੍ਹਾਂ ਮੰਤਵਾਂ ਲਈ ਜ਼ਮੀਨ ਨਿਰਧਾਰਤ ਕੀਤੀ ਗਈ ਹੈ ਜਿੱਥੇ ਪੁਲੀਸ ਲਾਈਨ ਸਥਾਪਤ ਕਰਨ ਦੀ ਤਜਵੀਜ਼ ਵੀ ਵਿਚਾਰੀ ਜਾਵੇਗੀ। ਪੁਲਿਸ ਲਾਈਨ ਲਈ ਕੁੱਲ 11.41 ਏਕੜ ਜ਼ਮੀਨ ਰੱਖੀ ਗਈ ਹੈ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਵਿਦਿਆਰਥੀ ਹੋਸਟਲ ਸਥਾਪਤ ਕਰਨ ਲਈ, ਇਹ ਫੈਸਲਾ ਕੀਤਾ ਗਿਆ ਕਿ ਇਹ ਇੱਕ ਕੰਪਲੈਕਸ ਵਿੱਚ ਬਣਾਇਆ ਜਾਵੇਗਾ ਜਿੱਥੇ ਪੰਜਾਬ ਤਕਨੀਕੀ ਸਿੱਖਿਆ ਅਤੇ ਸਿਖਲਾਈ ਬੋਰਡ ਦੁਆਰਾ ਰਾਜ ਹੁਨਰ ਸਿਖਲਾਈ ਸੰਸਥਾ ਅਤੇ ਮਗਸੀਪਾ ਵਰਗੀ ਇੱਕ ਉੱਚ ਪੱਧਰੀ ਅਧਿਆਪਕ ਸਿਖਲਾਈ ਸੰਸਥਾ ਵੀ ਸਥਾਪਤ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਘੜੂੰਆਂ ਦੇ ਵਿਕਾਸ ਨੂੰ ਨਿਯਮਤ ਕਰਨ ਅਤੇ ਭਵਿੱਖ ਦੇ ਵਿਸਤਾਰ ਨੂੰ ਮੁੱਖ ਰੱਖਦਿਆਂ ਇਸ ਨੂੰ ਦੀਰਘਕਾਲੀ ਬਣਾਉਣ ਲਈ ਘੜੂੰਆਂ ਮਾਸਟਰ ਪਲਾਨ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਵਿੱਚ ਤੇਜ਼ੀ ਲਿਆਉਣ 'ਤੇ ਜ਼ੋਰ ਦਿੱਤਾ। ਟਰਾਂਜ਼ਿਟ ਰਿਹਾਇਸ਼ ਦੀ ਸਖ਼ਤ ਲੋੜ ਅਨੁਸਾਰ ਮੌਜੂਦਾ ਸਿਵਲ ਸਰਵਿਸਜ਼ ਕਲੱਬ ਨੂੰ ਸਰਕਟ ਹਾਊਸ ਵਿੱਚ ਤਬਦੀਲ ਕਰਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਤੋਂ ਇਲਾਵਾ ਮੀਟਿੰਗ ਦੌਰਾਨ ਏ.ਡੀ.ਸੀ (ਯੂ.ਡੀ.) ਦਮਨਜੀਤ ਸਿੰਘ ਮਾਨ ਅਤੇ ਗਮਾਡਾ ਅਤੇ ਹੋਰ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ, ਇਸ ਦੌਰਾਨ ਹੋਰ ਵਿਕਾਸ ਕਾਰਜਾਂ ਅਤੇ ਪ੍ਰੋਜੈਕਟਾਂ ਨਾਲ ਸਬੰਧਤ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।
No comments:
Post a Comment