ਮੋਹਾਲੀ, 3 ਜੁਲਾਈ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾੜੀ ਵਿੱਤੀ ਕਾਰਨ ਬੋਰਡ ਮੁਲਾਜ਼ਮਾਂ ਨੂੰ ਅੱਜ 3 ਜੂਨ 2023 ਤੱਕ ਜੂਨ ਮਹੀਨੇ ਦੀ ਤਨਖਾਹ ਅਤੇ ਰਿਟਾਇਰੀ ਮੁਲਾਜ਼ਮਾਂ ਨੂੰ ਪੈਨਸ਼ਨ ਜਾਰੀ ਨਹੀਂ ਹੋ ਸਕੀ। ਤਨਖਾਹ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵਿੱਤੀ ਹਾਲਤ ਐਨੀ ਨਿਘਰ ਚੁੱਕੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਅਤੇ ਰਿਟਾਇਰੀ ਮੁਲਾਜ਼ਮਾਂ ਨੂੰ ਪੈਨਸ਼ਨ ਜਾਰੀ ਨਹੀਂ ਹੋ ਸਕੀ। ਮਾੜੀ ਵਿੱਤੀ ਹਾਲਤ ਦੇ ਚਲਦਿਆਂ ਮੁਲਾਜ਼ਮਾਂ ਨੂੰ ਮਈ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਵੀ ਲਗਭਗ 22 ਜੂਨ ਦੇ ਕਰੀਬ ਜਾਰੀ ਹੋ ਸਕੀ ਸੀ। ਉਨ੍ਹਾਂ ਦੱਸਿਆ ਕਿ ਬੋਰਡ ਦੇ ਐਨੇ ਮਾੜੇ ਵਿੱਤੀ ਹਾਲਤ ਇਤਿਹਾਸ ਪਹਿਲੀ ਵਾਰੀ ਹੋਏ ਹਨ।
ਉਨ੍ਹਾਂ ਕਿਹਾ ਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਬੋਰਡ ਕੋਲ ਇਮਾਨਦਾਰ ਚੇਅਰਮੈਨਾਂ ਦੀਆਂ ਸਾਰਥਿਕ ਨੀਤੀਆਂ ਵਜੋਂ ਬੋਰਡ ਦੀ ਵਿੱਤੀ ਹਾਲਤ ਐਨੀ ਮਜ਼ਬੂਤ ਸੀ ਕਿ ਬੋਰਡ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਪੈਨਸ਼ਨਾਂ ਅਤੇ ਹੋਰ ਖਰਚੇ ਕਰਨ ਉਪਰੰਤ ਵੀ ਕਰੋੜਾਂ ਰੁਪਏ ਦੀਆਂ ਐਫ. ਡੀਜ਼ ਸਨ ਅਤੇ ਪੈਨਸ਼ਨ ਵੰਡ ਵਿੱਚ ਵੀ ਕਰੋੜਾਂ ਰੁਪਏ ਦੀਆਂ ਐਫ. ਡੀਜ਼ ਵੱਖਰੇ ਤੌਰ ’ਤੇ ਰਾਖਵੀਂਆਂ ਸੀ। ਪਰੰਤੂ ਸਰਕਾਰ ਵਿੱਚ ਪਿਛਲੇ ਸਮੇਂ ਦੌਰਾਨ ਸੱਤਾਂ ਵਿੱਚ ਰਹੀਆਂ ਰਾਜਨੀਤਕ ਪਾਰਟੀਆਂ ਅਕਾਲੀ/ਕਾਂਗਰਸੀ ਦੀਆਂ ਗਲਤ ਨੀਤੀਆਂ ਅਤੇ ਉਸ ਸਮੇਂ ਦੀਆਂ ਸਰਕਾਰਾਂ ਵੱਲੋਂ ਲਗਾਏ ਲਾਲਚੀ ਚੇਅਰਮੈਨਾਂ ਵੱਲੋਂ ਕੀਤੇ ਗਏ ਬੇਲੋੜੇ ਖਰਚੇ ਕੀਤੇ ਗਏ ਅਤੇ ਬੋਰਡ ਦੀ ਆਰਥਿਕ ਪੱਖੋ ਲੁੱਟ ਕੀਤੀ ਗਈ ਜਿਸ ਦੇ ਚਲਦਿਆਂ ਬੋਰਡ ਦੇ ਅੱਜ ਇਹ ਹਾਲਾਤ ਬਣ ਗਏ ਹਨ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਕਰਨੀਆਂ ਵੀ ਔਖੀਆਂ ਹੋ ਗਈਆਂ ਹਨ।
ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਬੋਰਡ ਮੈਨੇਜਮੈਂਟ ਨਾਲ ਤਨਖਾਹ ਅਤੇ ਪੈਨਸ਼ਨ ਦੇ ਮੁੱਦੇ ਤੇ ਮੀਟਿੰਗ ਕਰਕੇ ਮੰਗ ਕੀਤੀ ਕਿ ਸਮਾਜਿਕ ਨਿਆਂ ਅਧਿਕਾਰਤਾ, ਘੱਟ ਗਿਣਤੀ ਤੇ ਭਲਾਈ ਵਿਭਾਗ ਨੂੰ ਸਪਲਾਈ ਕੀਤੀਆਂ ਪਾਠ ਪੁਸਤਕਾਂ ਦੀ ਬਣਦੀ ਲੈਣਯੋਗ ਰਾਸ਼ੀ ਤੁਰੰਤ ਰਿਲੀਜ਼ ਕਰਵਾਈ ਜਾਵੇ। ਬੋਰਡ ਮੈਨਜਮੈਂਟ ਵੱਲੋਂ ਜਥੇਬੰਦੀ ਦੀ ਮੰਗ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਬੋਰਡ ਨੂੰ ਬਣਦੀ ਰਾਸ਼ੀ ਜਾਰੀ ਕਰਵਾਉਣ ਲਈ ਕਿਹਾ ਗਿਆ। ਬੋਰਡ ਮੈਨਜਮੈਂਟ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਜਥੇਬੰਦੀ ਵੱਲੋਂ ਪਿਛਲੇ ਕੁਝ ਸਮੇਂ ਤੋਂ ਆਪਣੇ ਪੱਧਰ ਤੇ ਵਿੱਤੀ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਬੋਰਡ ਦੀ ਲੈਣਯੋਗ ਰਾਸ਼ੀ ਜਾਰੀ ਕਰਵਾਉਣ ਲਈ ਯਤਨ ਕੀਤੇ ਗਏ ਜਿਸ ਦੇ ਚਲਦਿਆਂ ਸਰਕਾਰ ਵੱਲੋਂ ਬੋਰਡ ਨੂੰ 40+25 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਵਿੱਚ ਸਮੇਂ ਸਿਰ ਤਨਖਾਹ ਅਤੇ ਪੈਨਸ਼ਨ ਜਾਰੀ ਨਾ ਹੋਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਤਨਖਾਹ ਅਤੇ ਪੈਨਸ਼ਨ ਜਾਰੀ ਨਾ ਹੋਈ ਤਾਂ ਜਥੇਬੰਦੀ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ।


No comments:
Post a Comment