‘ਇਸ ਫੈਸਲੇ ਨਾਲ ਘਾਟੇ ਦਾ ਧੰਦਾ ਬਣੀ ਹੋਈ ਖੇਤੀ ਵਿਚ ਹੋਰ ਵੀ ਨਿਗਾਰ ਆਵੇਗਾ’
ਮੋਹਾਲੀ, 14 ਸਤੰਬਰ : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਬਾਸਮਤੀ ਦੀ ਬਰਾਮਦ ਉੱਤੇ 1200 ਡਾਲਰ ਪ੍ਰਤੀ ਟਨ ਦੀ ਘੱਟੋ ਘੱਟ ਕੀਮਤ ਦੀ ਲਾਈ ਗਈ ਸ਼ਰਤ ਤੁਰੰਤ ਵਾਪਸ ਲਵੇ ਕਿਉਂਕਿ ਇਸ ਨਾਲ ਪਹਿਲਾਂ ਹੀ ਘਾਟੇ ਦਾ ਧੰਦਾ ਬਣੀ ਹੋਈ ਖੇਤੀ ਵਿਚ ਹੋਰ ਵੀ ਨਿਗਾਰ ਆ ਜਾਵੇਗਾ।
ਸ਼੍ਰੀ ਸਿੱਧੂ ਨੇ ਅੱਜ ਇਥੋਂ ਜਾਰੀ ਆਪਣੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਈ ਗਈ ਇਸ ਸ਼ਰਤ ਕਾਰਨ ਪਿਛਲੇ ਦਿਨੀ ਟਰਕੀ ਦੇ ਸ਼ਹਿਰ ਇੰਸਤਾਬੁਲ ਵਿਚ ਹੋਏ ਵਿਸ਼ਵ ਖ਼ੁਰਾਕ ਨੁਮਾਇਸ਼ ਵਿਚ ਭਾਰਤੀ ਵਪਾਰੀਆਂ ਨੂੰ ਬਾਸਮਤੀ ਦਾ ਇਕ ਵੀ ਨਵਾਂ ਆਰਡਰ ਨਹੀਂ ਮਿਲਿਆ।ਉਹਨਾਂ ਕਿਹਾ ਕਿ ਬਾਸਮਤੀ ਖਰੀਦਣ ਵਾਲੇ ਕੌਮਾਂਤਰੀ ਵਪਾਰੀਆਂ ਨੇ ਪਾਕਿਸਤਾਨ, ਅਮਰੀਕਾ ਅਤੇ ਕਈ ਹੋਰ ਮੁਲਕਾਂ ਤੋਂ ਮਿਲ ਰਹੇ ਸਸਤੇ ਬਾਸਮਤੀ ਚਾਵਲ ਖਰੀਦਣ ਨੂੰ ਤਰਜੀਹ ਦਿੱਤੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਜੇ ਵਪਾਰੀਆਂ ਨੂੰ ਬਾਸਮਤੀ ਬਰਾਮਦ ਦੇ ਆਰਡਰ ਹੀ ਨਹੀਂ ਮਿਲ ਰਹੇ ਤਾਂ ਬਿਲਕੁਲ ਸਪਸ਼ਟ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਮੁਲਕ ਵਿਚ ਬਾਸਮਤੀ ਦੀਆਂ ਕੀਮਤਾਂ ਡਿੱਗਣਗੀਆਂ।ਉਹਨਾਂ ਕਿਹਾ ਕਿ ਇਸ ਦਾ ਸਭ ਤੋਂ ਮਾੜਾ ਅਸਰ ਬਾਸਮਤੀ ਪੈਦਾ ਕਰਨ ਵਾਲੇ ਪੰਜਾਬ ਦੇ ਸਰਹੱਦੀ ਜ਼ਿਲਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਕਿਸਾਨਾਂ ਉੱਤੇ ਪਵੇਗਾ।ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਤੋਂ ਬਿਨਾਂ ਹਰਿਆਣਾ ਦੇ ਹਜ਼ਾਰਾਂ ਉਹਨਾਂ ਕਿਸਾਨਾਂ ਨੂੰ ਘਾਟਾ ਪਵੇਗਾ ਜਿਹੜੇ ਬਾਸਮਤੀ ਦੀ ਕਾਸ਼ਤ ਕਰਦੇ ਹਨ।ਉਹਨਾਂ ਕਿਹਾ ਕਿ ਸਰਕਾਰ ਦੇ ਇਸ ਨੁਕਸਦਾਰ ਫੈਸਲੇ ਨਾਲ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਅਤੇ ਬਾਸਮਤੀ ਚਾਵਲ ਨਾਲ ਜੁੜੇ ਵਪਾਰੀਆਂ ਅਤੇ ਸਨਅਤਕਾਰਾਂ ਨੂੰ ਵੀ ਘਾਟਾ ਪਵੇਗਾ।ਉਹਨਾਂ ਅੱਗੇ ਹੋਰ ਕਿਹਾ ਕਿ ਖੇਤੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੋਣ ਕਰਕੇ ਇਸ ਫੈਸਲੇ ਦਾ ਸੂਬੇ ਦੀ ਸਮੁੱਚੀ ਆਰਥਿਕਤਾ ਉੱਤੇ ਮਾੜਾ ਅਸਰ ਪਵੇਗਾ।
ਸ਼੍ਰੀ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਸਿਰਫ਼ ਬਹੁਕੌਮੀ ਕੰਪਨੀਆਂ ਜਾਂ ਜ਼ਮਾਂਖੋਰਾਂ ਨੂੰ ਫਾਇਦਾ ਹੋਵੇਗਾ ਜਿਹੜੇ ਹੁਣ ਡਿੱਗੀਆਂ ਕੀਮਤਾਂ ਉੱਤੇ ਬਾਸਮਤੀ ਖਰੀਦ ਕੇ ਭੰਡਾਰ ਕਰ ਲੈਣਗੇ ਅਤੇ ਬਾਅਦ ਵਿਚ ਮਹਿੰਗੇ ਭਾਅ ਉੱਤੇ ਵੇਚਣਗੇ।ਉਹਨਾਂ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਨਾਲ ਕਿਸਾਨਾਂ ਵਿਚ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਖ ਨੂੰ ਧੱਕਾ ਲੱਗੇਗਾ।
ਭਾਜਪਾ ਆਗੂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ ਅਤੇ ਕਾਰਖਾਨੇਦਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਬਾਸਮਤੀ ਬਰਾਮਦ ਉਤੇ ਲਾਈ ਗਈ ਘੱਟੋ-ਘੱਟ ਕੀਮਤ ਦੀ ਸ਼ਰਤ ਤੁਰੰਤ ਹਟਾਵੇ।
No comments:
Post a Comment