ਐੱਸ.ਏ.ਐੱਸ. ਨਗਰ, 17 ਸਤੰਬਰ : ਸਵੱਛਤਾ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਪੁਲਾਂਘ ਪੁੱਟਦੇ ਹੋਏ, ਨਗਰ ਨਿਗਮ ਐੱਸ.ਏ.ਐੱਸ. ਨਗਰ (ਮੋਹਾਲੀ) ਵੱਲੋਂ ਕਮਿਸ਼ਨਰ ਨਵਜੋਤ ਕੌਰ ਦੀ ਅਗਵਾਈ ਵਿੱਚ ਸੀ ਪੀ 67 ਮਾਲ ਵਿਖੇ ਇੰਡੀਅਨ ਸਵੱਛਤਾ ਲੀਗ 2.0 ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਵਿੱਚ ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਮੋਹਾਲੀ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਸਹਿਯੋਗ ਕਰਦਿਆਂ ਸਵੱਛਤਾ ਦਾ ਸੁਨੇਹਾ ਦਿੱਤਾ। ਇਸ ਤੋਂ ਇਲਾਵਾ 500 ਦੇ ਕਰੀਬ ਇਲਾਕਾ ਨਿਵਾਸੀ ਵੀ ਇਸ ਨੇਕ ਕਾਰਜ ਵਿੱਚ ਸ਼ਾਮਿਲ ਹੋਏ।
ਆਈ ਐਸ ਐਲ 2.0 ਲਈ ਟੀਮ ਲੋਗੋ ਅਤੇ ਸਿਟੀ ਟੀਮ ਦਾ ਨਾਮ ਸੀਨੀਅਰ ਡਿਪਟੀ ਮੇਅਰ, ਅਮਰੀਕ ਸਿੰਘ ਸੋਮਲ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਨਗਰ ਨਿਗਮ ਦੇ ਹੋਰ ਅਧਿਕਾਰੀਆਂ ਅਤੇ ਨਗਰ ਨਿਗਮ ਕੌਂਸਲਰਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ।
ਇਸ ਸਮਾਗਮ ਵਿੱਚ ਇੱਕ ਦਿਲਚਸਪ ਫਲੈਸ਼ ਮੋਬ ਦਿਖਾਇਆ ਗਿਆ, ਜਿੱਥੇ ਨਗਰ ਨਿਗਮ, ਮੋਹਾਲੀ ਨੇ ਮੋਹਾਲੀ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਦਰਸ਼ਕਾਂ ਨੂੰ ਇੱਕ ਪ੍ਰਭਾਵਸ਼ਾਲੀ ਸੁਨੇਹਾ ਦਿੱਤਾ। ਈਵੈਂਟ ਦਾ ਨਾਅਰਾ, "ਕਲੀਨ ਸਿਟੀ, ਗ੍ਰੀਨ ਸਿਟੀ, ਆਓ ਮੋਹਾਲੀ ਨੂੰ ਆਪਣੇ ਸੁਪਨਿਆਂ ਦਾ ਸ਼ਹਿਰ ਬਣਾਈਏ" ਅਤੇ ਟੀਮ ਦਾ ਨਾਮ "ਮੋਹਾਲੀ ਈਕੋ ਵਾਰੀਅਰਜ਼", ਇੱਕ ਬਿਹਤਰ ਭਵਿੱਖ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਨੂੰ ਹੋਰ ਮਜ਼ਬੂਤ ਕਰਦਾ ਹੋਇਆ ਸਾਰੇ ਹਾਜ਼ਰੀਨ ਦੀ ਇੱਕਸੁਰ ਆਵਾਜ਼ ਨਾਲ ਗੂੰਜਿਆ।
ਇਸ ਸਮਾਗਮ ਦੀ ਵਿਸ਼ੇਸ਼ਤਾ ਮੋਹਾਲੀ ਸਵੱਛ ਭਾਰਤ ਅੰਬੈਸਡਰ, ਗਾਇਕ ਰਵੀ ਬਲ ਦੀ ਵਿਸ਼ੇਸ਼ ਹਾਜ਼ਰੀ ਅਤੇ ਪ੍ਰਦਰਸ਼ਨ ਸੀ, ਜੋ ਸਵੱਛਤਾ ਗੀਤ "ਚਰਚੇ ਮੋਹਾਲੀ ਸ਼ਹਿਰ ਦੇ" ਦੇ ਸੰਗੀਤਕਾਰ ਅਤੇ ਗਾਇਕ ਵੀ ਹਨ।
ਸਮਾਗਮ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਸਰਗਰਮੀ ਨਾਲ ਹਿੱਸਾ ਲੈਣ ਕਾਰਨ ਮਾਹੌਲ ਜੋਸ਼ ਵਾਲਾ ਸੀ। ਹਰ ਵਰਗ ਦੇ ਲੋਕ ਇਸ ਕਾਰਜ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਅਤੇ ਮੋਹਾਲੀ ਨੂੰ ਹਰ ਇੱਕ ਲਈ ਬਿਹਤਰ ਰਹਿਣ ਸਥਾਨ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਵਾਅਦਾ ਕੀਤਾ।
ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਇਹ ਸਮਾਗਮ ਮੋਹਾਲੀ ਨਗਰ ਨਿਗਮ ਦੀ ਵਾਤਾਵਰਣ ਦੀ ਸੰਭਾਲ ਲਈ ਸਾਰੇ ਮੋਹਾਲੀ ਵਾਸੀਆਂ ਨੂੰ ਇਕੱਠੇ ਕਰਨ ਦੀ ਵਚਨਬੱਧਤਾ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਆਪਣਾ ਸਹਿਯੋਗ ਦੇਣ ਲਈ, QR ਕੋਡ ਨੂੰ ਸਕੈਨ ਕਰ ਸਕਦਾ ਹੈ ਜਾਂ ਸ਼ਹਿਰ ਦੀ ਟੀਮ ਲਈ ਅਧਿਕਾਰਤ My Gov ਐਪ ਤੋਂ ਰਜਿਸਟਰ ਹੋ ਸਕਦਾ ਹੈ।
No comments:
Post a Comment