ਕੁਰਾਲੀ, 17 ਸਤੰਬਰ : ਸੈਰ ਸਪਾਟਾ, ਸਭਿਆਚਾਰਕ ਮਾਮਲੇ, ਕਿਰਤ ਵਿਭਾਗ, ਨਿਵੇਸ਼ ਪ੍ਰੋਤਸਾਹਨ ਅਤੇ ਮੇਜ਼ਬਾਨੀ ਵਿਭਾਗਾਂ ਦੇ ਮੰਤਰੀ, ਅਨਮੋਲ ਗਗਨ ਮਾਨ ਨੇ ਅੱਜ ਖਿਜ਼ਰਾਬਾਦ ਦੇ ਛਿੰਝ ਮੇਲੇ ਚ ਸ਼ਮੂਲੀਅਤ ਕਰਨ ਮੌਕੇ ਆਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਅਮੀਰ ਵਿਰਸੇ ਅਤੇ ਸਭਿਆਚਾਰ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਛਿੰਝਾਂ ਸਾਡੇ ਪੁਰਾਤਨ ਮੱਲ ਅਖਾੜਿਆਂ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰ ਰਹੀਆਂ ਹਨ ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਆਪਣੇ ਪੁਰਾਣੇ ਵਿਰਸੇ ਅਤੇ ਸਭਿਆਚਾਰ ਨੂੰ ਚਿਰ ਸਦੀਵੀ ਬਣਾਈ ਰੱਖਣ ਦਾ ਜਜ਼ਬਾ ਪੀੜ੍ਹੀ ਦਰ ਪੀੜ੍ਹੀ ਚਲਦਾ ਆ ਰਿਹਾ ਹੈ।
ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਭਿਆਚਾਰ ਅਤੇ ਵਿਰਾਸਤ ਨੂੰ ਹੋ ਅੱਗੇ ਲਿਜਾਣ ਲਈ ਬੀਤੇ ਦਿਨੀਂ ਕਰਵਾਇਆ ਗਿਆ ਸੂਬੇ ਦਾ ਪਹਿਲਾ ਸੈਰ ਸਪਾਟਾ ਸੰਮੇਲਨ ਅਤੇ ਟਰੈਵਲ ਮਾਰਟ ਇਸੇ ਸੋਚ ਦਾ ਨਤੀਜਾ ਸੀ ਕਿ ਅਸੀਂ ਆਪਣੇ ਅਮੀਰ ਸਭਿਆਚਾਰ ਤੋਂ ਦੇਸ਼ ਦੁਨੀਆਂ ਦੇ ਲੋਕਾਂ ਨੂੰ ਵੀ ਜਾਣੂੰ ਕਰਵਾਈਏ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟਾ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ ਹਰ ਜ਼ਿਲ੍ਹੇ ਦੀ ਵਿਰਾਸਤ ਅਤੇ ਇਤਿਹਾਸ ਨੂੰ ਮੁੱਖ ਰੱਖ ਕੇ ਮੇਲੇ ਲਾਏ ਜਾ ਰਹੇ ਹਨ, ਉੱਥੇ ਪੰਜਾਬ ਚ ਰੋਮਾਂਚਕਾਰੀ ਤੇ ਪਾਣੀਆਂ ਦੇ ਸੋਮਿਆਂ ਨਾਲ ਸਬੰਧਤ ਸੈਰ ਸਪਾਟਾ ਥਾਵਾਂ ਨੂੰ ਵੀ ਵਿਸ਼ੇਸ਼ ਤੌਰ ਤੇ ਵਿਕਸਿਤ ਕੀਤਾ ਜਾ ਰਿਹਾ ਹੈ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜੁਆਨਾਂ ਅਤੇ ਸਕੂਲੀ ਵਿਦਿਆਰਥੀਆਂ ਚ ਖੇਡ ਭਾਵਨਾ ਨੂੰ ਪ੍ਰਚੰਡ ਕਰਨ ਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਸੂਬੇ ਅਤੇ ਦੇਸ਼ ਲਈ ਮੱਲਾਂ ਮਾਰਨ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸੂਬੇ ਚ ਲਗਾਤਾਰ ਦੂਸਰੇ ਸਾਲ 'ਖੇਡਾਂ ਵਤਨ ਪੰਜਾਬ ਦੀਆਂ' ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ 14 ਸਾਲ ਤੋਂ ਲੈ ਕੇ 65 ਸਾਲ ਤੋਂ ਵਧੇਰੇ ਉਮਰ ਵਰਗ ਤੱਕ ਦੇ ਖਿਡਾਰੀਆਂ ਨੂੰ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਦੇ ਮੁਕਾਬਲਿਆਂ ਚ ਹਿੱਸਾ ਲੈਣ ਦਾ ਮੌਕਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚਿਤਵਿਆ ਰੰਗਲਾ ਪੰਜਾਬ, ਸੂਬੇ ਦੇ ਲੋਕਾਂ ਨੂੰ ਅਜਿਹਾ ਸੁਖਦ ਅਹਿਸਾਸ ਕਰਵਾਉਣਾ ਹੈ ਕਿ ਪੰਜਾਬ ਦਾ ਹਰ ਬਾਸ਼ਿੰਦਾ ਖੁਸ਼ਹਾਲ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਦੇ ਯਤਨਾਂ ਚ ਆਪਣਾ ਸਹਿਯੋਗ ਦੇ ਕੇ, ਸਰਕਾਰ ਦੇ ਇਰਾਦਿਆਂ ਅਤੇ ਉਦੇਸ਼ਾਂ ਨੂੰ ਤਾਕਤ ਬਖਸ਼ਣ।
ਉਨ੍ਹਾਂ ਭਰੋਸਾ ਦਿਵਾਇਆ ਕਿ ਜਿਨ੍ਹਾਂ ਆਸਾਂ ਅਤੇ ਉਮੀਦਾਂ ਨੂੰ ਲੈ ਕੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣਾਈ ਹੈ, ਸਰਕਾਰ ਪੂਰੀ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਉਨ੍ਹਾਂ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਉਨ੍ਹਾਂ ਨੇ ਝੰਡੀ ਦੀ ਕੁਸ਼ਤੀ ਜਿੱਤਣ ਵਾਲੇ ਭਲਵਾਨਾਂ ਨੂੰ ਛਿੰਝ ਕਮੇਟੀ ਵੱਲੋਂ ਇਨਾਮਾਂ ਦੀ ਵੰਡ ਵੀ ਕੀਤੀ ਅਤੇ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰ ਨੂੰ ਘੋਲਾਂ ਰਾਹੀਂ ਜਿਉਂਦਾ ਰੱਖਣ ਤੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।
ਕੈਬਿਨਟ ਮੰਤਰੀ ਨੇ ਇਸ ਮੌਕੇ ਖਿਜ਼ਰਾਬਾਦ, ਠਾਣਾ ਗੋਬਿੰਦਗੜ੍ਹ, ਸਲੇਮਪੁਰ ਕਲਾਂ, ਬੰਨ੍ਹ ਮਾਜਰਾ ਦੀ ਸੰਪਰਕ ਸੜ੍ਹਕ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਅਤੇ ਖਿਜ਼ਰਾਬਾਦ ਤੋਂ ਮੀਆਂਪੁਰ ਚੰਗਰ ਸੜ੍ਹਕ ਦਾ ਚੱਲ ਰਿਹਾ ਕੰਮ ਜਲਦ ਮੁਕੰਮਲ ਕਰਵਾਉਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਐਸ ਡੀ ਐਮ ਖਰੜ ਰਵਿੰਦਰ ਸਿੰਘ, ਡੀ ਐਸ ਪੀ ਧਰਮਵੀਰ ਸਿੰਘ ਤੋਂ ਇਲਾਵਾ ਛਿੰਝ ਕਮੇਟੀ ਦੇ ਪ੍ਰਧਾਨ ਸਤਨਾਮ ਕੰਗ ਸੱਤਾ ਤੇ ਸਰਪੰਚ ਗੁਰਿੰਦਰ ਸਿੰਘ ਵੀ ਮੌਜੂਦ ਸਨ। ਇਸ ਛਿੰਝ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਨਾਮਵਰ ਭਲਵਾਨਾਂ ਨੇ ਹਿੱਸਾ ਲਿਆ।
No comments:
Post a Comment