''ਲੋਕ ਗੀਤਾਂ ਦਾ ਗੁਲਦਸਤਾ'' ਨਾਲ ਮਹਿਕਿਆ ਪੰਜਾਬ ਟੂਰਿਜ਼ਮ ਸਮਿਟ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ : ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸੈਰ ਸਪਾਟੇ ਨੂੰ ਵਿਆਪਕ ਪੱਧਰ 'ਤੇ ਉਤਸ਼ਾਹਤ ਕਰਨ ਲਈ ਕਰਵਾਏ ਜਾ ਰਹੇ ਟੂਰਿਜ਼ਮ ਫੈਸਟ ਤੇ ਟਰੈਵਲ ਮਾਰਟ ਦੀ ਸੱਭਿਆਚਾਰਕ ਸ਼ਾਮ ਦੌਰਾਨ ਐਮਿਟੀ ਯੂਨੀਵਰਸਿਟੀ ਦੇ ਔਡੀਟੋਰੀਅਮ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ "ਗੀਤਾਂ ਦਾ ਗੁਲਦਸਤਾ" ਸਿਰਲੇਖ ਹੇਠ ਵੱਖੋ-ਵੱਖ ਗੀਤ ਪੇਸ਼ ਕਰ ਕੇ ਫਿਜ਼ਾ ਨੂੰ ਸੱਭਿਆਚਾਰਕ ਮਹਿਕ ਦੇ ਨਾਲ ਸ਼ਰਸਾਰ ਕਰ ਦਿੱਤਾ।
ਇਸੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸੱਭਿਆਚਾਰਕ ਵੰਨਗੀਆਂ ਸੰਮੀ, ਝੂਮਰ ਤੇ ਲੁੱਡੀ ਨੇ ਦਰਸ਼ਕਾਂ ਨੂੰ ਕੀਲਿਆ। ਇਹਨਾਂ ਵਿਦਿਆਰਥੀਆਂ ਦੀ ਭੰਗੜੇ ਦੀ ਪੇਸ਼ਕਾਰੀ ਨੇ ਸਭ ਨੂੰ ਨੱਚਣ ਲਾ ਦਿੱਤਾ ਤੇ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ।
ਇਸ ਮੌਕੇ ਸੱਭਿਆਚਾਰ ਮੰਤਰੀ, ਪੰਜਾਬ, ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਨਾਲ ਪੰਜਾਬ, ਟੂਰਿਜ਼ਮ ਖੇਤਰ ਵਿੱਚ ਬੁਲੰਦੀਆਂ ਉੱਤੇ ਪੁੱਜੇਗਾ। ਉਨ੍ਹਾਂ ਨੇ ਸੱਭਿਆਚਾਰਕ ਸ਼ਾਮ ਵਿੱਚ ਪੇਸ਼ਕਾਰੀਆਂ ਕਰਨ ਵਾਲੇ ਕਲਾਕਾਰਾਂ ਦੀ ਭਰਵੀਂ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚਲੇ ਹਰ ਖੇਤਰ ਤੇ ਹਰ ਵਰਗ ਦੇ ਲੋਕਾਂ ਦੇ ਵਿਕਾਸ ਲਈ ਵਚਨਬੱਧ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿਚ ਹੁਨਰ ਬਹੁਤ ਹੈ। ਪੰਜਾਬ ਸਰਕਾਰ ਇਸ ਹੁਨਰ ਨੂੰ ਤਰਾਸ਼ਣ ਦੇ ਲਈ ਹਰ ਯੋਗ ਉਪਰਾਲਾ ਕਰ ਰਹੀ ਹੈ। ਉਭਰਦੇ ਕਲਾਕਾਰਾਂ ਨੂੰ ਵਧੀਆ ਮੰਚ ਦੀ ਲੋੜ ਹੁੰਦੀ ਹੈ ਤੇ ਪੰਜਾਬ ਸਰਕਾਰ ਉੱਭਰਦੇ ਕਲਾਕਾਰਾਂ ਨੂੰ ਉਹ ਮੰਚ ਮੁਹੱਈਆ ਕਰਵਾ ਰਹੀ ਹੈ। ਪੰਜਾਬ ਵਿੱਚ ਸੈਰ ਸਪਾਟਾ ਖੇਤਰ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਸੱਭਿਆਚਾਰਕ ਸ਼ਾਮ ਦੀ ਸ਼ੁਰੂਆਤ ਪ੍ਰੋਫੈਸਰ ਅਵਤਾਰ ਸਿੰਘ ਬੋਦਲ ਨੇ ਕਵਾਲੀ "ਨਿੱਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ" ਅਤੇ "ਅੱਜ ਹੋਣਾ ਦੀਦਾਰ ਮਾਹੀ ਦਾ" ਨਾਲ ਕੀਤੀ। ਡਾ. ਨਿਵੇਦਤਾ ਦੀ ਸੋਲੋ ਗੀਤ ਦੀ ਪੇਸ਼ਕਾਰੀ ਨੇ ਵੀ ਸਮਾਂ ਬੰਨ੍ਹਿਆ। ਇਸ ਮੌਕੇ ਮਸ਼ਹੂਰ ਅਦਾਕਾਰਾ ਤੇ ਪ੍ਰੀਜ਼ੈਂਟਰ ਸਤਿੰਦਰ ਸੱਤੀ ਨੇ ਮੰਚ ਸੰਚਾਲਨ ਬਾਖੂਬੀ ਕੀਤਾ।
ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਝੂਮਰ ਅਤੇ ਸੰਮੀ ਦੀ ਪੇਸ਼ਕਾਰੀ ਕੀਤੀ ਗਈ ਜਦਕਿ ਪੰਜਾਬ ਯੂਨੀਵਰਸਿਟੀ ਦੇ ਡੀ.ਏ.ਵੀ.ਕਾਲਜ ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਵਲੋਂ ਲੁੱਡੀ ਪੇਸ਼ ਕਰਕੇ ਦਰਸ਼ਕ ਮੰਤਰ ਮੁਗਧ ਕਰ ਦਿੱਤਾ।
ਲੁਧਿਆਣਾ ਕਾਲਜ ਗੱਭਰੂਆਂ ਨੇ ਅਖੀਰ ਵਿਚ ਭੰਗੜੇ ਨਾਲ ਸਾਰਾ ਹਾਲ ਨੱਚਣ ਲਗਾ ਦਿੱਤਾ।
ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਫਿਲਮ ਅਦਾਕਾਰ ਨਿਰਮਲ ਰਿਸ਼ੀ ਤੇ ਮਲਕੀਤ ਰੌਣੀ ਤੇ ਗੀਤਕਾਰ ਬਾਬੂ ਸਿੰਘ ਮਾਨ ਸਮੇਤ ਵੱਖੋ ਵੱਖੋ ਖੇਤਰਾਂ ਦੀਆਂ ਉੱਘੀਆਂ ਹਸਤੀਆਂ ਤੇ ਪਤਵੰਤਿਆਂ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਦੇ ਉਪਰਾਲੇ ਤੇ ਕਲਾਕਾਰਾਂ ਦੀ ਸ਼ਲਾਘਾ ਕੀਤੀ।
No comments:
Post a Comment