ਪਰਾਲੀ ਪ੍ਰਬੰਧਨ ਵੱਲ ਇੱਕ ਹੋਰ ਅਗਾਂਹਵਧੂ ਕਦਮ;
ਐੱਸ ਏ ਐੱਸ ਨਗਰ, 26 ਅਕਤੂਬਰ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜ ਕੇ ਬਦਲਵੇਂ ਪ੍ਰਬੰਧਾਂ ਰਾਹੀਂ ਇਸ ਦੀ ਸੰਭਾਲ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹਾ ਪ੍ਰਬਧਕੀ ਕੰਪਲੈਕਸ, ਐੱਸ ਏ ਐੱਸ ਨਗਰ, ਮੋਹਾਲੀ ਵਿਖੇ ਜ਼ਿਲੇ੍ਹ ਦੀਆਂ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਨੂੰ 80 ਫ਼ੀਸਦੀ ਉਪਦਾਨ ’ਤੇ 23 ਸਰਫ਼ੇਸ ਸੀਡਰ ਮਸ਼ੀਨਾਂ, ਕੰਬਾਇਨ ਰਾਹੀਂ ਵੱਢੇ ਝੋਨੇ ਦੇ ਖੇਤਾਂ ’ਚ ਵਿੱਚ ਕਣਕ ਦੀ ਬਿਜਾਈ ਲਈ ਮੁਹੱਈਆ ਕਰਵਾਈਆਂ ਗਈਆਂ।
ਉਨ੍ਹਾਂ ਦੱਸਿਆਂ ਕਿ ਇਸ ਜ਼ਿਲ੍ਹੇ ’ਚ 184 ਸਰਫ਼ੇਸ ਸੀਡਰ ਮਸ਼ੀਨਾਂ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਜੋ ਕਿ ਕਿਸਾਨਾਂ, ਕਿਸਾਨ ਗਰੁੱਪਾਂ, ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਪਾਸੋਂ ਪ੍ਰਾਪਤ ਅਰਜ਼ੀਆਂ ਦੇ ਅਨੁਰੂਪ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਕੀ ਦੀਆਂ ਮਸ਼ੀਨਾਂ ਵੀ ਜਲਦ ਹੀ ਕਿਸਾਨਾਂ ਤੱਕ ਪਹੁੰਚਦੀਆਂ ਕਰਵਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਆਪਣੀ ਪਰਾਲੀ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਬਿਜਾਈ ਦੀ ਸੌਖ ਵੀ ਹੋ ਸਕੇ।
ਇਸ ਮੌਕੇ ਮੌਜੁਦ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਸਰਫ਼ੇਸ ਸੀਡਰ ਮਸ਼ੀਨ ਹੋਰ ਮਸ਼ੀਨਾਂ ਨਾਲੋਂ ਵੱਖਰੀ ਕਿਸਮ ਦੀ ਇਸ ਲਈ ਹੈ ਕਿਉਂ ਕਿ ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੀ ਅਤੇ 1 ਘੰਟੇ ਵਿੱਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ। ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋ-ਨਾਲ ਝੋਨੇ ਦੇ ਵੱਢ ’ਚ ਖੜੇ੍ਹ ਕਰਚੇ (4-5 ਇੰਚ ਤੱਕ ਉੱਚੀਆਂ) ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ। ਕੱਟਿਆ ਹੋਇਆ ਪਰਾਲ ਬੀਜ ਨੂੰ ਢੱਕ ਲੈਂਦਾ ਹੈ ਜੋ ਕਿ ਬਾਅਦ ਵਿੱਚ ਮਲਚਿੰਗ ਦਾ ਕੰਮ ਕਰਦਾ ਹੈ, ਜਿਸ ਨਾਲ ਨਦੀਨ ਘੱਟ ਹੁੰਦੇ ਹਨ ਅਤੇ ਜ਼ਮੀਨ ਦਾ ਤਾਪਮਾਨ ਵੀ ਅਨੁਕੂਲ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਮੇ ਸਰਫ਼ੇਸ ਸੀਡਰ ਮਸ਼ੀਨ ਨੂੰ ਜ਼ਮੀਨ ਤੋ 4 ਤੋਂ 5 ਇੰਚ ਉੱਚਾ ਰੱਖ ਕੇ ਸਹੀ ਰਫਤਾਰ ’ਤੇ ਚਲਾਇਆ ਜਾਵੇ ਤਾਂ ਜੋ ਬੀਜ ਅਤੇ ਖਾਦ ਇਕਸਾਰ ਅਤੇ ਸਹੀ ਮਾਤਰਾ ਵਿੱਚ ਪੈ ਸਕੇ। ਇਹ ਮਸ਼ੀਨ ਸਰਕਾਰ ਵੱਲੋਂ ਵਿਅਕਤੀਗਤ ਕਿਸਾਨਾਂ ਨੂੰ 50 ਫ਼ੀਸਦੀ ਦੇ ਉਪਦਾਨ ਅਤੇ ਕਿਸਾਨ ਗੁਰੱਪਾਂ, ਸਹਿਕਾਰੀ ਸਭਾਵਾ ਅਤੇ ਪੰਚਾਇਤਾਂ ਨੂੰ 80 ਫ਼ੀਸਦੀ ਦੇ ਉਪਦਾਨ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਮਸ਼ੀਨ ਦੀ ਵੱਧ ਤੋ ਵੱਧ ਵਰਤੋਂ ਕਰਵਾਈ ਜਾਵੇ ਤਾਂ ਜੋ ਕਿਸਾਨ ਮਸ਼ੀਨ ਦਾ ਲਾਭ ਲੈ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਗੀਤਿਕਾ ਸਿੰਘ, ਜ਼ਿਲਾ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ, ਖੇਤੀਬਾੜੀ ਅਫਸਰ ਸੰਦੀਪ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਸ੍ਰੀਮਤੀ ਮਨਦੀਪ ਕੌਰ, ਗ੍ਰਾਮ ਪੰਚਾਇਤ ਬਦਰਪੁਰ, ਗ੍ਰਾਮ ਪੰਚਾਇਤ ਮਾਣਕ ਮਾਜਰਾ, ਗ੍ਰਾਮ ਪੰਚਾਇਤ ਮੁਲਾਂਪੁਰ ਗਰੀਬਦਾਸ ਅਤੇ ਗ੍ਰਾਮ ਪੰਚਾਇਤ ਬੈਰੋਂਪੁਰ ਦੇ ਪੰਚਾਇਤ ਮੈਂਬਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਇਸ ਦੇ ਪ੍ਰਬੰਧਨ ਲਈ ਆਪਣੇ ਆਲੇ ਦੁਆਲੇ ’ਚ ਮੌਜੂਦ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਉਪਲਬਧਤਾ ਲਈ ਜ਼ਿਲ੍ਹਾ ਪੱਧਰ ’ਤੇ ਕਾਇਮ ਹੈਲਪਲਾਈਨ ਨੰਬਰਾਂ 0172-2219505 ਤੇ 2219506 ’ਤੇ ਸੰਪਰਕ ਕਰਨ ਦੀ ਅਪੀਲ ਵੀ ਕੀਤੀ ਹੈ।
ਫ਼ੋਟੋ ਕੈਪਸ਼ਨ:
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੀਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਵੇਂ ਸਰਫ਼ੇਸ ਸੀਡਰ ਲਾਭਪਾਤਰੀਆਂ ਦੇ ਹਵਾਲੇ ਕਰਨ ਮੌਕੇ ਏ ਡੀ ਸੀ (ਦਿਹਾਤੀ ਵਿਕਾਸ) ਗੀਤਿਕਾ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਨਜ਼ਰ ਆ ਰਹੇ ਹਨ।
No comments:
Post a Comment