ਐੱਸ.ਏ.ਐੱਸ. ਨਗਰ, 25 ਅਕਤੂਬਰ :ਆਮ ਤੌਰ ਉੱਤੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਬਦਲੀ ਹੋਣ 'ਤੇ ਪਟਵਾਰੀਆਂ ਵੱਲੋਂ ਆਪਣੇ ਨਾਲ ਸਬੰਧਤ ਇੰਤਕਾਲਾਂ ਤੇ ਗਿਰਦਾਵਰੀਆਂ ਦਾ ਕੰਮ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ। ਇਸ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਹੀ ਬਕਾਇਆ ਕਾਰਜਭਾਰ ਵੀ ਵੱਧਦਾ ਜਾਂਦਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਉੱਤੇ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ। ਇਸ ਲਈ ਜ਼ਿਲ੍ਹੇ ਵਿਚਲੇ ਜਿਸ ਵੀ ਪਟਵਾਰੀ ਦੀ ਬਦਲੀ ਹੋਵੇ, ਉਹ ਇੰਤਕਾਲਾਂ ਤੇ ਗਿਰਦਾਵਰੀਆਂ ਦਾ ਬਕਾਇਆ ਕੰਮ ਖਤਮ ਕਰ ਕੇ ਹੀ ਚਾਰਜ ਛੱਡੇ।
ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਵਿਰਾਜ ਐੱਸ. ਤਿੜਕੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਕਾਇਆ ਇੰਤਕਾਲ ਜਲਦ ਤੋਂ ਜਲਦ ਕੀਤੇ ਜਾਣੇ ਯਕੀਨੀ ਬਣਾਏ ਜਾਣ ਤੇ ਮਾਲ ਵਿਭਾਗ ਦੇ ਅਧਿਕਾਰੀ ਸਮਾਂਬੱਧ ਢੰਗ ਨਾਲ ਆਪਣੀਆਂ ਪ੍ਰਗਤੀ ਰਿਪੋਰਟਾਂ ਦੇਣੀਆਂ ਯਕੀਨੀ ਬਨਾਉਣ। ਮਾਲ ਵਿਭਾਗ ਨਾਲ ਸਬੰਧਤ ਪੁਰਾਣੇ ਕੇਸ ਹਰ ਹਾਲ ਪ੍ਰਮੁੱਖਤਾ ਨਾਲ ਨਿਬੇੜੇ ਜਾਣ।
ਸ਼੍ਰੀ ਵਿਰਾਜ ਐੱਸ. ਤਿੜਕੇ ਨੇ ਕਿਹਾ ਨੇ ਸਵਾਮਿਤਵਾ ਸਕੀਮ ਤਹਿਤ ਪਿੰਡਾਂ ਵਿਚ ਮਕਾਨਾਂ ਦੀਆਂ ਰਜਿਸਟਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਕੰਮ ਸਬੰਧੀ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੁਣ ਤਕ ਜ਼ਿਲ੍ਹੇ ਦੇ 233 ਪਿੰਡਾਂ ਦਾ ਡ੍ਰੋਨ ਸਰਵੇਖਣ ਕਰ ਕੇ 155 ਪਿੰਡਾਂ ਦੇ ਨਕਸ਼ੇ ਜਾਰੀ ਹੋ ਚੁੱਕੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਨੇੜੇ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਮੱਦੇਨਜ਼ਰ ਨਵੇਂ ਸੇਵਾ ਕੇਂਦਰਾਂ ਦੀ ਸਥਾਪਤੀ ਸਬੰਧੀ ਕਾਰਵਾਈ ਤੇਜ਼ ਕੀਤੀ ਜਾਵੇ। ਉਹਨਾਂ ਨੇ ਉਪ ਮੰਡਲ ਮੈਜਿਸਟਰੇਟਸ ਨੂੰ ਇਸ ਬਾਬਤ ਲੋੜੀਂਦੀ ਕਾਰਵਾਈ ਲਈ ਹਦਾਇਤ ਕੀਤੀ। ਜ਼ਿਕਰਯੋਗ ਹੈ ਕਿ ਬਨੂੜ ਵਿਖੇ 3.058 ਕਰੋੜ ਦੀ ਲਾਗਤ ਨਾਲ ਸਬ ਤਹਿਸੀਲ ਦੀ ਇਮਾਰਤ ਦੀ ਉਸਾਰੀ ਕੀਤੀ ਜਾਣੀ ਹੈ। ਇਸੇ ਤਰ੍ਹਾਂ 50 ਲੱਖ ਨਾਲ ਮਾਜਰੀ ਤਹਿਸੀਲ ਦੀ ਇਮਾਰਤ, 50 ਲੱਖ ਨਾਲ ਜ਼ੀਰਕਪੁਰ ਤਹਿਸੀਲ ਦੀ ਇਮਾਰਤ ਤੇ ਕਰੀਬ 90 ਲੱਖ ਦੀ ਲਾਗਤ ਨਾਲ ਐੱਸ ਡੀ ਐਮ ਕੰਪਲੈਕਸ ਡੇਰਾਬੱਸੀ ਦੀ ਇਮਾਰਤ ਦੀ ਮੁਰੰਮਤ ਕੀਤੀ ਜਾਣੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਰੈਵੇਨਿਊ ਕੋਰਟਸ ਮੈਨੇਜਮੈਂਟ ਸਿਸਟਮ ਦੀ ਕਾਰਜਕੁਸ਼ਲਤਾ ਵਧਾਉਣ ਦੀ ਹਦਾਇਤ ਕਰਦਿਆਂ ਦੱਸਿਆ ਕਿ ਮਾਲ ਵਿਭਾਗ ਦੀਆਂ ਅਦਾਲਤਾਂ ਬਾਬਤ 3140 ਕੇਸਾਂ ਵਿੱਚੋਂ 2551 ਦਾ ਨਿਪਟਾਰਾ ਹੋ ਚੁੱਕਿਆ ਹੈ ਤੇ 589 ਕੇਸ ਬਕਾਇਆ ਹਨ। ਇਸ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਰਿਕਵਰੀਆਂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
ਮੀਟਿੰਗ ਦੌਰਾਨ ਪੀ.ਐਮ.ਕਿਸਾਨ ਸੰਮਾਨ ਨਿਧੀ ਸਕੀਮ ਦੀ ਸਮੀਖਿਆ ਕੀਤੀ ਗਈ ਤੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਵਟਸਐਪ 'ਤੇ ਲੰਬਿਤ ਪਏ ਮਾਮਲੇ ਹਰ ਰੋਜ਼ ਚੈੱਕ ਕਰ ਕੇ ਖਤਮ ਕਰਨ ਲਈ ਆਦੇਸ਼ ਦਿੱਤੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਖੋ ਵੱਖ ਪ੍ਰੋਜੈਕਟਾਂ ਸਬੰਧੀ ਐਕੁਆਇਰ ਕੀਤੀ ਜ਼ਮੀਨ ਸਬੰਧੀ ਮੁਆਵਜ਼ਾ ਰਾਸ਼ੀ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਤੇ ਕਬਜ਼ਾ ਲੈਣ ਸਬੰਧੀ ਪ੍ਰਕਿਰਿਆ ਵੀ ਤੇਜ਼ ਕੀਤੀ ਜਾਵੇ। ਇਸੇ ਲੜੀ ਤਹਿਤ ਪਿੰਡ ਮਛਲੀ ਖੁਰਦ ਵਿਖੇ ਜ਼ਮੀਨ ਦਾ ਕਬਜ਼ਾ ਲੈਣ ਦੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇ।
ਇਸ ਮੌਕੇ ਐੱਸ.ਡੀ.ਐਮ., ਡੇਰਾਬਸੀ, ਸ਼੍ਰੀ ਹਿਮਾਂਸ਼ੂ ਗੁਪਤਾ, ਐੱਸ.ਡੀ.ਐਮ., ਮੋਹਾਲੀ ਚੰਦਰ ਜੋਤੀ ਸਿੰਘ, ਸੀ.ਐਮ.ਐੱਫ.ਓ. ਸ਼੍ਰੀ ਇੰਦਰਪਾਲ, ਜ਼ਿਲ੍ਹਾ ਮਾਲ ਅਫਸਰ ਅਮਨਦੀਪ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
No comments:
Post a Comment