ਇਸ ਵਾਰ ਵਿਧਾਨ ਸਭਾ ਵਿੱਚ ਅਕਾਲੀ ਦਲ ਨੂੰ ਦੋ ਸੀਟਾਂ ਮਿਲੀਆਂ, ਪਰ ਜਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹਨ ਅਗਲੀ ਵਾਰ ਇਨ੍ਹਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ - ਕੰਗ
ਚੰਡੀਗੜ੍ਹ, 26 ਅਕਤੂਬਰ : ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਵੱਲੋਂ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਐਡਿਟ ਕੀਤੀ ਵੀਡੀਓ (ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਕਾਇਤ ਕੀਤੀ ਗਈ ਹੈ) ਨੂੰ ਸਾਂਝਾ (ਸੇ਼ਅਰ) ਕਰਨ ਲਈ ਅਕਾਲੀ ਦਲ ਅਤੇ ਬਾਦਲ ਪਰਿਵਾਰ 'ਤੇ ਹਮਲਾ ਬੋਲਿਆ ਅਤੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਅਕਾਲੀ ਦਲ ਬਾਦਲ ਦੀ ਨੀਵੇਂ ਪੱਧਰ ਦੀ ਸਿਆਸਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂ ਜਿੰਨੀਆਂ ਮਰਜ਼ੀ ਝੂਠੀਆਂ ਵੀਡੀਓਜ਼ ਫੈਲਾ ਲੈਣ ਪਰ ਪੰਜਾਬ ਦੇ ਲੋਕ ਹੁਣ ਬਾਦਲ ਪਰਿਵਾਰ ਨੂੰ ਕੋਈ ਸਾਰ ਨਹੀਂ ਦੇਣਗੇ।
ਕੰਗ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਆਗੂਆਂ ਅਤੇ ਬਾਦਲ ਪਰਿਵਾਰ ਨੂੰ ਲੱਗਦਾ ਹੈ ਕਿ ਕਿਸੇ ਗਾਇਕ ਦੀ ਵੀਡੀਓ ਨੂੰ ਐਡਿਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸ ਖਰਾਬ ਹੋਵੇਗਾ ਅਤੇ ਉਨ੍ਹਾਂ ਦੀ ਸਿਆਸਤ ਚਮਕੇਗੀ,ਇਹ ਕਦੇ ਵੀ ਹੋਣ ਵਾਲਾ ਨਹੀਂ ਹੈ। ਉਨਾਂ ਨੇ ਮੀਡੀਆ ਦੇ ਸਾਹਮਣੇ ਕੰਵਰ ਗਰੇਵਾਲ ਦੀ ਵੀਡੀਓ ਚਲਾਈ ਜਿਸ ਵਿੱਚ ਗਾਇਕ ਕਹਿ ਰਿਹਾ ਹੈ ਕਿ ਉਸ ਦੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਗਰੇਵਾਲ ਨੇ ਵੀ ਆਪਣੀ ਵੀਡੀਓ ਵਿੱਚ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ।
ਸਾਬਕਾ ਅਕਾਲੀ ਆਗੂਆਂ ਦਾ ਹਵਾਲਾ ਦਿੰਦੇ ਹੋਏ ਕੰਗ ਨੇ ਕਿਹਾ ਕਿ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗਿਆਨੀ ਕਰਤਾਰ ਸਿੰਘ, ਬਾਬਾ ਖੜਗ ਸਿੰਘ, ਸੁਰਮੁੱਖ ਸਿੰਘ ਚੌਭਲ,ਜਗਦੇਵ ਸਿੰਘ ਤਲਵੰਡੀ ਅਤੇ ਮਾਸਟਰ ਤਾਰਾ ਸਿੰਘ ਵਰਗੇ ਆਗੂਆਂ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਦੇਸ਼ ਅਜਾਦ ਹੋਣ ਤੋਂ ਬਾਅਦ ਸਂਘੀ ਢਾਂਚੇ ਦਿ ਲੜਾਈ ਲੜੀ। ਇਨ੍ਹਾਂ ਲੋਕਾਂ ਨੇ ਨਨਕਾਣਾ ਸਾਹਿਬ ਅਤੇ ਗੁਰਦੁਆਰਿਆਂ ਦੀਆਂ ਚਾਬੀਆਂ ਲਈ ਸਾਰੀ ਉਮਰ ਸੰਘਰਸ਼ ਕਰਕੇ ਪੰਜਾਬ ਦਾ ਨਾਂ ਉੱਚਾ ਕੀਤਾ। ਜਦੋਂ ਕਿ ਅੱਜ ਦਾ ਅਕਾਲੀ ਦਲ ਜਿਸ ਦੀ ਵਾਗਡੋਰ ਬਾਦਲ ਪਰਿਵਾਰ ਦੇ ਹਥ ਹੈ,ਉਹ ਝੂਠੀਆਂ ਅਤੇ ਐਡਿਟ ਕੀਤੀਆਂ ਵੀਡੀਓਜ਼ ਅਤੇ ਛੋਲੇ ਕੁਲਚੇ ਦੀ ਰਾਜਨੀਤੀ ਕਰਦਾ ਹੈ। ਕੰਗ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਸੰਘਰਸ਼ ਨੂੰ ਖੋਰਾ ਲਾ ਕੇ ਪੰਜਾਬ ਦਾ ਨਾਮ ਬਦਨਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਭਾਵੇਂ ਜਿੰਨਾ ਮਰਜ਼ੀ ਹੇਠਾਂ ਡਿੱਗ ਜਾਵੇ ਅਤੇ ਜਿੰਨੀਆਂ ਮਰਜ਼ੀ ਝੂਠੀਆਂ ਵੀਡੀਓਜ਼ ਫੈਲਾ ਲਵੇ, ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਪਸੰਦ ਨਹੀਂ ਕਰਨਗੇ। ਕੰਗ ਨੇ ਕਿਹਾ ਕਿ ਇਸ ਵਾਰ ਅਕਾਲੀ ਦਲ ਨੂੰ ਵਿਧਾਨ ਸਭਾ ਦੀਆਂ ਦੋ ਸੀਟਾਂ ਮਿਲੀਆਂ ਹਨ ਪਰ ਜਿਸ ਤਰ੍ਹਾਂ ਦੀ ਸਿਆਸਤ ਉਹ ਕਰ ਰਹੇ ਹਨ, ਅਗਲੀ ਵਾਰ ਇਨ੍ਹਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ।
No comments:
Post a Comment