ਐਸ.ਏ.ਐਸ.ਨਗਰ, 02 ਨਵੰਬਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵੀਰਵਾਰ ਨੂੰ ਕਿਹਾ ਕਿ ਆਊਟਡੋਰ ਇਸ਼ਤਿਹਾਰਬਾਜ਼ੀ ਵਿੱਚ ਡਿਜੀਟਲ ਮਾਧਿਅਮਾਂ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਜ਼ਿਲ੍ਹਾ ਆਊਟਡੋਰ ਐਡਵਰਟਾਈਜ਼ਿੰਗ ਕਮੇਟੀ ਦੀ ਜਲਦੀ ਹੀ ਮੀਟਿੰਗ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੋਹਾਲੀ ਪੰਜਾਬ ਦੇ ਆਈ.ਟੀ. ਗੇਟਵੇ ਵਜੋਂ ਉੱਭਰ ਰਿਹਾ ਹੈ, ਇਸ ਲਈ ਸ਼ਹਿਰ ਵਿੱਚ ਇਸ਼ਤਿਹਾਰ ਸੇਵਾਵਾਂ ਹਾਸਲ ਕਰਨ ਤੇ ਮੁੱਹਈਆ ਕਰਵਾਉਣ ਵਾਲਿਆਂ ਨੂੰ ਡਿਜੀਟਲ ਮੌਕੇ ਪ੍ਰਦਾਨ ਕਰਨ ਲਈ ਸੇਵਾਵਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਮਾਧਿਅਮ ਦੀ ਵਰਤੋਂ ਸਭ ਤੋਂ ਪਹਿਲਾਂ ਏਅਰਪੋਰਟ ਰੋਡ 'ਤੇ ਕੀਤੀ ਜਾਵੇਗੀ ਕਿਉਂਕਿ ਇਸ ਸੜਕ 'ਤੇ ਵਿਗਿਆਪਨਾ ਲਈ ਵੱਡੀ ਸੰਭਾਵਨਾ ਹੈ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਸਮੇਂ-ਸਮੇਂ 'ਤੇ ਜਾਰੀ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਹੀ ਡਿਜੀਟਲ ਵਿਗਿਆਪਨ ਸਾਈਟਾਂ ਦੀ ਸੰਭਾਵਨਾ ਦਾ ਪਤਾ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ, ਕਮੇਟੀ ਜ਼ਿਲ੍ਹੇ ਵਿੱਚ ਆਊਟਡੋਰ ਇਸ਼ਤਿਹਾਰਬਾਜ਼ੀ ਨੂੰ ਨਿਯਮਤ ਕਰਨ ਲਈ ਸਾਰੇ ਹਿੱਸੇਦਾਰਾਂ ਜਿਵੇਂ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਡੀ ਸੀ ਦਫ਼ਤਰ ਵਿਖੇ ਸ਼ਹਿਰ ਦੇ ਵਸਨੀਕਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸੁਝਾਵਾਂ ਦਾ ਵੀ ਸੁਆਗਤ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਨਫ਼ੇ ਅਤੇ ਨੁਕਸਾਨ ਨੂੰ ਧਿਆਨ ਵਿੱਚ ਰੱਖਿਆ ਜਾਵੇ।
ਮੀਟਿੰਗ ਵਿੱਚ ਐਸਡੀਐਮ ਮੁਹਾਲੀ ਚੰਦਰਜੋਤੀ ਸਿੰਘ ਤੋਂ ਇਲਾਵਾ ਸੜਕ ਸੁਰੱਖਿਆ ਬਾਰੇ ਸੂਬਾ ਸਲਾਹਕਾਰ ਡਾ. ਨਵਦੀਪ ਅਸੀਜਾ ਹਾਜ਼ਰ ਸਨ।
No comments:
Post a Comment