ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਮਾਰਚ : ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮੋਹਾਲੀ ਫੇਜ਼-6 ਵਿਖੇ ਕਰੀਬ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬਾਇਓਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ।
ਇਸ ਮੌਕੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਕਈ ਸ਼ਲਾਘਾਯੋਗ ਫ਼ੈਸਲੇ ਲੈ ਚੁੱਕੀ ਹੈ ਤੇ ਲਗਾਤਾਰ ਵੱਖ-ਵੱਖ ਫ਼ੈਸਲੇ ਲਏ ਵੀ ਜਾ ਰਹੇ ਹਨ। ਇਸੇ ਲੜੀ ਤਹਿਤ ਸੂਬੇ ਵਿੱਚ 3 ਬਾਇਓਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਹੈ। ਇਹਨਾਂ ਵਿਚੋਂ ਪਹਿਲੀ ਲੈਬਾਰਟਰੀ ਗੁਰਦਾਸਪੁਰ ਵਿਖੇ ਬਣਾਉਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਅਜਿਹੀ ਹੀ ਇੱਕ ਲੈਬ ਬਠਿੰਡਾ ਵਿਖੇ ਵੀ ਬਣਨੀ ਹੈ।
ਸ. ਖੁੱਡੀਆਂ ਨੇ ਕਿਹਾ ਕਿ ਪਹਿਲਾਂ ਬਾਇਓਫਰਟੀਲਾਈਜ਼ਰ ਦੇ ਨਾਮ 'ਤੇ ਕਈ ਤਰ੍ਹਾਂ ਦੀਆਂ ਗਲਤ ਦਵਾਈਆਂ ਵਿਕ ਜਾਂਦੀਆਂ ਸਨ ਅਤੇ ਜਦੋਂ ਅਜਿਹੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਸੈਂਪਲ ਭਰ ਕੇ ਟੈਸਟ ਕਰਨੇ ਹੁੰਦੇ ਸਨ ਤਾਂ ਉਨਾਂ ਨੂੰ ਸੂਬੇ ਤੋਂ ਬਾਹਰ ਹੋਰ ਸੂਬਿਆਂ ਦੀਆਂ ਲੈਬਾਰਟਰੀਆਂ ਵਿਚ ਭੇਜਣਾ ਪੈਂਦਾ ਸੀ। ਪਰ ਹੁਣ ਪੰਜਾਬ ਸਰਕਾਰ ਨੇ ਆਪਣੇ ਸੂਬੇ ਅੰਦਰ ਹੀ ਅਜਿਹੀਆਂ ਲੈਬਾਰਟਰੀਆਂ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਲੈਬਾਰਟਰੀਆਂ ਸ਼ੁਰੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਉੱਚ ਗੁਣਵੱਤਾ ਦੇ ਬਾਇਓ ਖਾਦ ਮਿਲਣਗੇ ਅਤੇ ਜ਼ਹਿਰ ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਵੱਡੇ ਪੱਧਰ 'ਤੇ ਹੁਲਾਰਾ ਮਿਲੇਗਾ।
ਪੰਜਾਬ ਸਰਕਾਰ ਵੱਲੋਂ ਨਵੀਂ ਬਣਾਈ ਜਾ ਰਹੀ ਖੇਤੀਬਾੜੀ ਨੀਤੀ ਦਾ ਜ਼ਿਕਰ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਇਸ ਨੀਤੀ ਨੂੰ ਲਾਗੂ ਕਰਨ ਵਿੱਚ ਥੋੜ੍ਹਾ ਜਿਹਾ ਸਮੇਂ ਲੱਗ ਸਕਦਾ ਹੈ, ਪਰ ਉਹਨਾਂ ਦੀ ਪੂਰੀ ਕੋਸ਼ਿਸ ਹੈ ਕਿ ਇਸ ਨੀਤੀ ਵਿੱਚ ਅਜਿਹੀ ਕੋਈ ਵੀ ਖਾਮੀ ਨਾ ਰਹੇ ਜਿਸ ਨਾਲ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਵੇ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਨੇ ਉਕਤ ਲੈਬਾਰਟਰੀ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਮਿਲਣ ਵਾਲੇ ਫਾਇਦਿਆਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਉਪਰਾਲੇ ਨਾਲ ਬਾਇਓ ਖਾਦਾਂ ਦੀ ਗੁਣਵੱਤਾ ਸੁਧਾਰਨ ਅਤੇ ਜ਼ਹਿਰ ਮੁਕਤ ਖੇਤੀ ਨੂੰ ਹੁਲਾਰਾ ਦੇਣ ਵਿਚ ਵੱਡੀ ਮਦਦ ਮਿਲੇਗੀ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਸਿੰਘ ਨੇ ਕੈਬਨਿਟ ਮੰਤਰੀ ਸਮੇਤ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਇਸ ਲੈਬ ਨੂੰ ਬਿਹਤਰ ਢੰਗ ਨਾਲ ਚਲਾਉਣਗੇ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਦੀਪਾਂਕਰ ਗਰਗ, ਐੱਸ.ਡੀ. ਐਮ. ਮੋਹਾਲੀ, ਡਾ. ਰਾਜੇਸ਼ ਕੁਮਾਰ ਰਹੇਜਾ, ਕੇਨ ਕਮਿਸ਼ਨਰ ਪੰਜਾਬ, ਡਾ. ਗੁਰਜੀਤ ਸਿੰਘ ਬਰਾੜ, ਸੰਯੁਕਤ ਡਾਇਰੈਕਟਰ (ਇਨਪੁਟਸ), ਡਾ: ਨਰਿੰਦਰ ਸਿੰਘ ਬੈਨੀਪਾਲ, ਸੰਯੁਕਤ ਡਾਇਰੈਕਟਰ (ਪੀ.ਪੀ), ਡਾ. ਅਰੁਣ ਕੁਮਾਰ ਸੰਯੁਕਤ ਡਾਇਰੈਕਟਰ ( ਹਾਈਡਰੋਜਿਓਲੋਜੀ), ਡਾ. ਹਰਪ੍ਰੀਤ ਕੌਰ, ਸੰਯੁਕਤ ਡਾਇਰੈਕਟਰ ( ਖੇਤੀਬਾੜੀ ਅੰਕੜਾ), ਡਾ: ਗੁਰਮੇਲ ਸਿੰਘ, ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ.ਨਗਰ, ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ, ਡਾ: ਰਾਕੇਸ਼ ਸ਼ਰਮਾ, ਐਫ.ਐਮ.ਓ., ਡਾ. ਰਣਯੋਧ ਸਿੰਘ ਬੈਂਸ, ਸੀ.ਆਈ.ਐਫ, ਡਾ: ਗੁਰਪਾਲ ਸਿੰਘ, ਐਗਰੋਨੋਮਿਸਟ, ਡਾ: ਰੀਤੂ ਗਰਗ, ਡਾ: ਜਸਕੰਵਲ ਸਿੰਘ ਅਤੇ ਡਾ: ਵਿਵੇਕ ਬਿਸ਼ਨੋਈ ਖੇਤੀਬਾੜੀ ਵਿਕਾਸ ਅਫਸਰ ਵੀ ਹਾਜ਼ਰ ਸਨ।
No comments:
Post a Comment