ਮੋਹਾਲੀ: 6 ਅਪ੍ਰੈਲ, : ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਸੂਬਾ ਪੱਧਰੀ ਜ਼ੂਮ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਲੈਕਚਰਾਰ ਕਾਡਰ ਦੇ ਮਸਲਿਆਂ ‘ਤੇ ਵਿਚਾਰ ਕਰਨ ਦੇ ਨਾਲ਼ ਨਾਲ਼ ਭਵਿੱਖ ਵਿੱਚ ਜਥੇਬੰਦੀ ਦੀ ਰੂਪ ਰੇਖਾ ਨੂੰ ਵਿਚਾਰਿਆ ਗਿਆ|
ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 700 ਦੇ ਕਰੀਬ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹਨ ਇਸ ਦੇ ਨਾਲ਼ ਹੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਦੀ ਸੀਨੀਅਰਤਾ ਸੂਚੀ ਬਣਾਉਣ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਲਟਕ ਰਿਹਾ ਹੈ ਜਿਸ ਕਾਰਨ ਲੈਕਚਰਾਰਾਂ ਦੀਆਂ 13913 ਅਸਾਮੀਆਂ ਵਿੱਚੋਂ ਅੱਧੇ ਤੋਂ ਵੱਧ ਖ਼ਾਲੀ ਹਨ । ਜਿਸ ਨਾਲ਼ ਵਿਦਿਆਰਥੀਆਂ ਦੀ ਸਿੱਖਿਆ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ| ਬਹੁਤ ਸਾਰੇ ਸਕੂਲਾਂ ਵਿੱਚ ਨਵੀਆਂ ਸਟ੍ਰੀਮਜ਼ ਦੇਣ ਵੇਲੇ ਪੂਰੀਆਂ ਅਸਾਮੀਆਂ ਨਹੀਂ ਦਿੱਤੀਆਂ ਗਈਆਂ ਜਿਸ ਕਾਰਨ ਵਿਦਿਆਰਥੀਆਂ ਨੂੰ ਮਾਹਿਰ ਲੈਕਚਰਾਰ ਨਹੀਂ ਮਿਲ਼ ਰਹੇ| ਉਨ੍ਹਾਂ ਕਿਹਾ ਕਿ ਲੈਕਚਰਾਰ ਕਾਡਰ ਦੀਆਂ ਮੁੱਖ ਮੰਗਾਂ ਜਿਵੇਂ ਵਿਭਾਗੀ ਤਰੱਕੀਆਂ, ਵਿਭਾਗੀ ਟੈਸਟ, ਰਿਵਰਸ਼ਨ ਜ਼ੋਨ ਦੀਆਂ ਸਮੱਸਿਆਵਾਂ ਅਤੇ ਵਿੱਤੀ ਮਸਲਿਆਂ ਨਾਲ਼ ਸੰਬੰਧਿਤ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਕੀਤੀ ਗਈ|
ਉਹਨਾਂ ਦੱਸਿਆ ਕਿ ਯੂਨੀਅਨ ਦੇ ਸੰਗਠਿਨ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਸੋ ਲੋਕਤੰਤਰਿਕ ਮਰਿਯਾਦਾ ਦੇ ਅਨੁਸਾਰ ਜੂਨ ਮਹੀਨੇ ਵਿੱਚ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਅਗਲੇ ਕੁੱਝ ਮਹੀਨਿਆਂ ਵਿੱਚ ਸੰਗਠਨ ਦੀ ਮੁੜ ਉਸਾਰੀ ਕੀਤੀ ਜਾਵੇਗੀ| ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਸਕੱਤਰ ਸ. ਗੁਰਪ੍ਰੀਤ ਸਿੰਘ, ਸ. ਅਵਤਾਰ ਸਿੰਘ, ਸ . ਬਲਜੀਤ ਸਿੰਘ ਕਪੂਰਥਲਾ, ਸ. ਨੈਬ ਸਿੰਘ, ਸ. ਸਾਹਿਬ ਰਣਜੀਤ ਸਿੰਘ, ਸ. ਜਸਪਾਲ ਸਿੰਘ,ਸ੍ਰ ਪਰਮਿੰਦਰ ਕੁਮਾਰ,ਸ. ਇੰਦਰਜੀਤ ਸਿੰਘ, ਸ. ਜਗਤਾਰ ਸਿੰਘ, ਸ. ਰਣਬੀਰ ਸਿੰਘ ਸੂਬਾ ਪ੍ਰੈੱਸ ਸਕੱਤਰ, ਸ. ਬਲਦੀਸ਼ ਲਾਲ ਮੌਜੂਦ ਸਨ।
No comments:
Post a Comment