ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਮਈ : ਭਾਰਤ ਦੇ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਗਿੱਧੇ ਦੀਆਂ ਬੋਲੀਆਂ, ਜਾਗੋ, ਚੇਤਨਾ ਰੈਲੀਆਂ ਅਤੇ ਮਹਿੰਦੀ ਲਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਗਵਾਈ ਵਿੱਚ 1 ਜੂਨ ਨੂੰ ਵੋਟ ਪਾਉਣ ਚ ਜ਼ਿਲ੍ਹਾ ਵਾਸੀਆ ਦੀ ਭਰਵੀਂ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਲੜੀ ਨੂੰ ਅੱਗੇ ਤੋਰਦੇ ਹੋਏ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਨੇ ਜਾਗਰੂਕਤਾ ਰੈਲੀ ਕੱਢੀ ਅਤੇ ਪਿੰਡਾਂ ਦੀਆਂ ਮਹਿਲਾਵਾਂ ਦੇ ਮਹਿੰਦੀ ਲਾ ਕੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸੀਸ਼ ਸਿੰਘ ਅੰਟਾਲ ਵਿਸ਼ੇਸ ਤੌਰ ‘ਤੇ ਪੁੱਜੇ ਅਤੇ ਵਿਦਿਆਰਥਣਾਂ ਦੇ ਇਸ ਉਪਰਾਲੇ ਲਈ ਪ੍ਰਿੰਸੀਪਲ ਹਿਮਾਂਸ਼ੂ ਲਟਾਵਾ ਅਤੇ ਸਟਾਫ ਦੇ ਯਤਨਾ ਦੀ ਪ੍ਰਸ਼ੰਸਾ ਕਰਦਿਆ ਉਨ੍ਹਾਂ ਨੂੰ ਜ਼ਿਲ੍ਹਾ ਚੋਣ ਅਫਸਰ ਦੇ ਸੁਨੇਹੇ “ਹਰ ਵੋਟਰ ਲਾਵੇ ਇਕ ਰੁੱਖ” ਦੀ ਪੂਰਤੀ ਲਈ ਆਪਣੇ ਮਾਪਿਆ ਅਤੇ ਆਂਢ-ਗੁਆਂਢ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਵੱਲੋਂ ਲਾਈ ਜਾ ਰਹੀ ਮਹਿੰਦੀ ਦਾ ਨਾਅਰਾ, “ਮਹਿੰਦੀ ਮਹਿੰਦੀ ਮਹਿੰਦੀ ਲੱਗ ਜੇ ਵੋਟਰਾਂ ਦੇ, ਨਹੀਂ 1 ਜੂਨ ਤੱਕ ਨਹੀ ਲਹਿੰਦੀ” ਬਹੁਤ ਹੀ ਖਿੱਚ ਪਾਊ ਹੈ। ਇਸ ਮੌਕੇ ਸਕੂਲ ਅਧਿਆਪਕ ਰੀਟਾ ਸ਼ਰਮਾ ਦੀ ਅਗਵਾਈ ਵਿੱਚ ਵਿਦਿਆਰਥਣਾਂ ਨੇ ਘਰ-ਘਰ ਜਾ ਕੇ ਦਸਤਕ ਦਿੱਤੀ ਅਤੇ ਵੋਟ ਪਾਉਣ ਦੀ ਅਪੀਲ ਕੀਤੀ। ਛੁੱਟੀਆ ਦੇ ਦੌਰਾਨ ਵੀ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਦੀ ਅਗਵਾਈ ਵਿੱਚ ਵਿਦਿਆਥੀਆਂ ਅਤੇ ਅਧਿਆਪਕਾਂ ਵੱਲੋਂ ਵੋਟ ਪਾਉਣ, ਪਲਾਸਟਿਕ ਮੁਕਤ ਸਾਹਿਬਜਾਦਾ ਅਜੀਤ ਸਿੰਘ ਨਗਰ, ਪਾਣੀ ਬਚਾਉਣ ਅਤੇ ਹਰਿਆਵਲ ਲਹਿਰ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਵਿਦਿਆਰਥਣਾਂ ਦੇ ਦੀ ਇਸ ਉਪਰਾਲੇ ਦੀ ਲੋਕਾਂ ਵਿੱਚ ਖੁਬ ਚਰਚਾ ਹੈ ਕਿ ਉਹ ਭਾਰਤ ਦੇ ਚੋਣ ਕਮਿਸ਼ਨ ਦੇ ਦੂਤ ਬਣ ਕੇ ਲੋਕਤੰਤਰ ਦੀ ਮਜ਼ਬੂਤੀ ਦਾ ਸੱਦਾ ਦੇ ਰਹੀਆਂ ਹਨ। ਇਸ ਮੌਕੇ ਸਵੀਪ ਕੋਰ ਕਮੇਟੀ ਦੇ ਮੈਂਬਰ ਅੰਮ੍ਰਿਤਪਾਲ ਸਿੰਘ, ਸਤਿੰਦਰ ਸਿੰਘ, ਰਣਵੀਰ ਸਿੰਘ, ਨੀਤੂ ਗੁਪਤਾ ਅਤੇ ਸ਼ਿਵਾਨੀ ਵਰਮਾ ਨੇ ਨਿੱਜੀ ਤੌਰ ਤੇ ਪਹੁੰਚ ਕੇ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਪ੍ਰਿੰਸੀਪਲ ਹਿਮਾਂਸ਼ੂ ਲਟਾਵਾ ਨੇ ਦੱਸਿਆ ਕਿ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਾਰ-ਵਾਰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਆਪ ਵੋਟ ਪਾਉਣਗੇ ਅਤੇ ਆਪਣੀ ਪਰਿਵਾਰ ਦੀ ਵੀ ਵੋਟ ਭੁਗਤਾਉਣਗੇ।
No comments:
Post a Comment