SBP GROUP

SBP GROUP

Search This Blog

Total Pageviews

ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ

ਨਵਾਂਸ਼ਹਿਰ, 01 ਮਈ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਬਲਾਚੌਰ ਦੇ ਪੋਜੇਵਾਲ ਵਿਖੇ ਸਤਿਗੁਰੂ ਸ਼੍ਰੀ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਜੀ ਦੀ ਬਰਸੀ ਮੌਕੇ ਹਾਜ਼ਰੀ ਭਰੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਭਗਵੰਤ ਮਾਨ ਨੇ ਆਚਾਰੀਆ ਸਵਾਮੀ ਚੇਤਨਾ ਜੀ ਮਹਾਰਾਜ ਦਾ ਆਸ਼ੀਰਵਾਦ ਵੀ ਲਿਆ। ਉਨ੍ਹਾਂ ਕਿਹਾ ਕਿ ਸਵਾਮੀ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਦੇ ਰਹੋ ਅਤੇ ਇਮਾਨਦਾਰੀ ਤੋਂ ਵੱਡੀ ਕੋਈ ਪੂੰਜੀ ਨਹੀਂ ਹੈ।

ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਐਨੇ ਮਹਾਨ ਸੰਤਾਂ ਦੀ ਸੰਗਤ ਨਾਲ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਸਿੱਖਿਆ, ਸਿਹਤ ਅਤੇ ਵਾਤਾਵਰਨ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ। ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਗੁਣ ਹੈ।


ਭਗਵੰਤ ਮਾਨ ਨੇ ਕਿਹਾ ਕਿ ਇਹ ਸੰਸਥਾ ਪੀ.ਜੀ.ਆਈ. ਵਿਖੇ ਉਸ ਸਮੇਂ ਲੰਗਰ ਮੁਹੱਈਆ ਕਰਵਾਉਂਦੀ ਹੈ, ਜਦੋਂ ਕਿਸੇ ਦਾ ਆਪਣਾ ਪਰਿਵਾਰ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਛੱਡ ਦਿੰਦਾ ਹੈ। ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਹੈ, ਜਿਨ੍ਹਾਂ ਨੇ ਸਿਰਫ਼ 20 ਰੁਪਏ ਨਾਲ ਲੰਗਰ ਸ਼ੁਰੂ ਕੀਤਾ ਅਤੇ ਅੱਜ ਵੀ ਜਦੋਂ ਵੀ ਕੋਈ ਸੰਕਟ ਆਉਂਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਦਾ ਇਹ ਲੰਗਰ ਲੋਕਾਂ ਲਈ ਹੁੰਦਾ ਹੈ।  ਉਨ੍ਹਾਂ ਕਿਹਾ ਕਿ ਉਹ ਆਪ ਆਪਣੇ ਘਰ ਪੰਛੀਆਂ ਲਈ ਪਾਣੀ ਅਤੇ ਸਤਨਾਜਾ (ਸੱਤ ਦਾਣਿਆਂ ਦਾ ਮਿਸ਼ਰਣ) ਰੱਖਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਮਾਤਾ-ਪਿਤਾ ਦੀ ਸੇਵਾ ਕਰਨੀ ਤੀਰਥ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਾਨੂੰ ਗ਼ਰੀਬਾਂ, ਮਾਪਿਆਂ, ਮਾਸੂਮ ਪੰਛੀਆਂ ਅਤੇ ਪਸ਼ੂਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

ਭਗਵੰਤ ਮਾਨ ਨੇ ਕਿਹਾ ਕਿ ਉਹ ਅਕਸਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮੇਰੇ ਤੋਂ ਕਦੇ ਵੀ ਕੋਈ ਅਜਿਹਾ ਫ਼ੈਸਲਾ ਨਾ ਲਿਆ ਜਾਵੇ, ਜਿਸ ਨਾਲ ਕਿਸੇ ਵਿਅਕਤੀ ਜਾਂ ਕਿਸੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਨੁਕਸਾਨ ਹੋਵੇ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਮੈਨੂੰ ਆਪਣੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਦੇ ਯੋਗ ਬਣਾਵੇ।  ਉਨ੍ਹਾਂ ਕਿਹਾ ਕਿ ਜਦੋਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਲੋਕਾਂ ਅਤੇ ਸਮਾਜ ਦੀ ਸੇਵਾ ਕਰਨ ਦੇ ਸਾਡੇ ਯਤਨਾਂ ਵਿੱਚ ਮਦਦ ਕਰਨ ਲਈ ਆਉਂਦੀਆਂ ਹਨ, ਤਾਂ ਅਸੀਂ ਵਧੇਰੇ ਉਤਸ਼ਾਹ ਅਤੇ ਸ਼ਕਤੀ ਨਾਲ ਕੰਮ ਕਰਨ ਦੇ ਯੋਗ ਬਣਦੇ ਹਾਂ।

ਭਗਵੰਤ ਮਾਨ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਨੂੰ ਗ਼ਰੀਬੀ ਤੋਂ ਕੋਈ ਵੀ ਮੁਕਤ ਨਹੀਂ ਕਰਵਾ ਸਕਦਾ, ਗ਼ਰੀਬਾਂ ਦੇ ਪੜ੍ਹੇ-ਲਿਖੇ ਬੱਚੇ ਹੀ ਆਪਣੇ ਪਰਿਵਾਰਾਂ ਨੂੰ ਗ਼ਰੀਬੀ ਤੋਂ ਮੁਕਤ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਲੋਕ ਵਿੱਚ ਮਨੁੱਖ ਦੇ ਨਾਲ ਕੁਝ ਨਹੀਂ ਜਾਂਦਾ, ਇਸ ਲਈ ਧਨ ਇਕੱਠਾ ਕਰਨ ਜਾਂ ਦੂਜਿਆਂ ਦੇ ਹੱਕਾਂ ਨੂੰ ਲੁੱਟਣ ਦਾ ਕੋਈ ਮਤਲਬ ਨਹੀਂ ਹੈ। ਲੋਕਾਂ ਦੀ ਸੇਵਾ ਕਰਨ ਵਾਲੀਆਂ ਮਹਾਨ ਰੂਹਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਤ ਨਾਲ ਬੈਠ ਕੇ ਲੰਗਰ ਵੀ ਛਕਿਆ, ਇਸ ਸਮੇਂ ਉਨ੍ਹਾਂ ਨਾਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਕੈਬਿਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਕੈਬਨਿਟ ਮੰਤਰੀ ਹਰਜੋਤ ਬੈਂਸ, ਵਿਧਾਇਕਾ ਸੰਤੋਸ਼ ਕਟਾਰੀਆ, ਵਿਧਾਇਕ ਦਿਨੇਸ਼ ਚੱਢਾ, ਮੁੱਖ ਬੁਲਾਰਾ ਅਤੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਵੀ ਹਾਜਰ ਸਨ।

No comments:


Wikipedia

Search results

Powered By Blogger