ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਮਈ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਵੋਟਰਾਂ ਨੂੰ ਪੋਲਿੰਗ ਬੂਥਾਂ ਦੀ ਨਵੀਂ ਅਤੇ ਦਿਲ ਖਿਚਵੀਂ ਦਿੱਖ ਪ੍ਰਦਾਨ ਕਰਨ ਦੇ ਮਕਸਦ ਨਾਲ ਮੁਹਾਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਵੱਲ ਵੋਟਰਾਂ ਦਾ ਧਿਆਨ ਖਿੱਚਣ ਲਈ ਹੋਰ ਕਦਮ ਚੁੱਕੇ ਜਾ ਰਹੇ ਹਨ।
ਗਰੀਨ ਇਲੈਕਸ਼ਨ ਅਤੇ ਏਅਰਪੋਰਟ ਮਾਡਲ ਦੇ ਥੀਮ 'ਤੇ ਆਧਾਰਿਤ ਅਤਿ ਆਧੁਨਿਕ ਪੋਲਿੰਗ ਬੂਥ ਸਥਾਪਤ ਕਰਨ ਲਈ ਫ਼ੇਸ 10 ਦੇ ਮਾਨਵ ਮੰਗਲ ਸਕੂਲ ਅਤੇ ਸੈਕਟਰ 79 ਦੇ ਐਮਿਟੀ ਸਕੂਲ ਦਾ ਦੌਰਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਮੁੱਖ ਮੰਤਵ ਵੱਧ ਤੋਂ ਵੱਧ ਵੋਟਰਾਂ ਨੂੰ ਲਾਮਬੰਦ ਕਰਨਾ ਹੈ ਤਾਂ ਕਿ ਉਹ ਆਪਣੀ ਵੋਟ ਪਾਉਣ ਲਈ ਅੱਗੇ ਆਉਣ। ਡਿਪਟੀ ਕਮਿਸ਼ਨਰ ਨੇ ਕਿਹਾ, “ਸਾਡੇ ਕੋਲ ਜ਼ਿਲ੍ਹੇ ਦੀ ਪਿਛਲੀ ਵਾਰ ਦੀ 63.25 ਦੀ ਔਸਤ ਨੂੰ ਪਾਰ ਕਰਨ ਲਈ 80 ਪ੍ਰਤੀਸ਼ਤ ਦਾ ਟੀਚਾ ਹੈ”।
ਉਨ੍ਹਾਂ ਅੱਗੇ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ, ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲਿਆਉਣ ਲਈ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਰਵਾਇਤੀ ਪ੍ਰਣਾਲੀਆਂ ਤੋਂ ਅਗਾਂਹ ਜਾ ਕੇ ਨਵੀਆਂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ ਗਤੀਵਿਧੀਆਂ ਦੀ ਲੋੜ ਹੈ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਵੀਪ ਗਤੀਵਿਧੀਆਂ ਨੇ ਸਾਡੇ ਜ਼ਿਲ੍ਹੇ ਵਿੱਚ ਆਈ ਪੀ ਐੱਲ ਮੈਚ ਦਿਖਾਉਣ ਤੋਂ ਲੈ ਕੇ ਮਹਿਲਾ ਵਾਕਥੌਨ, ਮੁਫ਼ਤ ਮੂਵੀ ਸ਼ੋਅ, ਵੇਰਕਾ ਦੇ ਦੁੱਧ ਉਤਪਾਦਾਂ, ਘਰੇਲੂ ਗੈਸ ਸਿਲੰਡਰ, ਗਰਮ ਹਵਾ ਦੇ ਗੁਬਾਰੇ, ਬੂਟੇ ਲਗਾ ਕੇ ਹਰਿਆਲੀ ਗਤੀਵਿਧੀਆਂ ਆਦਿ ਰਾਹੀਂ ਸੰਦੇਸ਼ ਫੈਲਾਉਣ ਤੱਕ ਦਾ ਲੰਬਾ ਸਫ਼ਰ ਤੈਅ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਸਮੁੱਚੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਕੇ ਹੋਰ ਹੁਲਾਰਾ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਲੋਕਤੰਤਰ ਦੇ ਤਿਉਹਾਰ 'ਚ ਵੋਟਾਂ ਵਾਲੇ ਦਿਨ ਸ਼ਾਮਲ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਵਿਸ਼ੇਸ਼ ਬੂਥਾਂ ਤੋਂ ਇਲਾਵਾ ਹਰੇਕ ਹਲਕੇ ਵਿੱਚ 10 ਮਾਡਲ ਪੋਲਿੰਗ ਬੂਥ ਬਣਾਏ ਜਾਣਗੇ। ਇਸੇ ਤਰ੍ਹਾਂ ਹਰੇਕ ਹਲਕੇ ਵਿੱਚ ਇੱਕ ਪਿੰਕ ਬੂਥ (ਖਾਸ ਤੌਰ 'ਤੇ ਮਹਿਲਾ ਸਟਾਫ ਦੁਆਰਾ ਪ੍ਰਬੰਧਿਤ ਕੀਤਾ ਜਾਵੇਗਾ), ਇੱਕ ਦਿਵਿਆਂਗ ਬੂਥ (ਵਿਸ਼ੇਸ਼ ਤੌਰ 'ਤੇ ਦਿਵਿਆਂਗ ਸਟਾਫ ਦੁਆਰਾ ਪ੍ਰਬੰਧਿਤ ਕੀਤਾ ਜਾਵੇਗਾ) ਅਤੇ ਇੱਕ ਯੂਥ ਬੂਥ (ਨੌਜਵਾਨ ਸਟਾਫ ਦੁਆਰਾ ਪ੍ਰਬੰਧਿਤ ਕੀਤਾ ਜਾਵੇਗਾ) ਵੀ ਹੋਵੇਗਾ।
ਉਨ੍ਹਾਂ ਕਿਹਾ ਕਿ ਗਰੀਨ ਇਲੈਕਸ਼ਨ ਸੰਕਲਪ ਅਧੀਨ ਬੂਥ ਮਾਨਵ ਮੰਗਲ ਸਕੂਲ ਫੇਜ਼ 10 ਵਿਖੇ ਸਥਾਪਿਤ ਕੀਤਾ ਜਾਵੇਗਾ ਜਦਕਿ ਏਅਰਪੋਰਟ ਮਾਡਲ 'ਤੇ ਆਧਾਰਿਤ ਐਮਿਟੀ ਸਕੂਲ ਸੈਕਟਰ 79 ਵਿਖੇ ਬਣਾਇਆ ਜਾਵੇਗਾ।
ਇਹ ਬੂਥ ਕ੍ਰਮਵਾਰ ਹਰਿਆਲੀ ਅਤੇ ਹਵਾਈ ਅੱਡੇ ਦਾ ਅਹਿਸਾਸ ਦਿਵਾਉਣਗੇ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਵਿੱਚ ਲੋਕਤੰਤਰ ਦੇ ਤਿਉਹਾਰ ਨੂੰ ਉਤਸ਼ਾਹੀ ਅਤੇ ਜੋਸ਼ੀਲੇ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਨਾਲ ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਸਹਾਇਕ ਰਿਟਰਨਿੰਗ ਅਫਸਰ-ਕਮ-ਐਸਡੀਐਮ ਮੁਹਾਲੀ ਦੀਪਾਂਕਰ ਗਰਗ, ਜ਼ਿਲ੍ਹਾ ਨੋਡਲ ਅਫਸਰ ਸਵੀਪ ਗੁਰਬਖਸੀਸ਼ ਸਿੰਘ ਅੰਟਾਲ, ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਗੁੱਡ ਗਵਰਨੈਂਸ ਫੈਲੋ ਵਿਜੇ ਲਕਸ਼ਮੀ ਯਾਦਵ ਵੀ ਮੌਜੂਦ ਸਨ।
No comments:
Post a Comment