ਕਰਜ਼ੇ ਕਾਰਨ 5 ਸਾਲਾਂ 'ਚ 270 ਤੋਂ ਵੱਧ ਕਿਸਾਨਾਂ ਦੀ ਮੌਤ: ਸਿੰਗਲਾ
ਮੋਹਾਲੀ, 14 ਮਈ :- ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਨਾਮਜ਼ਦਗੀ ਪੱਤਰ ਭਰਨ ਤੋਂ ਇਕ ਦਿਨ ਬਾਅਦ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਆੜੇ ਹੱਥੀਂ ਲੈਂਦਿਆਂ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਭਾਰੀ ਕਰਜ਼ੇ ਦੀ ਜਕੜ ਵਿਚ ਹੈ, ਗਰਦਨ ਤੱਕ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਅਤੇ ਇਹ ਗਲਤ ਨੀਤੀਆਂ ਅਤੇ ਅਨੁਭਵਹੀਣ ਪ੍ਰਸ਼ਾਸਨਿਕ ਕਾਰਜਸ਼ੈਲੀ ਦਾ ਨਤੀਜਾ ਹੈ। ਰਾਜ ਸਰਕਾਰ ਨਿਯਮਤ ਕੰਮਕਾਜ ਨੂੰ ਜਾਰੀ ਰੱਖਣ ਲਈ ਕਰਜ਼ਿਆਂ 'ਤੇ ਨਿਰਭਰ ਹੈ। ਸਾਰੇ ਸੂਬਿਆਂ 'ਚੋਂ ਪੰਜਾਬ ਦਾ ਕਰਜ਼ਾ ਸਭ ਤੋਂ ਵੱਧ ਹੈ। ਇਸ ਦੀਆਂ ਬਕਾਇਆ ਦੇਣਦਾਰੀਆਂ 2024 ਦੇ ਅੰਤ ਤੱਕ ਜੀਐਸਡੀਪੀ ਦਾ 46.8 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਬਹੁਤੇ ਅਜੇ ਤੱਕ ਪੂਰੇ ਨਹੀਂ ਹੋਏ। ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ। ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਅਤੇ ਰਾਜ ਦੇ ਮੁਲਾਜ਼ਮਾਂ ਨੂੰ ਬੁਢਾਪਾ ਪੈਨਸ਼ਨ ਦੇਣ ਦਾ ਭਰੋਸਾ ਦਿੱਤਾ ਸੀ ਪਰ ਇਹ ਸਰਕਾਰ ਹੁਣ ਤੱਕ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਸੂਬੇ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਦੀ ਵਿਗੜ ਰਹੀ ਆਰਥਿਕ ਹਾਲਤ ਚਿੰਤਾਜਨਕ ਹੈ ਅਤੇ ਕਾਂਗਰਸ ਉਨ੍ਹਾਂ ਦੀ ਭਲਾਈ ਲਈ ਕੰਮ ਕਰੇਗੀ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਦੇ ਬਾਵਜੂਦ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 5 ਸਾਲਾਂ ਵਿੱਚ 270 ਤੋਂ ਵੱਧ ਕਿਸਾਨਾਂ ਦੀ ਮੌਤ ਕਰਜ਼ੇ ਦੇ ਜਾਲ ਵਿੱਚ ਫਸਣ ਕਾਰਨ ਹੋਈ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਅੱਥਰੂ ਗੈਸ ਦੇ ਗੋਲੇ ਅਤੇ ਪੈਲੇਟ ਗੰਨਾਂ ਨਾਲ ਕਿਸਾਨਾਂ ਨੂੰ ਪਿੱਛੇ ਧੱਕ ਦਿੱਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਭਾਈਚਾਰਾ ਆਪਣੀਆਂ ਵੋਟਾਂ ਨਾਲ ਭਾਜਪਾ ਨੂੰ ਪਿੱਛੇ ਧੱਕੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਜੇ ਇੰਦਰ ਸਿੰਗਲਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਸਿੰਗਲਾ ਨੇ ਇਲਾਕੇ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ, ਚਾਹੇ ਉਹ ਪੀਜੀਆਈ ਜਿੰਨਾ ਵੱਡਾ ਹਸਪਤਾਲ ਹੋਵੇ ਜਾਂ ਕੈਂਸਰ ਹਸਪਤਾਲ। ਮੈਂ ਚਮਕੌਰ ਸਾਹਿਬ ਵਿਖੇ ਸੜਕ ਨੂੰ ਚੌੜਾ ਕਰਨ ਅਤੇ ਕਨੇਕਟਵਿਟੀ ਦੇ ਕੰਮ ਲਈ ਵੀ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਵਿਜੇ ਇੰਦਰ ਸਿੰਗਲਾ ਦਾ ਰੋਡ ਸ਼ੋਅ ਲਾਈਟਾਂ ਵਾਲਾ ਚੌਕ, ਸਨਾਤਨ ਧਰਮ ਮੰਦਰ, ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ, ਖੂਹਵਾਲਾ ਚੌਕ, ਚਮਕੌਰ ਸਾਹਿਬ ਮੋੜ, ਪਿੰਡ ਕਾਂਜਲਾ, ਕਲਾਰਾਂ, ਸਰਹਾਣਾ, ਦੁੱਧਣਾ ਮੋੜ, ਚੱਕਲਾਂ, ਰਾਮਗੜ੍ਹ, ਲੁਠੇੜੀ, ਰੁੜਕੀ ਹੀਰਾ, ਕਲਿਆਣ ਪੈਟਰੋ ਪਿੰਡ ਪਿੱਪਲ ਮਾਜਰਾ, ਘੋੜੇਵਾਲਾ ਚੌਕ, ਸ਼੍ਰੀ ਕਤਲਗੜ੍ਹ ਸਾਹਿਬ, ਸ਼੍ਰੀ ਚਮਕੌਰ ਸਾਹਿਬ ਤੋਂ ਹੁੰਦਿਆ ਹੋਇਆ ਦੇਰ ਸ਼ਾਮ ਅਨਾਜ ਮੰਡੀ ਸ਼੍ਰੀ ਚਮਕੌਰ ਸਾਹਿਬ, ਨਗਰਖੇੜਾ, ਮੋਰਿੰਡਾ ਅਤੇ ਬੰਗਲਾ ਬਸਤੀ, ਮੋਰਿੰਡਾ ਵਿਖੇ ਸਮਾਪਤ ਹੋਇਆ।
No comments:
Post a Comment