SBP GROUP

SBP GROUP

Search This Blog

Total Pageviews

Wednesday, June 12, 2024

ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ਦਾ ਕੰਮ ਜੁਲਾਈ 2025 ਤਕ ਹੋਵੇਗਾ ਮੁਕੰਮਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਜੂਨ : ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਦੇਣ ਲਈ ਜ਼ਿਲ੍ਹੇ ਵਿੱਚ ਕੌਮੀ ਮਾਰਗਾਂ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ ਅਤੇ ਇਸ ਤਹਿਤ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ਦਾ ਕੰਮ ਅਗਲੇ ਸਾਲ 2025 ਦੇ ਜੁਲਾਈ ਮਹੀਨੇ ਤਕ ਮੁਕੰਮਲ ਹੋ ਜਾਵੇਗਾ। ਇਸੇ ਤਰ੍ਹਾਂ ਕੌਮੀ ਮਾਰਗ ਆਈ.ਟੀ.ਸਿਟੀ ਤੋਂ ਕੁਰਾਲੀ ਦਾ ਕੰਮ ਇਸ ਸਾਲ ਦਸੰਬਰ ਅਤੇ ਮੋਹਾਲੀ-ਸਰਹਿੰਦ ਕੌਮੀ ਮਾਰਗ ਦਾ ਕੰਮ ਜੂਨ 2025 ਤਕ ਪੂਰਾ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਾਂਝੀ ਕੀਤੀ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਬਣ ਰਹੇ ਇਨ੍ਹਾਂ ਕੌਮੀ ਮਾਰਗਾਂ ਦੀ ਉਸਾਰੀ ਦੌਰਾਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਯਤਨ ਹੈ ਕਿ ਲੋਕਾਂ ਨੂੰ ਕੋਈ ਵੱਡੀ ਦਿੱਕਤ ਨਾ ਆਵੇ ਤੇ ਇਹ ਪ੍ਰੋਜੈਕਟ ਜਲਦ ਤੋਂ ਜਲਦ ਮੁਕੰਮਲ ਹੋ ਜਾਣ। ਪ੍ਰਗਤੀ ਅਧੀਨ ਕਾਰਜਾਂ ਵਿੱਚੋਂ ਉਪਰੋਕਤ ਦੇ ਮੁਕੰਮਲ ਹੋਣ ਦੇ ਸਮੇਂ ਬਾਰੇ ਜਾਣਕਾਰੀ ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ।


ਡਿਪਟੀ ਕਮਿਸ਼ਨਰ ਨੇ ਹਾਈਵੇਅਜ਼ ਅਥਾਰਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਗਾਮੀ ਬਰਸਾਤਾਂ ਦੇ ਮੌਸਮ ਦੇ ਮੱਦੇਨਜ਼ਰ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਬਣੇ ਹੋਏ ਕੌਮੀ ਮਾਰਗਾਂ ਤੇ ਉਸਾਰੀ ਅਧੀਨ ਕੌਮੀ ਮਾਰਗਾਂ ਕਾਰਨ ਪਾਣੀ ਦੇ ਵਹਾਅ ਵਿੱਚ ਅੜਿੱਕਾ ਨਾ ਲੱਗੇ। ਇਸ ਦੇ ਨਾਲ-ਨਾਲ ਕੌਮੀ ਮਾਰਗਾਂ ਦੀਆਂ ਡਰੇਨਾਂ ਦੀ ਸਫਾਈ ਯਕੀਨੀ ਬਣਾਈ ਜਾਵੇ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਈਵੇਅਜ਼ ਅਥਾਰਟੀ ਵੱਲੋਂ ਜ਼ੀਰਕਪੁਰ-ਡੇਰਾਬਸੀ ਹਾਈਵੇਅ ਉਤੇ ਸਥਿਤ ਮੈਕਡਾਨਲਡ ਰੈਸਟੋਰੈਂਟ ਲਾਗੇ ਬਰਸਾਤਾਂ ਵਿੱਚ ਖੜ੍ਹਦੇ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਪਾਈਪਲਾਈਨ ਵੀ ਪਾਈ ਜਾ ਰਹੀ ਹੈ, ਜਿਸ ਨਾਲ ਉਸ ਥਾਂ ਉਤੇ ਪਾਣੀ ਖੜ੍ਹਨ ਦੀ ਮੁਸ਼ਕਲ ਤੋਂ ਨਿਜਾਤ ਮਿਲੇਗੀ। ਉਨ੍ਹਾਂ ਨੇ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਕਿਹਾ ਪ੍ਰੋਜੈਕਟ ਮੁਕੰਮਲ ਹੋਣ ਸਬੰਧੀ ਦਰਪੇਸ਼ ਦਿਕਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣ। ਅਧਿਕਾਰੀਆਂ ਵੱਲੋਂ ਦੱਸੀਆਂ ਮੁਸ਼ਕਲਾਂ ਦੇ ਹਲ ਲਈ ਡਿਪਟੀ ਕਮਿਸ਼ਨਰ ਨੇ ਫੌਰੀ ਤੌਰ ਉਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।


ਇਸ ਮੌਕੇ ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

No comments:


Wikipedia

Search results

Powered By Blogger