ਐਸ.ਏ.ਐਸ. ਨਗਰ, 12 ਜੂਨ : ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੈਡੀਕਲ ਕਾਲਜਾਂ ਵਿਚ ਦਾਖ਼ਲੇ ਲਈ ਲਈ ਗਈ ਨੀਟ ਪ੍ਰੀਖਿਆ ਵਿਚ ਪੇਪਰ ਲੀਕ ਸਮੇਤ ਹੋਈਆਂ ਧਾਂਦਲੀਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੱਕ ਚੱਲ ਰਹੀ ਕੌਂਸਲਿੰਗ ਤੁਰੰਤ ਮੁਲਤਵੀ ਕੀਤੀ ਜਾਵੇ।
ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਅਤਿ ਗੰਭੀਰ ਮਾਮਲੇ ਨਾਲ ਹਜ਼ਾਰਾਂ ਹੋਣਹਾਰ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੋਇਆ ਹੋਣ ਕਾਰਨ ਕੇਂਦਰ ਸਰਕਾਰ ਇਹ ਯਕੀਨੀ ਬਣਾਵੇ ਕਿ ਇਕ ਵੀ ਯੋਗ ਵਿਦਿਆਰਥੀ ਦਾਖ਼ਲੇ ਤੋਂ ਵਾਂਝਾ ਨਾ ਰਹੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਇਹ ਖ਼ਦਸ਼ਾ ਬਿਲਕੁਲ ਠੀਕ ਜਾਪਦਾ ਹੈ ਕਿ 67 ਵਿਦਿਆਰਥੀਆਂ ਨੇ ਪੂਰੇ ਦੇ ਪੂਰੇ 720 ਅੰਕ ਹਾਸਲ ਕੀਤੇ ਹਨ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਪੂਰੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਇਕ, ਦੋ ਜਾਂ ਵੱਧ ਤੋਂ ਵੱਧ ਤਿੰਨ ਤੱਕ ਹੀ ਰਹਿੰਦੀ ਰਹੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਪੂਰੇ ਪੂਰੇ ਅੰਕ ਲੈਣ ਵਾਲੇ ਇਹਨਾਂ ਵਿਦਿਆਰਥੀਆਂ ਦਾ ਮਹਿਜ਼ 6 ਪ੍ਰੀਖਿਆ ਕੇਂਦਰਾਂ ਨਾਲ ਸਬੰਧਤ ਹੋਣਾ ਵੀ ਪੇਪਰ ਲੀਕ ਜਾਂ ਨਕਲ ਵਰਗੀਆਂ ਧਾਂਦਲੀਆਂ ਵੱਲ ਇਸ਼ਾਰਾ ਕਰਦਾ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਇਸ ਮਾਮਲੇ ਨਾਲ ਕੇਂਦਰ ਸਰਕਾਰ ਤੇ ਇਸ ਨਾਲ ਸਬੰਧਤ ਅਦਾਰਿਆਂ ਦਾ ਵਕਾਰ ਅਤੇ ਭਰੋਸੇਯੋਗਤਾ ਵੀ ਜੁੜੀ ਹੋਈ ਹੈ ਜੋ ਹਰ ਹਾਲਤ ਵਿਚ ਬਰਕਰਾਰ ਰਹਿਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਅਦਾਰਿਆਂ ਦੇ ਨਾਲ ਨਾਲ ਕੇਂਦਰ ਸਰਕਾਰ ਦੀ ਵੀ ਕੌਮਾਂਤਰੀ ਪੱਧਰ ਉਤੇ ਬਦਨਾਮੀ ਹੋਈ ਹੈ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿਚ ਤੁਰੰਤ ਨਿੱਜੀ ਦਖ਼ਲ ਦੇ ਕੇ ਵਿਦਿਆਰਥੀਆਂ ਨੂੰ ਇਨਸਾਫ਼ ਦੁਆਉਣਾ ਚਾਹੀਦਾ ਹੈ।
No comments:
Post a Comment