SBP GROUP

SBP GROUP

Search This Blog

Total Pageviews

Wednesday, June 5, 2024

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਕੱਢੀ ਸਾਈਕਲ ਰੈਲ਼ੀ

 ਰੂਪਨਗਰ , 5 ਜੂਨ, : ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ, ਜਿਸਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਤੇ ਸੀਨੀਅਰ ਕਪਤਾਨ ਪੁਲੀਸ ਗੁਲਨੀਤ ਸਿੰਘ ਖੁਰਾਣਾ ਨੇ ਹਰੀ ਝ਼ੰਡੀ ਦੇ ਕੇ ਏ.ਡੀ.ਆਰ ਸੈਂਟਰ ਤੋਂ ਰਵਾਨਾ ਕੀਤਾ। ਇਸ ਰੈਲੀ ਦੇ ਵਿੱਚ ਸਪੈਸ਼ਲ ਸਕੱਤਰ ਇਰੀਗੇਸ਼ਨ ਅਤੇ ਜਲ ਸਰੋਤ ਵਿਭਾਗ ਉੱਤਰ ਪ੍ਰਦੇਸ਼ ਸ਼੍ਰੀ ਹੀਰਾ ਲਾਲ ਪਟੇਲ ਆਈ.ਏ.ਐਸ ਅਫਸਰ ਅਤੇ ਯੂ.ਆਈ.ਐਲ.ਐਸ ਪੰਜਾਬ ਪ੍ਰੋਫੈਸਰ ਰਤਨ ਸਿੰਘ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ।


ਇਹ ਰੈਲੀ ਏ.ਡੀ.ਆਰ ਸੈਂਟਰ ਤੋਂ ਸ਼ੁਰੂ ਹੋ ਕੇ ਬੱਚਤ ਚੌਂਕ ਤੋਂ ਹੁੰਦੀ ਹੋਈ ਬੇਲਾ ਚੌਂਕ ਅਤੇ ਫੇਰ ਕੋਰਟ ਕੰਪਲੈਕਸ ਦੇ ਅੱਗੋਂ ਹੁੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਸਮਾਪਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਹੀਰਾ ਲਾਲ ਪਟੇਲ ਨੇ ਕਿਹਾ ਕਿ ਹਰ ਸਾਲ 5 ਜੂਨ ਨੂੰ ਮਨਾਏ ਜਾਂਦੇ ਵਿਸ਼ਵ ਵਾਤਾਵਰਨ ਦਿਵਸ ਦਾ ਇਸ ਸਾਲ ਦਾ ਖਾਸ ਮੰਤਵ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਵੱਧ ਰਹੀ ਜੰਗਲਾਂ ਦੀ ਕਟਾਈ ਨੂੰ ਘਟਾਉਣਾ ਹੈ। 

ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਅਹਿਮ ਜ਼ਿੰਮੇਵਾਰੀ ਹੈ, ਹਰ ਨਾਗਰਿਕ ਨੂੰ ਪੌਦੇ ਲਗਾਉਣ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆ ਨੂੰ ਪੌਦਿਆਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰੇਕ ਖ਼ੁਸ਼ੀ ਅਤੇ ਗ਼ਮੀ ਦੇ ਮੌਕੇ ’ਤੇ ਪੌਦੇ ਲਗਾਉਣ ਦੀ ਪਿਰਤ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ। 

ਸੀਨੀਅਰ ਪੁਲੀਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਰੁਖ ਅਖਤਿਆਰ ਕਰਦੀ ਜਾ ਰਹੀ ਹੈ, ਜਿਸ ਲਈ ਸਾਰਿਆਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਮਨੁੱਖ ਕੋਲ ਰਹਿਣ ਲਈ ਸਿਰਫ ਇੱਕ ਧਰਤੀ ਹੈ ਪਰ ਮਨੁੱਖ ਦੇ ਵਾਤਾਵਰਨ ਪ੍ਰਤੀ ਗੈਰ ਜਿੰਮੇਵਾਰਨਾ ਰੁਖ਼ ਕਾਰਨ ਕੁਦਰਤ ਦੀਆਂ ਜੀਵਨ ਜਿਉਣ ਲਈ ਬੁਨਿਆਦੀ ਨਿਆਂਮਤਾਂ ਜਿਵੇਂ ਪਾਣੀ, ਹਵਾ ਤੇ ਮਿੱਟੀ, ਪਲੀਤ ਅਤੇ ਗੰਦਲੀਆਂ ਹੁੰਦੀਆਂ ਜਾ ਰਹੀਆਂ ਹਨ, ਜਿਸ ਨੂੰ ਬਚਾਉਣ ਦੀ ਸਖਤ ਲੋੜ ਹੈ। 

ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸਾਫ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਵਾਤਾਵਰਨ ਨੂੰ ਵੇਖਦੇ ਹੋਏ ਜੰਗਲਾਂ ਦੀ ਕਟਾਈ ਦੇ ਸੰਕਟ ਨੂੰ ਹੱਲ ਕਰਨਾ ਲਾਜਮੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਸੰਕਟ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣ ਦਾ ਸੰਕਲਪ ਲੈਣ ਨੂੰ ਕਿਹਾ। 

ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ ਇਸ ਖਾਸ ਰੈਲੀ ਦਾ ਆਯੋਜਨ ਜਲਵਾਯੂ ਤਬਦੀਲੀ, ਗਲੋਬਲ ਵਾਰਮਿੰਗ, ਜੰਗਲਾਂ ਦੀ ਕਟਾਈ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਲਈ ਇੱਕ ਯਤਨ ਹੈ। ਇਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਪਾਰਕ ਵਿੱਚ ਸ਼੍ਰੀਮਤੀ ਰਮੇਸ਼ ਕੁਮਾਰੀ ਦੇ ਨਾਲ-ਨਾਲ ਡਾ. ਹੀਰਾ ਲਾਲ ਪਟੇਲ ਅਤੇ ਸੀਨੀਅਰ ਪੁਲਿਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਨੇ ਬੋਹੜ, ਪਿੱਪਲ ਅਤੇ ਨਿੰਮ ਦੇ ਬੂਟੇ (ਤ੍ਰਿਵੈਣੀ) ਲਗਾਏ। ਇਸ ਦੇ ਨਾਲ-ਨਾਲ ਬਾਕੀ ਮੌਜੂਦ ਅਫਸਰਾਂ ਨੇ ਵੀ ਪਾਰਕ ਵਿੱਚ ਬੂਟੇ ਲਗਾ ਕੇ ਸਭਨਾਂ ਨੂੰ ਹੋਰ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ। 

ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਸ਼ਾਮ ਲਾਲ, ਸੀ.ਜੇ.ਐਮ. ਸ਼੍ਰੀ ਅਸ਼ੀਸ਼ ਠਠਈ, ਜੇ.ਐਮ.ਆਈ.ਸੀ. ਰੂਪਨਗਰ ਡਾ. ਸੀਮਾ ਅਗਨੀਹੋਤਰੀ, ਡੀ ਪੀ ਆਰ ਓ ਕਰਨ ਮਹਿਤਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਮਨਦੀਪ ਮੋਦਗਿੱਲ, ਚੀਫ ਐਲ.ਏ.ਡੀ.ਸੀ. ਸ. ਰਾਜਬੀਰ ਸਿੰਘ ਰਾਏ, ਸਹਾਇਕ ਐਲ.ਏ.ਡੀ.ਸੀ. ਸ਼੍ਰੀ ਅਸ਼ੀਸ਼ ਕੁਮਾਰ, ਜ਼ਿਲ੍ਹਾ ਜੰਗਲਾਤ ਅਫਸਰ ਸ. ਹਰਜਿੰਦਰ ਸਿੰਘ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਕੁਲਦੀਪ ਚੁੱਘ, ਰੋਟਰੀ ਕਲੱਬ ਤੋਂ ਡਾ. ਨਮਰਤਾ ਪਰਮਾਰ ਦੇ ਨਾਲ-ਨਾਲ ਬਾਰ ਐਸੋਸੀਏਸ਼ਨ ਦੇ ਬਾਕੀ ਵਕੀਲ ਸਾਹਿਬਾਨ, ਸਾਂਝ ਕੇਂਦਰ ਤੋਂ ਸਟਾਫ਼, ਰੈੱਡ ਕਰਾਸ ਦਾ ਸਟਾਫ਼, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮੂਹ ਸਟਾਫ ਅਤੇ ਸ਼ਹਿਰ ਦੇ ਬਾਕੀ ਲੋਕਾਂ ਨੇ  ਵੱਧ ਚੜ੍ਹ ਕੇ ਹਿੱਸਾ ਲਿਆ।

No comments:


Wikipedia

Search results

Powered By Blogger