ਮੋਹਾਲੀ, 11 ਜੁਲਾਈ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਕਿਸਾਨ ਭਵਨ, ਸੈਕਟਰ 35-ਏ, ਚੰਡੀਗੜ੍ਹ ਵਿਖੇ ਜੇਹਲਮ ਹਾਲ ਦਾ ਉਦਘਾਟਨ ਕੀਤਾ ਗਿਆ। ਜਿਸਨੂੰ ਆਮ ਲੋਕਾਂ ਦੀ ਸਹੁਲਤ ਨੂੰ ਮੁੱਖ ਰੱਖਦਿਆਂ ਕਿੱਟੀ ਪਾਰਟੀਆਂ ਸਮੇਤ ਹੋਰ ਛੋਟੇ ਪ੍ਰੋਗਰਾਮਾਂ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ. ਬਰਸਟ ਨੇ ਦੱਸਿਆ ਕਿ ਇਸ ਹਾਲ ਵਿੱਚ 25-30 ਲੋਕਾਂ ਦੇ ਪਾਰਟੀ ਕਰਨ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਲਈ ਹਾਲ ਵਿੱਚ ਐਲ.ਈ.ਡੀ. ਟੀਵੀ, ਡੀ.ਜੇ. ਮਿਊਜਿਕ ਅਤੇ ਲਾਇਟ ਸਿਸਟਮ ਵੀ ਲਗਾਇਆ ਗਿਆ ਹੈ।


ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਭਵਨ ਵਿਖੇ ਕਮਰਿਆਂ ਲਈ 24 ਘੰਟੇ ਬੁਕਿੰਗ ਖੁੱਲੀ ਹੈ। ਇਸਦੇ ਨਾਲ ਹੀ ਪੰਜ-ਆਬ ਰੈਸਟੋਰੈਂਟ ਨੂੰ ਵੀ 24 ਘੰਟੇ ਖੋਲਿਆ ਜਾ ਰਿਹਾ ਹੈ। ਕਿਸਾਨ ਭਵਨ, ਚੰਡੀਗੜ੍ਹ ਵਿਚ ਆਧੁਨਿਕ ਸਹੂਲਤਾਂ ਤੋਂ ਭਰਪੂਰ ਤੇ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ 40 ਬੈੱਡਰੂਮ ਅਤੇ 115 ਡੌਰਮੈਟਰੀ ਬੈੱਡ ਹਨ, ਜਿਨ੍ਹਾਂ ਵਿੱਚ ਟੈਲੀਵਿਜ਼ਨ ਦੇ ਨਾਲ-ਨਾਲ ਸਟੱਡੀ ਟੇਬਲ ਦੀ ਵੀ ਸੁਵਿਧਾ ਦਿੱਤੀ ਗਈ ਹੈ। ਰਾਵੀ ਤੇ ਚਿਨਾਬ ਨਾਂ ਦੇ ਦੋ ਕਾਨਫਰੰਸ ਹਾਲ, ਜਿਨ੍ਹਾਂ ਵਿੱਚ 40 ਤੋਂ ਲੈ ਕੇ 100 ਲੋਕਾਂ ਤੱਕ ਭਾਗ ਲੈਣ ਦੀ ਵਿਵਸਥਾ ਹੈ ਅਤੇ ਸਤੱਲੁਜ ਤੇ ਬਿਆਸ ਨਾਂ ਦੇ ਵੱਡੇ ਪਾਰਟੀ ਹਾਲ ਵੀ ਇੱਥੇ ਮੌਜੂਦ ਹਨ, ਜਿਨ੍ਹਾਂ ਵਿੱਚ 150 ਤੋਂ ਲੈ ਕੇ 1000 ਤੱਕ ਦੀ ਗਿਣਤੀ ਤੱਕ ਲੋਕ ਸ਼ਾਮਲ ਹੋ ਸਕਦੇ ਹਨ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਕਿਸਾਨ ਭਵਨ ਦੇ ਕਮਰਿਆਂ/ਹਾਲਾਂ ਤੋਂ 3,74,51,573 ਰੁਪਏ ਦੀ ਆਮਦਨ ਹੋਈ ਹੈ, ਜਦਕਿ ਪਿਛਲੇ ਮਹੀਨੇ (ਜੂਨ) ਵਿੱਚ 39,27,354 ਰੁਪਏ ਦੀ ਆਮਦਨ ਹੋਈ ਹੈ। kisanbhawan.emandikaran-pb.in ਵੈਬਸਾਇਟ ਰਾਹੀਂ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਵਿੱਚ ਬੁਕਿੰਗ ਕਰਵਾਉਣ ਦੇ ਨਾਲ-ਨਾਲ ਵਧੇਰੀ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ।

ਇਸ ਮੌਕੇ ਸ੍ਰੀਮਤੀ ਗੀਤਿਕਾ ਸਿੰਘ ਸੰਯੁਕਤ ਸਕੱਤਰ, ਸ. ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਅਰ, ਸ. ਮਨਜੀਤ ਸਿੰਘ ਸੰਧੂ ਜੀ.ਐਮ., ਸ. ਪਰਮਜੀਤ ਸਿੰਘ ਚੀਫ਼ ਓਪਰੇਟਿੰਗ ਅਫ਼ਸਰ ਕਿਸਾਨ ਭਵਨ, ਸ. ਸਵਰਨ ਸਿੰਘ ਡੀ.ਜੀ.ਐਮ. (ਮਾਰਕਟਿੰਗ), ਭਜਨ ਕੌਰ ਡੀ.ਜੀ.ਐਮ. (ਅਸਟੇਟ), ਜਸਬੀਰ ਕੌਰ ਡੀ.ਟੀ.ਪੀ,  ਪਰਵੇਜ਼ ਸਿੰਘ ਚੌਹਾਨ ਕੇਅਰ ਟੇਕਰ ਕਿਸਾਨ ਭਵਨ ਸਹਿਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।