ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਕੇ ਜ਼ਿਲ੍ਹੇ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ
ਐਸ.ਏ.ਐਸ.ਨਗਰ, 26 ਸਤੰਬਰ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ-2024 ਸਬੰਧੀ ਨੋਟੀਫਿਕੇਸ਼ਨ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੁਹਾਲੀ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਜੈਨ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੁੱਲ 332 ਗ੍ਰਾਮ ਪੰਚਾਇਤਾਂ ਹਨ, ਜਿਨ੍ਹਾਂ ਲਈ ਨਾਮਜ਼ਦਗੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋ ਕੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲੇਗੀ। 28 ਸਤੰਬਰ ਨੂੰ ਛੁੱਟੀ ਹੋਣ ਕਾਰਨ ਕੋਈ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 4 ਅਕਤੂਬਰ, 2024 ਹੋਵੇਗੀ। ਕਾਗਜ਼ਾਂ ਦੀ ਪੜਤਾਲ 5 ਅਕਤੂਬਰ, 2024 ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 7 ਅਕਤੂਬਰ, 2024 ਨੂੰ ਸ਼ਾਮ 3 ਵਜੇ ਤੱਕ ਹੋਵੇਗੀ। ਉਸ ਤੋਂ ਬਾਅਦ, ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਅਤੇ 15 ਅਕਤੂਬਰ, 2024 ਨੂੰ ਸਵੇਰੇ 8:00 ਤੋਂ 4:00 ਵਜੇ ਤੱਕ ਬੈਲਟ ਬਕਸਿਆਂ ਰਾਹੀਂ ਵੋਟਿੰਗ ਕਰਨ ਦਾ ਸਮਾਂ ਤੈਅ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ, ਮਤਦਾਨ ਹੋਣ ਤੋਂ ਬਾਅਦ ਉਸੇ ਦਿਨ ਕੀਤੀ ਜਾਵੇਗੀ। ਸਰਪੰਚ ਲਈ ਉਮੀਦਵਾਰ ਦੇ ਚੋਣ ਖਰਚੇ ਦੀ ਸੀਮਾ 40,000 ਅਤੇ ਪੰਚ ਲਈ 30,000 ਰੁਪਏ ਤੱਕ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਬਲਾਕਾਂ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੋਟਰਾਂ ਲਈ ਸਾਰੀਆਂ ਲੋੜੀਂਦੀਆਂ ਘੱਟੋ-ਘੱਟ ਸਹੂਲਤਾਂ ਵਾਲੇ ਕੁੱਲ 422 ਪੋਲਿੰਗ ਬੂਥ ਬਣਾਏ ਗਏ ਹਨ।
ਜ਼ਿਲ੍ਹੇ ਵਿੱਚ 332 ਪੰਚਾਇਤਾਂ ਹਨ ਜਿਨ੍ਹਾਂ ਵਿੱਚ 422 ਪੋਲਿੰਗ ਬੂਥ ਹਨ ਅਤੇ 296860 ਵੋਟਰ (ਪੁਰਸ਼ 159028, ਇਸਤਰੀ 137823, ਹੋਰ 9) ਹਨ। ਬਲਾਕ-ਵਾਰ ਖਰੜ ਬਲਾਕ ਵਿੱਚ 65 ਪੰਚਾਇਤਾਂ, 75 ਪੋਲਿੰਗ ਬੂਥ ਅਤੇ 51128 ਵੋਟਰ (ਮਰਦ 27162, ਇਸਤਰੀ 23964, ਹੋਰ 2), ਡੇਰਾਬੱਸੀ ਬਲਾਕ ਵਿੱਚ 93 ਪੰਚਾਇਤਾਂ, 121 ਪੋਲਿੰਗ ਬੂਥ ਅਤੇ 91569 ਵੋਟਰ (ਪੁਰਸ਼ 49041, ਇਸਤਰੀ 42526 ਅਤੇ ਹੋਰ 2), ਮੋਹਾਲੀ ਬਲਾਕ ਵਿੱਚ 73 ਪੰਚਾਇਤਾਂ, 116 ਪੋਲਿੰਗ ਬੂਥ ਅਤੇ 87518 ਵੋਟਰ (ਪੁਰਸ਼ 46944, ਇਸਤਰੀ 40570, ਹੋਰ 4) ਅਤੇ ਮਾਜਰੀ ਬਲਾਕ ਵਿੱਚ 101 ਪੰਚਾਇਤਾਂ, 110 ਪੋਲਿੰਗ ਬੂਥ ਅਤੇ 66645 ਵੋਟਰ (ਪੁਰਸ਼ 35881, ਇਸਤਰੀ 30763 ਅਤੇ ਹੋਰ 1) ਹਨ। ਜ਼ਿਲ੍ਹੇ ਵਿੱਚ ਪੰਚਾਂ ਦੀਆਂ ਚੋਣਾਂ ਲਈ ਕੁੱਲ ਵਾਰਡ ਹਨ। ਇਨ੍ਹਾਂ ਵਿੱਚੋਂ ਡੇਰਾਬੱਸੀ ਬਲਾਕ ਵਿੱਚ 615, ਮਾਜਰੀ ਬਲਾਕ ਵਿੱਚ 579, ਮੁਹਾਲੀ ਵਿੱਚ 471 ਅਤੇ ਖਰੜ ਵਿੱਚ 466 ਹਨ।
ਉਨ੍ਹਾਂ ਅੱਗੇ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਜ਼ਿਲ੍ਹੇ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਬਲਾਕ-ਵਾਰ ਤਾਇਨਾਤ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਪ੍ਰਵਾਨ ਕਰਨੇ ਹਨ।
ਪੰਚਾਇਤਾਂ ਦੇ ਰਾਖਵੇਂਕਰਨ ਦੀ ਸੂਚੀ ਜ਼ਿਲ੍ਹੇ ਦੀ ਵੈੱਬਸਾਈਟ sasnagar.nic.in 'ਤੇ ਅਪਲੋਡ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਸਬੰਧਤ ਧਿਰਾਂ ਅਤੇ ਚਾਹਵਾਨ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
No comments:
Post a Comment