ਪਾਕਿਸਤਾਨ ਸਰਕਾਰ ਵੱਲੋਂ ਵੀਜੇ ਜਾਰੀ ਕੀਤੇ ਗਏ
ਮੋਹਾਲੀ 25 ਸਤੰਬਰ: ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਉਹਨਾਂ ਦੇ ਜਨਮ ਅਸਥਾਨ ਗੁਰਦੁਆਰਾ ਚੂੰਨਾਂ ਮੰਡੀ ਲਾਹੌਰ ਵਿਖੇ ਮਨਾਉਣ ਲਈ ਭਾਰਤੀ ਸ਼ਰਧਾਲੂਆਂ ਦਾ 31 ਮੈਂਬਰੀ ਇੱਕ ਜਥਾ 7 ਅਕਤੂਬਰ 2024 ਨੂੰ ਜਥੇਦਾਰ ਨਿਸ਼ਾਨ ਸਿੰਘ ਕਾਹਲੋਂ, ਸੇਵਾ ਮੁਕਤ ਸੁਪਰਡੰਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਗਵਾਈ ਹੇਠ ਪਾਕਿਸਤਾਨ ਜਾਵੇਗਾ। ਪਾਕਿਸਤਾਨ ਅੰਬੈਸੀ ਨੇ ਜਥੇ ਦੇ ਸਮੂਹ ਮੈਂਬਰਾਂ ਨੂੰ 15 ਦਿਨਾਂ ਦੀ ਸਟੇਅ ਵਾਲੇ ਇੱਕ ਮਹੀਨੇ ਦੇ ਵਿਜੀਟਰ ਵੀਜੇ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤੇ ਅਨੁਸਾਰ ਭਾਰਤ ਤੋਂ ਹਰ ਸਾਲ ਸਿਰਫ ਚਾਰ ਜਥੇ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, ਵੈਸਾਖੀ, ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਅਤੇ ਮਹਾਂਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਜਾਂਦੇ ਹਨ ਪਰ ਇਹ ਤੀਜੀ ਵਾਰ ਹੈ ਕਿ ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਜਥਾ ਭੇਜਿਆ ਜਾ ਰਿਹਾ ਹੈ। ਇਸ ਸਪੈਸ਼ਲ ਜਥੇ ਦੀ ਮਨਜ਼ੂਰੀ ਵਾਸਤੇ ਜਥਾ ਮੁਖੀ ਨੂੰ ਬਹੁਤ ਮੇਹਨਤ ਕਰਨੀ ਪਈ ਹੈ। ਇਸ ਤੋਂ ਪਹਿਲਾਂ ਜਥੇਦਾਰ ਕਾਹਲੋਂ ਸਤੰਬਰ 2019 ਅਤੇ ਅਕਤੂਬਰ 2021 ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਸਪੈਸ਼ਲ ਜਥਿਆਂ ਦੀ ਅਗਵਾਈ ਕਰ ਚੁੱਕੇ ਹਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਤੀਜੀ ਵਾਰ ਵੀ ਸਪੈਸ਼ਲ ਜਥਾ ਲਿਜਾਣ ਲਈ ਵੀਜੇ ਜਾਰੀ ਕੀਤੇ ਗਏ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਮਹੱਤਵਪੂਰਨ ਅਤੇ ਉਲੇਖਯੋਗ ਕਾਰਜ ਹੈ।
ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਪ੍ਰਚਾਰ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪਾਕਿਸਤਾਨ ਅੰਬੈਸੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਗੇ ਤੋਂ ਜਦੋਂ ਵੀ ਨਿਸ਼ਾਨ ਸਿੰਘ ਕਾਹਲੋਂ ਚਾਹੁੰਣਗੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਸਪੈਸ਼ਲ ਜਥੇ ਨੂੰ ਵੀਜੇ ਦਿੱਤੇ ਜਾਣਗੇ। ਚੇਤੇ ਰਹੇ ਕਿ ਚੋਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਉਹਨਾਂ ਦੇ ਜਨਮ ਅਸਥਾਨ ਚੂੰਨਾਂ ਮੰਡੀ ਲਾਹੌਰ ਵਿਖੇ 9 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਵੀ 7 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਅਤੇ 9 ਅਕਤੂਬਰ ਨੂੰ ਭੋਗ ਪੈਣਗੇ। 7 ਅਤੇ 8 ਅਕਤੂਬਰ ਦੀਆਂ ਰਾਤਾਂ ਨੂੰ ਕੀਰਤਨ ਦਰਬਾਰ ਹੋਣਗੇ ਜਿਨ੍ਹਾਂ ਵਿੱਚ ਪ੍ਰਸਿੱਧ ਰਾਗੀ ਜਥੇ ਸ਼ਿਰਕਤ ਕਰਨਗੇ।ਇਹ ਜੱਥ ਪਾਕਿਸਤਾਨ ਵਿੱਚ ਸਥਿਤ ਬਾਕੀ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ 18 ਅਕਤੂਬਰ ਨੂੰ ਵਾਪਸ ਭਾਰਤ ਆਵੇਗਾ ।
ਫੋਟੋ ਜੱਥੇਦਾਰ ਸਿੰਘ ਨਿਸਾਨ ਸਿੰਘ ਕਾਹਲੋਂ
No comments:
Post a Comment