ਮੋਹਾਲੀ, 02 ਸਤੰਬਰ : ਮੋਹਾਲੀ ਪ੍ਰੈਸ ਕਲੱਬ ਵੱਲੋਂ ਸੈਕਟਰ-70 ਵਿੱਚ ‘ਮੇਲਾ ਤੀਆਂ ਦਾ’ ਧੂਮ ਧਾਮ ਨਾਲ ਮਨਾਇਆ ਗਿਆ।
ਮੇਲੇ ਦੀ ਸ਼ੁਰੂਆਤ ਸੀਮਾ ਐਂਡ ਪਾਰਟੀ ਵੱਲੋਂ ਪੰਜਾਬੀ ਗਿੱਧੇ ਰਾਹੀਂ ਪੂਰੇ ਜੋਸ਼ ਤੇ ਜਲੌਅ ਵਿਚ ਕੀਤੀ ਗਈ। ਲਗਭਗ 20 ਮਿੰਟ ਦੀ ਲੰਬੀ ਪਾਰੀ ਵਿੱਚ ਪੰਜਾਬੀ ਬੋਲੀਆਂ ਦੀ ਗੂੰਜ ਵਿਚ ਕੁੜੀਆਂ ਨੇ ਧਰਤੀ ਹਿਲਾ ਦਿੱਤੀ। ‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ’, ‘ਤੈਨੂੰ ਤੀਆਂ ਨੂੰ ਲੈਣ ਨਾ ਆਏ ਬਹੁਤਿਆਂ ਮਜਾਜਾਂ ਵਾਲੀਏ’ ‘ਬਹਿ ਕੇ ਦੇਖ ਸ਼ੌਕੀਨਾ, ਮੇਲਾ ਤੀਆਂ ਦਾ’ਤੇ ਆਖਰੀ ਬੋਲੀ ‘ਤੀਆਂ ਵੇ ਲਵਾਉਣ ਵਾਲਿਓ, ਥੋਨੂੰ ਭਾਗ ਪ੍ਰਮੇਸ਼ਰ ਲਾਵੇ’ ਆਦਿ ਨਾਲ ਪਹਿਲੇ ਚਰਨ ਵਿਚ ਪ੍ਰੋਗਰਾਮ ਨੂੰ ਸਿਖ਼ਰ ਉਤੇ ਪਹੁੰਚਾ ਦਿੱਤਾ।
ਇਸ ਤੋਂ ਬਾਅਦ ਵਰਿੰਦਰ ਤੇ ਨੀਲਮ ਪਾਰਟੀ ਨੇ ‘ਤੇਰੀ ਕਣਕ ਦੀ ਰਾਖ਼ੀ ਮੁੰਡਿਆ, ਹੁਣ ਮੈਂ ਨਹੀਂ ਬਹਿੰਦੀ’ ਗੀਤ ‘ਤੇ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ। ਫਿਰ ਵਾਰੀ ਆਈ ਐਲ.ਆਈ.ਜੀ. ਦੀਆਂ ਮੁਟਿਆਰਾਂ ਦੀ ਆਈ, ਜਿਨ੍ਹਾਂ ਨੇ ਵੀਨਾ ਐਂਡ ਪਾਰਟੀ ਦੀ ਅਗਵਾਈ ਵਿਚ ‘ਪੰਜਾਬੀ ਗਿੱਧਾ’ ਪੇਸ਼ ਕੀਤਾ। ‘ਘੋੜਾ ਆਰ ਦਾ ਵੇ, ਘੋੜਾ ਪਾਰ ਦਾ ਵੇ’, ‘ਮੈਨੂੰ ਤੂੰਬਾ ਸੁਣਾ ਜਾ ਇਕ ਤਾਰ ਦਾ ਵੇ’, ‘ਮੇਰੇ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ’, ‘ਸੱਸੇ ਤੇਰੀ ਮੱਝ ਮਰਜੇ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ’, ‘ਬੂਰੀ ਮੱਝ ਦੇਈਂ ਵੀਰਨਾ, ਸੱਸ ਮਾਰਦੀ ਲੱਸੀ ਦਾ ਮੇਹਣਾ’ ਆਦਿ ਬੋਲੀਆਂ ਪਾ ਕੇ ਸਾਰੇ ਮੇਲੇ ਨੂੰ ਪਿੰਡਾਂ ਦੀ ਜੂਹ ਵਿਚ ਲੈ ਗਈਆਂ।
ਗੁਰਪ੍ਰੀਤ ਭੁੱਲਰ ਤੇ ਸੋਭਾ ਗੌਰੀਆ ਨੇ ਪੇਂਡੂ ਸੱਭਿਆਚਾਰ ਵਿਚ ਮਰਦ-ਔਰਤ ‘ਤੇ ਦਾਬੇ ਨੂੰ ਉਜਾਗਰ ਕਰਦੇ ਗੀਤ ‘ਖਿੱਚੜੀ ਵਿਚ ਵੇ ਲੂਣ ਭੁੱਲ ਗਈ’ ਅਤੇ ‘ਜੇ ਤੂੰ ਮਾਰੀ ਸੋਟੀ ਫਿਰ ਮੈਂ ਨਾ ਤੇਰੀ ਵਹੁਟੀ ਵੇ’ ਉਤੇ ਪੇਸ਼ਕਾਰੀ ਕਰਕੇ ਪੁਰਾਣੇ ਜ਼ਮਾਨੇ ਵਿਚ ਪਤੀਆਂ ਵੱਲੋਂ ਆਪਣੀਆਂ ਪਤਨੀਆਂ ਨੂੰ ਕੀਤੀ ਜਾਂਦੀ ਕੁੱਟ-ਮਾਰ ਦਾ ਦ੍ਰਿਸ਼ ਕਲਾਤਮਿਕ ਢੰਗ ਨਾਲ ਪੇਸ਼ ਕੀਤਾ, ਜਿਸ ਵਿਚ ਪਤਨੀ ਵੀ ਪਤੀ ਨੂੰ ਅੱਗੋਂ ਜੁਰੱਅਤ ਨਾਲ ਜਵਾਬਦੇਹੀ ਕਰਦੀ ਹੈ। ਇਸ ਪੇਸ਼ਕਾਰੀ ਨੂੰ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ।
ਫਿਰ ਸਿੰਮੀ ਨੇ ‘ਪਾਣੀਆਂ ਨੂੰ ਅੱਗ’ ਗੀਤ ਉਤੇ ਕੋਰੀਓਗ੍ਰਾਫੀ ਪੇਸ਼ ਕੀਤੀ, ਜਿਸ ਨੂੰ ਹਾਜ਼ਰੀਨ ਵੱਲੋਂ ਭਰਪੂਰ ਸਲਾਹਿਆ ਗਿਆ। ਉਪਰੰਤ ਸੋਭਾ-ਨੀਲਮ ਚੋਪੜਾ ਨੇ ‘ਮਾਧੋ ਰਾਮਾ ਪੰਚਾ ਵੇ ਰੰਨ ਕਿਹੜੀ ਗਲੀ ਗਈ’ ਦੀ ਵਧੀਆ ਪੇਸ਼ਕਾਰੀ ਕੀਤੀ।
ਆਖ਼ਰ ਵਿਚ ਸਾਰੀਆਂ ਮੁਟਿਆਰਾਂ ਨੇ ਰਲ ਕੇ ਬੋਲੀਆਂ ਅਤੇ ਗਿੱਧਾ ਪਾਇਆ, ਜਿਸ ਵਿਚ ਪ੍ਰੋਗਰਾਮ ਦੀ ਮੁੱਖ ਮਹਿਮਾਨ ਬੀਬੀ ਜਸਵੰਤ ਕੌਰ, ਪ੍ਰਧਾਨ ਬੀਬੀ ਪ੍ਰਭਜੋਤ ਕੌਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ, ਸਮਾਜ ਸੇਵਿਕਾ ਜਗਜੀਤ ਕੌਰ ਕਾਹਲੋਂ, ਚਰਨਜੀਤ ਕੌਰ, ਰਮਨਦੀਪ ਕੌਰ, ਕੋਮਲ ਕੌਰ ਨੇ ਬੋਲੀਆਂ ਪਾ ਕੇ ਸਭ ਨੂੰ ਖੂਬ ਨਚਾਇਆ।
ਤੀਆਂ ਮੌਕੇ ਐਂਕਰ ਅਮਨਦੀਪ ਕੌਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਟੇਜ਼ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਪੰਜਾਬੀ ਸੱਭਿਆਚਾਰ ਦੀਆਂ ਬੋਲੀਆਂ ਪਾ ਕੇ ਸਰੋਤਿਆਂ ਨੂੰ ਕੀਲੀ ਰੱਖਿਆ।
ਇਸ ਦੌਰਾਨ ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਦੇ ਮੈਂਬਰਾਂ ਸੁਖਦੇਵ ਸਿੰਘ ਪਟਵਾਰੀ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਜਨਰਲ ਸਕੱਤਰ, ਸੁਸ਼ੀਲ ਗਰਚਾ ਸੀ.ਮੀਤ ਪ੍ਰਧਾਨ, ਧਰਮ ਸਿੰਘ ਤੇ ਵਿਜੇ ਕੁਮਾਰ ਮੀਤ ਪ੍ਰਧਾਨ, ਖ਼ਜ਼ਾਨਚੀ ਮਨਜੀਤ ਸਿੰਘ ਚਾਨਾ, ਮਾਇਆ ਰਾਮ ਵੱਲੋਂ ਮੁੱਖ ਮਹਿਮਾਨ ਜਸਵੰਤ ਕੌਰ, ਬੀਬੀ ਪ੍ਰਭਜੋਤ ਕੌਰ, ਬੀਬੀ ਜਗਜੀਤ ਕੌਰ ਕਾਹਲੋਂ ਤੇ ਸਟੇਜ਼ ਸਕੱਤਰ ਅਮਨਦੀਪ ਕੌਰ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਤੀਆਂ ਦੀ ਤਿਆਰੀ ਟੀਮ ਸ਼ੋਭਾ ਗੌਰੀਆ, ਗੁਰਪ੍ਰੀਤ ਭੁੱਲਰ, ਸੀਮਾ ਚੰਦਨ, ਨਰਿੰਦਰ ਕੌਰ, ਨੀਲਮ ਚੋਪੜਾ, ਦਮਨਜੀਤ ਓਬਰਾਏ, ਨਵਜੋਤ ਕੌਰ, ਸੁਖਵਿੰਦਰ ਕੌਰ ,ਸੁਖਬੀਰ ਕੌਰ ਆਦਿ ਦਾ ਵੀ ਸਨਮਾਨ ਕੀਤਾ ਗਿਆ।
ਇਸ ਤਰ੍ਹਾਂ ਇਹ ਤੀਆਂ ਦਾ ਮੇਲਾ ਅਗਲੇ ਸਾਲ ਫਿਰ ਮਿਲਣ ਦਾ ਹੋਕਾ ਦਿੰਦਿਆਂ ਸਫਲਤਾਪੂਰਵਕ ਸੰਪੰਨ ਹੋਇਆ।
No comments:
Post a Comment