ਐਸ.ਏ.ਐਸ.ਨਗਰ, 02 ਸਤੰਬਰ : ਡਿਪਟੀ ਕਮਿਸ਼ਨਰ, ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਤਿੜਕੇ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਵੱਲੋਂ ਜ਼ਿਲ੍ਹੇ ਵਿੱਚ ਸਾਲ 2024-25 ਦੌਰਾਨ ਸੀ.ਆਰ. ਐੱਮ. ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੁਚੱਜੇ ਪ੍ਰਬੰਧਨ ਲਈ ਸਬੰਧਤ ਵਿਭਾਗਾਂ ਅਤੇ ਕਿਸਾਨਾਂ ਨਾਲ ਮੀਟਿੰਗ ਕੀਤੀ।
ਉਹਨਾਂ ਨੇ ਖੇਤੀਬਾੜੀ, ਸਹਿਕਾਰਤਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿਛਲੇ ਸਾਲਾਂ ਦੌਰਾਨ ਜਿਨ੍ਹਾਂ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵੇਖਣ ਵਿੱਚ ਆਈਆਂ ਹਨ, ਉਹਨਾਂ ਪਿੰਡਾਂ ਵਿੱਚ ਪੁਲਿਸ ਵਿਭਾਗ ਦੀ ਸ਼ਮੂਲੀਅਤ ਨਾਲ ਜਾਗਰੂਕਤਾ ਮੁਹਿੰਮ ਚਲਾਉਣ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਨੇ ਆਦੇਸ਼ ਦਿੱਤੇ ਕਿ ਆਲੂ, ਮਟਰ ਅਤੇ ਹੋਰ ਸਬਜੀਆਂ ਦੀ ਕਾਸ਼ਤ ਕਰਨ ਵਾਲੇ ਪਿੰਡਾਂ ਦੀ ਸ਼ਨਾਖਤ ਕੀਤੀ ਜਾਵੇ ਤਾਂ ਜੋ ਪੁਲਿਸ, ਫਾਇਰ ਬ੍ਰਿਗੇਡ ਦਾ ਪ੍ਰਬੰਧ ਅਤੇ ਆਈ ਈ ਸੀ ਗਤੀਵਿਧੀਆਂ ਨੂੰ ਸਮੇਂ ਸਿਰ ਲਾਗੂ ਕੀਤਾ ਜਾ ਸਕੇ। ਪਰਾਲੀ ਦੀਆਂ ਗੰਢਾਂ ਬਣਾਉਣ ਉਪਰੰਤ ਆਵਾਜਾਈ ਦੌਰਾਨ ਬਿਜਲੀ ਦੀਆਂ ਤਾਰਾਂ ਕਾਰਨ ਹੁੰਦੀ ਸਪਾਰਕਿੰਗ ਨੂੰ ਰੋਕਣ ਲਈ ਲੋੜੀਂਦੀ ਉਚਾਈ ਯਕੀਨੀ ਬਣਾਉਣ ਹਿੱਤ ਬਿਜਲੀ ਵਿਭਾਗ ਨੂੰ ਹੁਕਮ ਕੀਤੇ। ਉਹਨਾਂ ਨੇ ਜ਼ਿਲ੍ਹੇ ਵਿੱਚ ਉਪਲੱਬਧ ਅਤੇ ਨਵੀਂ ਖਰੀਦੀ ਜਾ ਰਹੀ ਮਸ਼ੀਨਰੀ ਦੀ ਲੋੜਵੰਦ ਕਿਸਾਨਾਂ ਨਾਲ ਮੈਪਿੰਗ ਕਰਨ ਲਈ ਕਿਹਾ। ਪਰਾਲੀ ਦੀਆਂ ਗੰਢਾਂ ਦੀ ਸਟੋਰੇਜ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਪੀ.ਪੀ.ਸੀ.ਬੀ, ਇੰਡਸਟਰੀ ਅਤੇ ਬੇਲਰ ਮਾਲਕਾਂ ਦੀ ਸਾਂਝੀ ਕਮੇਟੀ ਰਾਹੀ ਉਚਿਤ ਥਾਂ ਦੀ ਪਹਿਚਾਣ ਕਰਕੇ ਸਮੇਂ ਸਿਰ ਰਿਪੋਰਟ ਕਰਨ ਲਈ ਹਦਾਇਤ ਕੀਤੀ ਗਈ। ਇਸ ਦੇ ਨਾਲ ਹੀ ਐਕਸੀਅਨ ਪੀ.ਪੀ.ਸੀ. ਬੀ ਨੂੰ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਸਬੰਧਤ ਫਰਮਾਂ ਪਾਸ ਪਰਾਲੀ ਦੀ ਸਟੋਰੇਜ ਲਈ ਉਪਲੱਬਧ ਥਾਂ ਬਾਰੇ ਵੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ।
ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗ ਖੇਤੀਬਾੜੀ, ਪੁਲਿਸ, ਪੰਚਾਇਤ, ਸਹਿਕਾਰਤਾ, ਪੀ.ਪੀ.ਸੀ.ਬੀ,ਜ਼ਿਲ੍ਹਾ ਖੁਰਾਕ ਤੇ ਸਪਲਾਈ, ਬਿਜਲੀ ਬੋਰਡ ਅਤੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।
No comments:
Post a Comment