ਵਿਧਾਇਕਾ ਮਾਣੂੰਕੇ ਨੇ ਦਿੱਤਾ ਜਗਰਾਉਂ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ
ਜਗਰਾਉਂ,13 ਜਨਵਰੀ : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ ਦਿੰਦਿਆਂ 'ਲਾਲਾ ਲਾਜਪਤ ਰਾਏ ਕੰਮਿਊਨਿਟੀ ਸੈਂਟਰ' ਤਿਆਰ ਕਰਵਾਕੇ ਨਗਰ ਕੌਂਸਲ ਜਗਰਾਉਂ ਨੂੰ ਅੱਜ ਸੌਂਪ ਦਿੱਤਾ ਗਿਆ ਹੈ। ਅਮਰ ਸ਼ਹੀਦ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਉਸਾਰੇ ਗਏ ਇਸ 'ਭਵਨ' ਦੀਆਂ ਚਾਬੀਆਂ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੂੰ ਸੌਂਪਦਿਆਂ ਦੱਸਿਆ ਕਿ ਜਗਰਾਉਂ ਇਲਾਕੇ ਦੇ ਆਮ ਲੋਕਾਂ ਦੀ ਸਹੂਲਤ ਲਈ ਉਹਨਾਂ ਵੱਲੋਂ ਯਤਨ ਕਰਕੇ ਪੰਜਾਬ ਸਰਕਾਰ ਪਾਸੋਂ ਇਹ ਭਵਨ ਬਨਾਉਣ ਲਈ 1.38 ਕਰੋੜ ਰੁਪਏ ਦੀ ਰਕਮ ਮੰਨਜੂਰ ਕਰਵਾਈ ਗਈ ਸੀ, ਤਾਂ ਜੋ ਹਲਕੇ ਦੇ ਆਮ ਲੋਕ ਆਪਣੇ ਧੀਆਂ-ਪੁੱਤਰਾਂ ਦੀਆਂ ਵਿਆਹ-ਸ਼ਾਦੀਆਂ ਅਤੇ ਹੋਰ ਖੁਸ਼ੀ-ਗ਼ਮੀਂ ਦੇ ਸਮਾਗਮ ਕਰਵਾ ਸਕਣ। ਬੀਬੀ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਭਵਨ ਦੇ ਨਿਰਮਾਣ ਦਾ ਕੰਮ ਪੀ.ਡਬਲਿਯੂ.ਡੀ.ਵਿਭਾਗ ਰਾਹੀਂ ਕਰਵਾਇਆ ਗਿਆ ਹੈ ਅਤੇ ਨਗਰ ਕੌਂਸਲ ਜਗਰਾਉਂ ਦਾ ਇਸ ਉਪਰ ਕੋਈ ਵੀ ਪੈਸਾ ਨਹੀਂ ਲੱਗਿਆ ਹੈ।
ਇਸ ਭਵਨ ਦੀਆਂ ਚਾਬੀਆਂ ਅੱਜ ਲੋਹੜੀ ਦੇ ਪਵਿੱਤਰ ਤਿਊਹਾਰ ਦੇ ਮੌਕੇ 'ਤੇ ਨਗਰ ਕੌਂਸਲ ਜਗਰਾਉਂ ਇਸ ਲਈ ਸੌਂਪੀਆਂ ਜਾ ਰਹੀਆਂ ਹਨ, ਤਾਂ ਜੋ ਨਗਰ ਕੌਂਸਲ ਇਸ ਭਵਨ ਦੀ ਸਾਂਭ-ਸੰਭਾਲ ਤੇ ਰੱਖ-ਰਖਾਵ ਕਰ ਸਕੇ ਅਤੇ ਲੋਕ ਨਗਰ ਕੌਂਸਲ ਦਫਤਰ ਰਾਹੀਂ ਆਪਣੇ ਸਮਾਗਮਾਂ ਵਾਸਤੇ ਇਸ ਭਵਨ ਦੀ ਬੁਕਿੰਗ ਵਗੈਰਾ ਕਰਵਾ ਸਕਣ। ਵਿਧਾਇਕਾ ਮਾਣੂੰਕੇ ਨੇ ਹੋਰ ਦੱਸਿਆ ਕਿ ਇਸ ਸੁੰਦਰ ਭਵਨ ਦਾ ਹਾਲ 70 ਫੁੱਟ ਲੰਮਾ ਅਤੇ 40 ਫੁੱਟ ਚੌੜਾ ਬਣਾਇਆ ਗਿਆ ਹੈ, ਜਿਸ ਵਿੱਚ 20 ਫੁੱਟ ਲੰਮੀ ਅਤੇ 12 ਫੁੱਟ ਚੌੜੀ ਸਟੇਜ਼ ਬਣਾਈ ਗਈ ਹੈ। ਇਸ ਦੇ ਨਾਲ ਇੱਕ ਗੈਸਟ ਰੂਮ ਵੀ ਬਣਾਇਆ ਗਿਆ ਹੈ, ਜਿਸ ਵਿੱਚ ਵਿਆਹ ਸਮਾਗਮ ਮੌਕੇ ਲੜਕੀ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਹੋ ਸਕਦਾ ਹੈ। ਇਸ ਤੋਂ ਇਲਾਵਾ ਹਾਲ ਦੇ ਬੈਕ ਸਾਈਡ 'ਤੇ ਸ਼ਾਨਦਾਰ ਬਾਥਰੂਮ ਬਣਾਏ ਗਏ ਹਨ। ਬੀਬੀ ਮਾਣੂੰਕੇ ਨੇ ਦੱਸਿਆ ਕਿ ਇਸ ਭਵਨ ਦੇ ਨਾਲ ਸਮਾਗਮਾਂ ਮੌਕੇ ਖਾਣੇ ਦਾ ਸਮਾਨ ਅਤੇ ਬਰਤਨ ਆਦਿ ਰੱਖਣ ਲਈ ਵੱਖਰਾ ਕਮਰਾ ਬਣਾਇਆ ਗਿਆ ਹੈ ਅਤੇ ਉਸ ਕਮਰੇ ਅੱਗੇ ਖਾਣਾ ਆਦਿ ਤਿਆਰ ਕਰਨ ਲਈ ਸ਼ੈਡ ਬਣਾਇਆ ਗਿਆ ਹੈ। ਉਹਨਾਂ ਹੋਰ ਦੱਸਿਆ ਕਿ ਭਵਨ ਵਿੱਚ ਗੱਡੀਆਂ ਆਦਿ ਖੜਨ ਲਈ ਜਗ੍ਹਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਲੋੜ ਬਿਜਲੀ ਦੀ ਸਮੱਸਿਆ ਲਈ ਵੱਡਾ ਜਨਰੇਟਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ।
ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਇਹ 'ਭਵਨ' ਜਿੱਥੇ ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਗਰਾਉਂ ਦੇ ਮਹਾਨ ਸ਼ਹੀਦ ਲਾਲਾ ਲਾਜਪਤ ਰਾਏ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਰਹੇਗਾ, ਉਥੇ ਹੀ ਖੁਸ਼ੀ-ਗ਼ਮੀਂ ਦੇ ਮੌਕੇ ਜਗਰਾਉਂ ਹਲਕੇ ਦੇ ਆਮ ਲੋਕਾਂ ਨੂੰ 'ਲਾਲਾ ਲਾਜਪਤ ਰਾਏ ਕੰਮਿਊਨਿਟੀ ਸੈਂਟਰ' ਵੱਡੀ ਸਹੂਲਤ ਮਿਲੇਗੀ। ਜ਼ਿਕਰਯੋਗ ਹੈ ਕਿ ਇਹ ਭਵਨ ਸਾਂਭ-ਸੰਭਾਲ ਲਈ ਨਗਰ ਕੌਂਸਲ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਆਉਂਦੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਮਾਗਮ ਕਰਕੇ ਇਹ ਭਵਨ ਲੋਕਾਂ ਦੀ ਸਹੂਲਤ ਲਈ ਚਾਲੂ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਡਬਲਿਯੂ.ਡੀ.ਵਿਭਾਗ ਦੇ ਜੇਈ ਵੀਰਪਾਲ ਕੌਰ, ਆਪ ਆਗੂ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਕੌਂਸਲਰ ਸਤੀਸ਼ ਕੁਮਾਰ ਪੱਪੂ, ਕੌਂਸਲਰ ਰਵਿੰਦਰ ਸੱਭਰਵਾਲ (ਫੀਨਾਂ), ਕੌਂਸਲਰ ਰਾਜ ਭਾਰਦਵਾਜ, ਕੌਂਸਲਰ ਕੰਵਰਪਾਲ ਸਿੰਘ, ਸਾਬਕਾ ਕੌਂਸਲਰ ਕਰਮਜੀਤ ਕੈਂਥ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸੁਖਦੇਵ ਸਿੰਘ ਕਾਉਂਕੇ, ਸਾਬਕਾ ਸਰਪੰਚ ਅਮਰਜੀਤ ਸਿੰਘ ਸ਼ੇਖਦੌਲਤ, ਕੁਲਦੀਪ ਸਿੰਘ ਔਲਖ, ਕੇਵਲ ਸਿੰਘ ਮੱਲ੍ਹੀ, ਡਿੰਪਲ ਸਿੰਘ, ਦਵਿੰਦਰ ਸਿੰਘ ਗਰਚਾ, ਵਿੱਕੀ ਗਿੱਲ ਅਤੇ ਨਗਰ ਕੌਂਸਲ ਜਗਰਾਉਂ ਦੇ ਸਫਾਈ ਕਰਮਚਾਰੀ ਆਦਿ ਵੀ ਹਾਜ਼ਰ ਸਨ।
No comments:
Post a Comment