ਸਿਵਲ ਸਰਜਨ ਨੇ ਨਵਜਨਮੇ ਬੱਚਿਆਂ ਤੇ ਮਾਵਾਂ ਨੂੰ ਵੰਡੇ ਲੋਹੜੀ ਦੇ ਤੋਹਫ਼ੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜਨਵਰੀ :ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਹੜੀ ਦਾ ਤਿਉਹਾਰ ਉਤਸ਼ਾਹ ਤੇ ਚਾਅ ਨਾਲ ਮਨਾਇਆ ਗਿਆ। ਇਸ ਮੌਕੇ ਸਿਹਤ ਅਧਿਕਾਰੀਆਂ ਵਲੋਂ ਹਸਪਤਾਲਾਂ ਵਿਚ ਨਵਜਨਮੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਲੋਹੜੀ ਦੇ ਤੋਹਫ਼ੇ ਵੰਡੇ ਗਏ ਅਤੇ ਲੋਹੜੀ ਦੀਆਂ ਵਧਾਈਆਂ ਦਿਤੀਆਂ। ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਭਾਰਤੀ ਨੇ ਜ਼ਿਲ੍ਹਾ ਹਸਪਤਾਲ ਵਿਚ ਨਵਜਨਮੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਲੋਹੜੀ ਦੇ ਤੋਹਫ਼ੇ ਵੰਡੇ। ਆਸ਼ਾ ਵਰਕਰਾਂ ਦਾ ਵੀ ਸਨਮਾਨ ਕਰਦਿਆਂ ਉਨ੍ਹਾਂ ਨੂੰ ਸਵੈਟਰ ਦਿਤੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਸੰਗੀਤਾ ਜੈਨ ਨੇ ਆਖਿਆ ਕਿ ਸਮਾਜਕ ਸਾਂਝ ਨੂੰ ਮਜ਼ਬੂਤ ਕਰਦਾ ਲੋਹੜੀ ਦਾ ਤਿਉਹਾਰ ਇਸ ਗੱਲੋਂ ਵੀ ਅਹਿਮ ਹੈ ਕਿ ਇਹ ਧੀਆਂ ਨੂੰ ਮੁੰਡਿਆਂ ਬਰਾਬਰ ਸਮਝਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸੁਹਿਰਦ ਯਤਨਾਂ ਸਦਕਾਂ ਧੀਆਂ ਪ੍ਰਤੀ ਲੋਕਾਂ ਦੀ ਸੋਚ ਵਿਚ ਕਾਫ਼ੀ ਬਦਲਾਅ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੁੜੀਆਂ ਦੀ ਭਲਾਈ ਲਈ ਕਈ ਯੋਜਨਾਵਾਂ ਸਫ਼ਲਤਾ ਨਾਲ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਲਿੰਗ ਅਨੁਪਾਤ ਵਿਚ ਹੋਰ ਸੁਧਾਰ ਕਰਨਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਐਸ.ਐਮ.ਓ. ਡਾ. ਵਿਜੇ ਭਗਤ ਤੇ ਹੋਰ ਅਧਿਕਾਰੀ ਮੌਜੂਦ ਸਨ।
No comments:
Post a Comment