SBP GROUP

SBP GROUP

Search This Blog

Total Pageviews

Sunday, January 12, 2025

ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ, ਦਿਤੀਆਂ ਹਦਾਇਤਾਂ

ਸਿਵਲ ਸਰਜਨ ਡਾ. ਸੰਗੀਤਾ ਜੈਨ ਵਲੋਂ ਜ਼ਿਲ੍ਹਾ ਹਸਪਤਾਲ ਦਾ ਦੌਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਜਨਵਰੀ : ਜ਼ਿਲ੍ਹੇ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਸਥਾਨਕ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਵਿਚ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਮੈਡੀਕਲ ਸਾਜ਼ੋ-ਸਾਮਾਨ ਦਾ ਨਿਰੀਖਣ ਕੀਤਾ। 

     ਸਿਵਲ ਸਰਜਨ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿਚ ਫੇਰੀ ਪਾਈ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਹਸਪਤਾਲ ਦੀ ਬਿਹਤਰੀ ਲਈ ਉਨ੍ਹਾਂ ਦੇ ਸੁਝਾਅ ਵੀ ਲਏ। ਡਾ. ਜੈਨ ਨੇ ਵਿਸ਼ੇਸ਼ ਤੌਰ ’ਤੇ ਐਮਰਜੈਂਸੀ ਵਾਰਡ, ਆਈ.ਸੀ.ਯੂ, ਆਪਰੇਸ਼ਨ ਥਿਏਟਰ, ਵੱਖ-ਵੱਖ ਓ.ਪੀ.ਡੀ. ਕਮਰਿਆਂ, ਲੈਬ ਦਾ ਜਾਇਜ਼ਾ ਲਿਆ। 


    ਉਨ੍ਹਾਂ ਹਸਪਤਾਲ ਵਿਚ ਸਾਫ਼-ਸਫ਼ਾਈ ਦਾ ਵੀ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਕਿ ਸਮੁੱਚੇ ਹਸਪਤਾਲ ਨੂੰ ਹੋਰ ਜ਼ਿਆਦਾ ਸਾਫ਼-ਸੁਥਰਾ ਰਖਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਭਾਵੇਂ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਪਹਿਲਾਂ ਹੀ ਸਰਕਾਰੀ ਹਸਪਤਾਲਾਂ ਵਿਚ ਮਿਲ ਰਹੀਆਂ ਹਨ ਪਰ ਫਿਰ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਓ.ਪੀ.ਡੀ. ਜਾਂ ਐਮਰਜੈਂਸੀ ਮਰੀਜ਼ ਜਾਂ ਉਸ ਦੇ ਨਾਲ ਆਏ ਪਰਿਵਾਰਕ ਮੈਂਬਰ ਕੋਲੋਂ ਬਾਹਰੋਂ ਦਵਾਈ ਨਾ ਮੰਗਵਾਈ ਜਾਵੇ ਤੇ ਜਿਹੜੀਆਂ ਵੀ ਕਮੀਆਂ/ਪੇਸ਼ੀਆਂ ਹਨ, ਉਹ ਜਲਦ ਦੂਰ ਕੀਤੀਆਂ ਜਾਣ।

       ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਹੂਲਤਾਂ ਦੇਣ ਵਿਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸੂਬਾਈ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲੋਕਾਂ ਨੂੰ ਹਰ ਹਾਲਤ ਵਿਚ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ।  

    ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਚੰਗੀ ਸਿਹਤ ਯਕੀਨੀ ਬਣਾਉਣ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਉੱਚ ਪੱਧਰ ਦੀਆਂ ਸਹੂਲਤਾਂ ਦੇਣ ਲਈ ਜ਼ਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਜੇ ਭਗਤ ਤੇ ਹੋਰ ਅਧਿਕਾਰੀ ਮੌਜੂਦ ਸਨ।


ਫ਼ੋਟੋ : ਹਸਪਤਾਲ ਦਾ ਦੌਰਾ ਕਰਦੇ ਹੋਏ ਡਾ. ਸੰਗੀਤਾ ਜੈਨ ਅਤੇ ਹੋਰ ਸਿਹਤ ਅਧਿਕਾਰੀ l

No comments:


Wikipedia

Search results

Powered By Blogger