ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਿਆਇਤੀ ਦਰਾਂ 'ਤੇ ਫਾਰਮੇਸੀ ਸਟੋਰ ਚਲਾਏਗੀ
ਐਸ.ਏ.ਐਸ.ਨਗਰ, 03 ਜਨਵਰੀ : ਰੈੱਡ ਕਰਾਸ ਦੇ ਮਨੁੱਖਤਾ ਦੀ ਸੇਵਾ ਕਰਨ ਦੇ ਚੱਲ ਰਹੇ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਵਲ ਹਸਪਤਾਲ ਕੁਰਾਲੀ ਵਿਖੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਸਿਵਲ ਹਸਪਤਾਲ ਕੁਰਾਲੀ ਦੇ ਐਸ ਐਮ ਓ ਨੂੰ ਅੰਦਰੂਨੀ ਮਰੀਜ਼ਾਂ ਲਈ 70 ਕੰਬਲ ਵੀ ਸੌਂਪੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਨਵੇਂ ਖੁੱਲ੍ਹੇ ਫਾਰਮੇਸੀ ਸਟੋਰ ਵਿੱਚ ਬਾਜ਼ਾਰ ਦੇ ਮੁਕਾਬਲੇ 70 ਤੋਂ 80 ਫੀਸਦੀ ਸਸਤੇ ਰੇਟਾਂ 'ਤੇ ਜੇਨੇਰਿਕ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਸਟੋਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਇਆ ਜਾਵੇਗਾ। ਇੱਕ ਕੁਆਲੀਫਾਈਡ ਫਾਰਮਾਸਿਸਟ ਨੂੰ ਨਿਯੁਕਤ ਕੀਤਾ ਗਿਆ ਹੈ ਜੋ 9 ਤੋਂ 5 ਵਜੇ ਤੱਕ ਸਟੋਰ 'ਤੇ ਮੌਜੂਦ ਰਹੇਗਾ।
ਉਨ੍ਹਾਂ ਕਿਹਾ ਕਿ ਇਹ ਜਨ ਔਸ਼ਧੀ ਕੇਂਦਰ ਜ਼ਿਲ੍ਹੇ ਦਾ ਤੀਜਾ ਜਨ ਔਸ਼ਧੀ ਕੇਂਦਰ ਹੈ ਜੋ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਚਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਹਸਪਤਾਲ ਮੁਹਾਲੀ ਅਤੇ ਸਿਵਲ ਹਸਪਤਾਲ ਖਰੜ ਵਿੱਚ ਇਹ ਕੇਂਦਰ ਸਫਲਤਾਪੂਰਵਕ ਚੱਲ ਰਹੇ ਹਨ।
ਡਿਪਟੀ ਕਮਿਸ਼ਨਰ ਜੋ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੋਬਾਈਲ ਟੈਸਟਿੰਗ ਵੈਨ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਹ ਟੈਸਟਿੰਗ ਵੈਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਜ਼ਿਲ੍ਹਾ ਹਸਪਤਾਲ ਦੀ ਮੈਡੀਕਲ ਟੀਮ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਨੂੰ ਕਵਰ ਕਰਦੀ ਹੈ। ਇਸੇ ਤਰ੍ਹਾਂ ਵਾਜਬ ਦਰਾਂ 'ਤੇ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਜਿਸ ਨੂੰ 7087087005 ਅਤੇ 8427544403 'ਤੇ ਡਾਇਲ ਕਰਕੇ ਹਾਸਿਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜ਼ਿਲ੍ਹੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਦੀ ਸਹੂਲਤ ਲਈ ਸਮਰਪਣ ਭਾਵ ਨਾਲ ਕੰਮ ਕਰਦੀ ਹੈ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਲਈ ਖ਼ੂਨ ਦਾ ਪ੍ਰਬੰਧ ਕਰਨ ਲਈ ਜ਼ਿਲ੍ਹਾ ਹਸਪਤਾਲ ਅਤੇ ਪੀ ਜੀ ਆਈ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਵੀ ਲਗਾਏ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਭਰੋਸਾ ਦਿਵਾਇਆ ਕਿ ਸੀ ਐਚ ਸੀ ਕੁਰਾਲੀ ਦਾ ਪਿਛਲੇ ਸਾਲ ਅਪਗ੍ਰੇਡੇਸ਼ਨ ਲਈ ਪਬਲਿਕ ਆਡਿਟ ਕੀਤਾ ਗਿਆ ਸੀ ਅਤੇ ਇਸ ਨੂੰ ਅਪਗ੍ਰੇਡ ਕਰਨ ਲਈ ਕੇਸ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਵਾਰਡਾਂ ਦਾ ਦੌਰਾ ਕਰਕੇ ਮਰੀਜ਼ਾਂ ਦਾ ਹਾਲ-ਚਾਲ ਵੀ ਪੁੱਛਿਆ ਅਤੇ ਵਾਰਡ ਦੇ ਬੈੱਡਾਂ ਲਈ ਕੰਬਲ ਵੀ ਭੇਟ ਕੀਤੇ।
ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਤਹਿਸੀਲਦਾਰ ਖਰੜ ਜਸਵਿੰਦਰ ਸਿੰਘ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਹਰਬੰਸ ਸਿੰਘ, ਐਸ.ਐਮ.ਓ ਡਾ. ਅਮਿਤ ਅਰੋੜਾ ਅਤੇ ਮੈਡੀਕਲ ਅਫ਼ਸਰ ਡਾ: ਮਨਬੀਰ ਕੌਰ, ਡਾ. ਹਰਜਿੰਦਰ ਕੌਰ, ਡਾ. ਦਵਿੰਦਰ ਗੁਪਤਾ, ਡਾ. ਸਾਹਿਲ ਕਾਲੀਆ, ਡਾ. ਮਨੁਜ ਸ਼ਰਮਾ ਅਤੇ ਡਾ. ਦਿਵਯਾਂਸ਼ੂ ਨੱਡਾ ਵੀ ਮੌਜੂਦ ਸਨ।
No comments:
Post a Comment