ਮਾਰਚ ਪਾਸਟ ਅਤੇ ਝਾਕੀਆਂ ਵੀ ਗਣਤੰਤਰ ਦਿਵਸ ਸਮਾਗਮਾਂ ਦਾ ਹਿੱਸਾ ਹੋਣਗੇ
ਐਸ.ਏ.ਐਸ.ਨਗਰ, 24 ਜਨਵਰੀ : ਪੰਜਾਬ ਦੇ ਖਾਣਾਂ ਅਤੇ ਭੂ-ਵਿਗਿਆਨ, ਜਲ ਸਰੋਤ, ਭੂਮੀ ਅਤੇ ਜਲ ਸੰਭਾਲ, ਮੰਤਰੀ, ਬਰਿੰਦਰ ਕੁਮਾਰ ਗੋਇਲ 26 ਜਨਵਰੀ, 2025 ਨੂੰ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਸਟੇਡੀਅਮ, ਮੋਹਾਲੀ ਵਿਖੇ 76ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਜਿਨ੍ਹਾਂ ਨੇ ਅੱਜ ਇੱਥੇ ਐਸ.ਐਸ.ਪੀ ਦੀਪਕ ਪਾਰੀਕ ਨਾਲ ਮਿਲ ਕੇ, ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲਿਆ, ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਗਣਤੰਤਰ ਦਿਵਸ ਦੇ ਜਸ਼ਨਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਕੌਮੀ ਮਹੱਤਵ ਦੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਪਰੇਡ ਕਮਾਂਡਰ ਡੀ ਐਸ ਪੀ ਪ੍ਰੀਤ ਕੰਵਰ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਮਾਰਚ ਪਾਸਟ ਵਿੱਚ ਤਿੰਨ ਪੁਲੀਸ ਪਲਟਨਾਂ, ਸਮੇਤ ਮਹਿਲਾ ਪੁਲੀਸ, ਐਨ ਸੀ ਸੀ ਕੈਡਿਟਾਂ ਦੀਆਂ ਪੰਜ ਪਲਟਨਾਂ ਅਤੇ ਦੋ ਸਕੂਲਾਂ ਦੇ ਸਕੂਲੀ ਬੈਂਡਾਂ ਨੇ ਭਾਗ ਲਿਆ।
ਫੁੱਲ ਡਰੈੱਸ ਰਿਹਰਸਲ ਦੌਰਾਨ 14 ਸਕੂਲਾਂ ਅਤੇ ਇੱਕ ਕਾਲਜ ਦੇ ਲਗਪਗ 1586 ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜੋਸ਼ ਨਾਲ ਭਰਪੂਰ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕੀਤਾ। ਸਕੂਲ ਆਫ਼ ਐਮੀਨੈਂਸ ਫੇਜ਼-11 ਮੁਹਾਲੀ, ਸਕੂਲ ਆਫ਼ ਐਮੀਨੈਂਸ ਫੇਜ਼-3ਬੀ1 ਮੁਹਾਲੀ, ਸੰਤ ਈਸ਼ਰ ਸਿੰਘ ਪਬਲਿਕ ਸਕੂਲ ਮੁਹਾਲੀ, ਏਪੀਜੇ ਸਕੂਲ ਮੁੰਡੀ ਖਰੜ, ਲਾਰੈਂਸ ਪਬਲਿਕ ਸਕੂਲ ਮੋਹਾਲੀ, ਗਿਲਕੋ ਇੰਟਰਨੈਸ਼ਨਲ ਸਕੂਲ ਖਰੜ, ਸਵਾਮੀ ਰਾਮ ਤੀਰਥ ਸਕੂਲ, ਮੋਹਾਲੀ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਵਿਸ਼ਿਆਂ ਉੱਤੇ ਆਧਾਰਿਤ ਵੱਖ-ਵੱਖ ਡਾਂਸ ਗੀਤ, ਕੋਰੀਓਗ੍ਰਾਫੀਆਂ ਅਤੇ ਹੋਰ ਗਤੀਵਿਧੀਆਂ ਨਾਲ ਸੱਭਿਆਚਾਰਕ ਸਮਾਗਮ ਦੌਰਾਨ ਜੋਸ਼ ਭਰਪੂਰ ਪੇਸ਼ਕਾਰੀ ਦਿੱਤੀ। ਪਰੇਡ ਵਿੱਚ ਭਾਗ ਲੈਣ ਵਾਲੀਆਂ ਪਲਟਨਾਂ ਵਿੱਚ ਸਰਕਾਰੀ ਕਾਲਜ ਮੁਹਾਲੀ, ਸ਼ਿਵਾਲਿਕ ਸਕੂਲ ਫੇਜ਼-6 ਮੁਹਾਲੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਲਕਸ਼ਮੀbਤਾਰਾ ਰਠੌਰ ਸਕੂਲ ਸਿਆਲਬਾ ਮਾਜਰੀ, ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਅਤੇ ਸਕੂਲ ਆਫ ਐਮੀਨੈਂਸ, 3ਬੀ1, ਮੋਹਾਲੀ ਦੀਆਂ ਬੈਂਡ ਟੀਮਾਂ ਸ਼ਾਮਿਲ ਸਨ।
ਫੁੱਲ ਡਰੈਸ ਰਿਹਰਸਲ ਦਾ ਨਿਰੀਖਣ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਗਣਤੰਤਰ ਦਿਵਸ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਾਂ ਵਿੱਚ ਲੱਗੇ ਵੱਖ-ਵੱਖ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸ ਮੈਗਾ ਈਵੈਂਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਰਾਸ਼ਟਰੀ ਮਹੱਤਵ ਦੇ ਦਿਵਸ ਨੂੰ ਪੂਰੀ ਦੇਸ਼ ਭਗਤੀ ਅਤੇ ਰਾਸ਼ਟਰਵਾਦੀ ਭਾਵਨਾ ਨਾਲ ਮਨਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਮਾਗਮ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਗੈਰਵਾਜਬ ਅਤੇ ਅਣਇੱਛਤ ਹੋਵੇਗੀ।
ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਜ) ਵਿਰਾਜ ਸ਼ਿਆਮਕਰਨ ਟਿਡਕੇ, ਕਮਿਸ਼ਨਰ ਐਮ ਸੀ ਟੀ ਬੈਨੀਥ, ਏ ਡੀ ਸੀ (ਯੂ ਡੀ) ਅਨਮੋਲ ਸਿੰਘ ਧਾਲੀਵਾਲ, ਏ ਡੀ ਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ, ਐਸ ਡੀ ਐਮ ਦਮਨਦੀਪ ਕੌਰ, ਸੰਯੁਕਤ ਕਮਿਸ਼ਨਰ ਐਮ ਸੀ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਐਸ ਪੀ ਐਚ ਐਸ ਮਾਨ, ਡੀ ਈ ਓ ਡਾ. ਗਿੰਨੀ ਦੁੱਗਲ ਸ਼ਾਮਿਲ ਸਨ।
No comments:
Post a Comment