ਜਗਰਾਉਂ, 08 ਜਨਵਰੀ : ਜਗਰਾਉਂ ਸ਼ਹਿਰ ਦੀਆਂ ਸੜਕਾਂ ਅਤੇ ਸੀਵਰੇਜ਼ ਦੀ ਸਫਾਈ ਦੇ ਮਾਮਲੇ ਨੂੰ ਲੈ ਕੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਲਾ-ਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆੜੇ ਹੱਥੀਂ ਲੈਂਦਿਆਂ ਐਕਸ਼ਨ ਮੋਡ ਵਿੱਚ ਆ ਗਏ ਹਨ ਅਤੇ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ।
ਵਿਧਾਇਕਾ ਮਾਣੂੰਕੇ ਨੇ ਅੱਜ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫ਼ਸਰ ਨੂੰ ਪੱਤਰ ਲਿਖਕੇ ਤਿੰਨ ਦਿਨ ਦੇ ਅੰਦਰ ਅੰਦਰ ਜੁਵਾਬ ਮੰਗਿਆ ਹੈ, ਕਿ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਨਗਰ ਕੌਂਸਲ ਜਗਰਾਉਂ ਨੂੰ ਸਵਾਈਪਿੰਗ ਤੇ ਜ਼ੈਟਿੰਗ ਮਸ਼ੀਨਾਂ ਖ਼ੀਦਕੇ ਜਾਰੀ ਕੀਤੀਆਂ ਹਨ ਅਤੇ ਲੰਮਾਂ ਸਮਾਂ ਬੀਤ ਜਾਣ 'ਤੇ ਵੀ ਨਗਰ ਕੌਂਸਲ ਜਗਰਾਉਂ ਵੱਲੋਂ ਇਹਨਾਂ ਮਸ਼ੀਨਾਂ ਨਾਲ ਸ਼ਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ।
ਵਿਧਾਇਕਾ ਨੇ ਪੁੱਛਿਆ ਹੈ ਕਿ ਜੇਕਰ ਇਹਨਾਂ ਮਸ਼ੀਨਾਂ ਦੇ ਕੋਈ ਕਾਗਜ਼-ਪੱਤਰ ਅਧੂਰੇ ਹਨ ਜਾਂ ਕੋਈ ਹੋਰ ਸਮੱਸਿਆ ਹੈ, ਤਾਂ ਇਸ ਸਬੰਧੀ ਸਬੰਧਿਤ ਦਫਤਰ ਨੂੰ 03 ਦਿਨ ਦੇ ਅੰਦਰ-ਅੰਦਰ ਸੂਚਿਤ ਕਰਦੇ ਹੋਏ ਉਹਨਾਂ ਨੂੰ ਵੀ ਤੁਰੰਤ ਜਾਣੂੰ ਕਰਵਾਇਆ ਜਾਵੇ, ਜੇਕਰ ਅਜਿਹਾ ਨਹੀਂ ਹੈ ਤਾਂ ਸਵਾਈਪਿੰਗ ਅਤੇ ਜ਼ੈਟਿੰਗ ਮਸ਼ੀਨਾਂ ਨਾਲ ਜਗਰਾਉਂ ਸ਼ਹਿਰ ਦੀ ਸਫ਼ਾਈ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਧਿਕਾਰੀ ਕੋਲੋਂ ਹੋਰ ਪੁੱਛਿਆ ਕਿ ਜਗਰਾਉਂ ਸ਼ਹਿਰ ਵਿੱਚ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ ਅਤੇ ਗੰਦਗੀ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਜਦੋਂ ਕਿ ਉਹਨਾਂ ਵੱਲੋਂ ਖੁਦ ਯਤਨ ਕਰਕੇ ਨਗਰ ਕੌਂਸਲ ਜਗਰਾਉਂ ਨੂੰ ਪੰਜਾਬ ਸਰਕਾਰ ਪਾਸੋਂ ਟਰੈਕਟਰ, ਲੋਡਰ, ਕੂੜਾ ਚੁੱਕਣ ਲਈ ਗੱਡੀਆਂ, ਸਫਾਈ ਵਾਲੀ ਮਸ਼ੀਨ ਤੇ ਜ਼ੈਟ ਮਸ਼ੀਨ ਆਦਿ ਮੰਨਜੂਰ ਕਰਵਾਕੇ ਲਿਆਕੇ ਦਿੱਤੇ ਗਏ ਹਨ ਤੇ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀ ਵੀ ਹਨ, ਪਰੰਤੂ ਫਿਰ ਵੀ ਜਗਰਾਉਂ ਸ਼ਹਿਰ ਦੀ ਸਫ਼ਾਈ ਨਹੀਂ ਹੋ ਰਹੀ। ਜਿਸ ਕਾਰਨ ਵਿਧਾਇਕਾ ਮਾਣੂੰਕੇ ਸਖ਼ਤ ਨਰਾਜ਼ ਹਨ। ਇਸ ਲਈ ਸ਼ਹਿਰ ਦੀਆਂ ਸੜਕਾਂ ਅਤੇ ਸੀਵਰੇਜ਼ ਦੀ ਸਫਾਈ ਦੇ ਮਾਮਲੇ ਨੂੰ ਵਿਧਾਇਕਾ ਮਾਣੂੰਕੇ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਕੌਂਸਲ ਦੇ ਅਧਿਕਾਰੀ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਜਗਰਾਉਂ ਸ਼ਹਿਰ ਦੀ ਤੁਰੰਤ ਸਫਾ਼ਈ ਕਰਵਾਈ ਜਾਵੇ ਨਹੀਂ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ ਲਾ-ਪ੍ਰਵਾਹ ਤੇ ਅਣ-ਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਸੇ ਵੀ ਕੀਮਤ ਉਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
No comments:
Post a Comment