ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮਾਰ ਰਹੇ ਨੇ ਵੱਡੀਆਂ ਮੱਲਾਂ: ਵਿਧਾਇਕ ਕੁਲਵੰਤ ਸਿੰਘ
ਐੱਸ.ਏ.ਐੱਸ ਨਗਰ, 29 ਮਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਵਿੱਚ "ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ" ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਇਤਿਹਾਸਿਕ ਫੈਸਲਾ ਲੈ ਕੇ ਸਿੱਖਿਆ ਦੇ ਖੇਤਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਕੇ, ਜ਼ਿਲ੍ਹੇ ਦੇ ਸਮੁੱਚੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਦੇ ਮਿਆਰਾਂ ਦੇ ਅਨੁਕੂਲ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ 19 ਲੱਖ 90 ਹਜਾਰ ਰੁਪਏ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੈਦਪੁਰ, ਸਰਕਾਰੀ ਹਾਈ ਸਕੂਲ ਸੈਦਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਵਿਖੇ ਸਕੂਲਾਂ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ "ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ" ਮੁਹਿੰਮ ਤਹਿਤ ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਹਾਈ ਸਕੂਲਾਂ ਦੇ ਬੁਨਿਆਂਦੀ ਢਾਂਚੇ ਦੀ ਨੁਹਾਰ ਬਦਲਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਆਮ ਘਰ ਦੇ ਵਿਦਿਆਰਥੀਆਂ ਨੂੰ ਉੱਚ ਮਿਆਰ ਦਾ ਸਿੱਖਿਆ ਦਾ ਮਾਹੋਲ ਮਿਲ ਸਕੇ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੈਦਪੁਰ ਵਿੱਚ 05 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਨਵੀਂ ਚਾਰਦੀਵਾਰੀ ਅਤੇ ਹਾਈ ਸਕੂਲ ਪਿੰਡ ਸੈਦਪੁਰ ਵਿਖੇ 6.50 ਹਜਾਰ ਦੀ ਲਾਗਤ ਨਾਲ ਚਾਰਦੀਵਾਰੀ ਦੀ ਉਸਾਰੀ ਅਤੇ ਰਿਪੇਅਰ ਦਾ ਕੰਮ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਵਿਖੇ 08 ਲੱਖ 40 ਹਜਾਰ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਦਾ ਕੰਮ ਮੁਕੰਮਲ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਵਿਲੱਖਣ ਬਦਲਾਅ ਆ ਰਹੇ ਹਨ। ਸਰਕਾਰੀ ਸਕੂਲਾਂ ਦੀ ਨੁਹਾਰ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਉਨ੍ਹਾਂ ਨੂੰ ਨਵੇਂ ਯੁੱਗ ਦੇ ਤਕਨੀਕੀ ਅਤੇ ਬੁਨਿਆਦੀ ਢਾਂਚਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ, ਸੈਕੰਡਰੀ, ਗਿੰਨੀ ਦੁੱਗਲ, ਸਕੂਲਾਂ ਦੇ ਅਧਿਆਪਕ, ਬੱਚਿਆਂ ਦੇ ਮਾਤਾ ਪਿਤਾ ਅਤੇ ਸਕੂਲਾਂ ਦੀ ਵਿਦਿਆਰਥੀਆਂ ਸਮੇਤ ਪਿੰਡਾਂ ਦੇ ਮੋਹਤਬਰ ਵਿਅਕਤੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ।


No comments:
Post a Comment