SBP GROUP

SBP GROUP

Search This Blog

Total Pageviews

Wednesday, May 28, 2025

ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲਾਂ ਦੇ ਟਾਪਰਜ਼ ਨਾਲ ਵਿਸ਼ੇਸ਼ ਮੁਲਾਕਾਤ

 ਸਵੇਰ ਦੇ ਨਾਸ਼ਤੇ ਤੋਂ ਸ਼ੁਰੂ ਹੋਇਆ ਸਫ਼ਰ ਆਈ ਐਸ ਬੀ ਵਿਖੇ ਮੀਟਿੰਗ ਨਾਲ ਹੋਇਆ ਸੰਪੂਰਨ

ਵਿਦਿਆਰਥੀਆਂ ਨੇ ਸਭ ਰਜਿਸਟਰਾਰ ਦਫਤਰ ਦਾ ਦੌਰਾ ਕਰਕੇ ਈਜ਼ੀ ਰਜਿਸਟਰੀ ਬਾਰੇ ਵੀ ਜਾਣਿਆ

ਐਸ.ਏ.ਐਸ.ਨਗਰ, 28 ਮਈ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਨਵੇਂ ਦਿਸਹੱਦੇ ਦੇਣ ਅਤੇ ਆਧੁਨਿਕ ਪੱਧਰ ‘ਤੇ ਲਿਜਾਣ ਲਈ 10ਵੀਂ ਤੇ 12 ਵੀਂ ਦੇ ਜ਼ਿਲ੍ਹੇ ਚੋਂ ਪਹਿਲੇ ਤਿੰਨ ਸਥਾਨਾਂ ਤੇ ਰਹੇ ਵਿਦਿਆਰਥੀਆਂ ਨੂੰ ਪ੍ਰਸ਼ਾਸ਼ਨਿਕ ਅਨੁਭਵ ਦੇਣ ਲਈ ‘ਇੱਕ ਦਿਨ ਡੀ.ਸੀ. ਦੇ ਸੰਗ’ ਮੁਹਿੰਮ ਤਹਿਤ ਅੱਜ ਸਥਾਨਕ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਭਾਵਨਾ, ਅੰਤਰਜੋਤ ਸਿੰਘ ਤੇ ਹਬੀਬ ਨੇ ਡੀ ਸੀ ਕੋਮਲ ਮਿੱਤਲ ਦੇ ਨਾਲ ਸਵੇਰ ਦੇ ਨਾਸ਼ਤੇ ਤੋਂ ਸ਼ੁਰੂ ਹੋਇਆ ਸਫ਼ਰ ਆਈ ਐਸ ਬੀ ਵਿਖੇ ਮੀਟਿੰਗ ਨਾਲ ਸੰਪੂਰਨ ਕੀਤਾ।


     ਡਿਪਟੀ ਕਮਿਸ਼ਨਰ ਨੇ ਸਵੇਰੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਇਨ੍ਹਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ  ਉਨਾਂ ਨੂੰ ਦੱਸਿਆ ਕਿ ਇੱਕ ਡਿਪਟੀ ਕਮਿਸ਼ਨਰ ਦੀ ਸਵੇਰ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਯੋਗਾ ਕਰਵਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨਾਲ ਨਾਸ਼ਤਾ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਅੱਜ ਸਾਰਾ ਦਿਨ ਉਨ੍ਹਾਂ ਨਾਲ ਰਹਿ ਕੇ ਡਿਪਟੀ ਕਮਿਸ਼ਨਰ ਦੀਆਂ ਜਿੰਮੇਵਾਰੀਆਂ ਬਾਰੇ ਜਾਣਕਾਰੀ ਲੈਣਗੇ। ਉਨ੍ਹਾਂ ਕਿਹਾ ਕਿ ਇਸ ਨਿੱਕੀ ਜਿਹੀ ਕੋਸ਼ਿਸ਼ ਦਾ ਇੱਕ ਮੰਤਵ ਇਹਨਾਂ ਵਿਦਿਆਰਥੀਆਂ ਦੇ ਅੰਦਰ ਸਿਵਲ ਸੇਵਾਵਾਂ ਜਿਹੇ ਉੱਚ ਪਦਾਂ ਤੱਕ ਪਹੁੰਚਣ ਦੀ ਪ੍ਰੇਰਨਾ ਅਤੇ ਚਿਣਗ ਪੈਦਾ ਕਰਨਾ ਹੈ। 

     12ਵੀਂ ਜਮਾਤ ਦੇ ਮੈਰੀਟੋਰੀਅਸ ਰੈਜ਼ੀਡੇਂਸ਼ੀਅਲ ਸਕੂਲ, ਸੈਕਟਰ-70 ਦੇ ਤਿੰਨ ਟੌਪਰ ਵਿਦਿਆਰਥੀਆਂ ਭਾਵਨਾ ਨੇ 98.2%, ਹਬੀਬ ਨੇ 97.4% ਅਤੇ ਅੰਤਰਜੋਤ ਸਿੰਘ ਨੇ 97.4% ਅੰਕ ਪ੍ਰਾਪਤ ਕੀਤੇ ਹਨ। ਡੀ.ਸੀ. ਨੇ ਆਪਣੇ ਨਿਵਾਸ ਤੇ ਨਾਸ਼ਤਾ ਕਰਦੇ ਹੋਏ ਬੱਚਿਆਂ ਨਾਲ ਰਚਨਾਤਮਕ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਭਵਿੱਖ ਬਾਰੇ ਡਿਪਟੀ ਕਮਿਸ਼ਨਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ।

      ਬਾਅਦ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਨਾਲ ਦਫਤਰ ਵਿਖੇ ਲਿਆਂਦਾ ਗਿਆ ਅਤੇ ਉਹਨਾਂ ਨੂੰ ਦਿਖਾਇਆ ਗਿਆ ਕਿ ਡਿਪਟੀ ਕਮਿਸ਼ਨਰ ਦੇ ਸਰਕਾਰੀ ਕਾਰਜ ਕੀ ਹੁੰਦੇ ਹਨ। ਜਿਵੇਂ ਦਫਤਰ ਵਿੱਚ ਮਿਲਣ ਆਉਣ ਵਾਲਿਆਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਹਨਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣਾ ਆਦਿ। ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਢੁਕਵੇਂ ਤੋਹਫ਼ੇ ਦੇ ਕੇ ਸਨਮਾਨਤ ਕੀਤਾ ਗਿਆ। ਉਪਰੰਤ ਇਹਨਾਂ ਵਿਦਿਆਰਥੀਆਂ ਨੇ ਸਹਾਇਕ ਕਮਿਸ਼ਨਰ ਡਾ. ਅੰਕਿਤਾ ਕਾਂਸਲ ਦੇ ਦਫਤਰ ਦਾ ਦੌਰਾ ਕਰ, ਉਹਨਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਸਹਿਯੋਗੀ ਵਜੋਂ ਕੀਤੇ ਜਾਂਦੇ ਕਾਰਜਾਂ ਬਾਰੇ ਜਾਣਿਆ। ਇਸ ਉਪਰੰਤ ਇਨ੍ਹਾਂ ਨੂੰ ਸੇਵਾ ਕੇਂਦਰ, ਸਬ ਰਜਿਸਟਰਾਰ ਦਫ਼ਤਰ ਮੋਹਾਲੀ ਦਾ ਦੌਰਾ ਕਰਵਾਇਆ ਗਿਆ, ਜਿੱਥੇ ਵਿਦਿਆਰਥੀਆਂ ਨੂੰ ਜਾਇਦਾਦ ਰਜਿਸਟਰੇਸ਼ਨ ਅਤੇ ਮਾਲ ਵਿਭਾਗ ਦੇ ਹੋਰ ਕੰਮਾਂ ਬਾਰੇ ਦੱਸਿਆ ਗਿਆ। ਡਿਪਟੀ ਕਮਿਸ਼ਨਰ ਵੱਲੋਂ 29 ਅਤੇ 30 ਮਈ ਨੂੰ ਹੋਣ ਵਾਲੇ ਕ੍ਰਿਕਟ ਮੈਚਾਂ ਦੇ ਪ੍ਰਬੰਧਾਂ ਬਾਰੇ ਕੀਤੀ ਗਈ ਮੀਟਿੰਗ ਵਿੱਚ ਵੀ ਇਹਨਾਂ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਦੇਖਿਆ ਕਿ ਜਦੋਂ ਕੋਈ ਜ਼ਿਲ੍ੇ ਵਿੱਚ ਮਹੱਤਵਪੂਰਨ ਸਮਾਗਮ ਹੁੰਦੇ ਹਨ ਤਾਂ ਜਿਲਾ ਪ੍ਰਸ਼ਾਸਨ ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਕਰਦਾ ਹੈ। 

       ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਦਫਤਰੀ ਕਮਰੇ ਵਿੱਚ ਬੱਚਿਆਂ ਨਾਲ ਦੁਪਿਹਰ ਦਾ ਖਾਣਾ ਖਾਧਾ ਗਿਆ ਅਤੇ ਬਾਅਦ ਦੁਪਿਹਰ ਡਿਪਟੀ ਕਮਿਸ਼ਨਰ ਵੱਲੋਂ ਬੱਚਿਆਂ ਨੂੰ ਮੀਡੀਆ ਦੇ ਰੂਬਰੂ ਕੀਤਾ ਗਿਆ, ਜਿੱਥੇ ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਨਾਲ ਆਪਣੀ ਸਵੇਰ ਸ਼ੁਰੂ ਕਰਕੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਦਫਤਰ ਵਿੱਚ ਉਹਨਾਂ ਵੱਲੋਂ ਕੀਤੇ ਜਾਂਦੇ ਕੰਮਾਂ ਨੂੰ ਦੇਖ ਕੇ ਉਹਨਾਂ ਨੂੰ ਵੀ ਸਿਵਲ ਸੇਵਾਵਾਂ ਵੱਲ ਜਾਣ ਦੀ ਪ੍ਰੇਰਨਾ ਮਿਲੀ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਸਿਵਿਲ ਸੇਵਾਵਾਂ ਵਿੱਚ ਆਉਣ ਦੇ ਸਫਰ ਬਾਰੇ ਦਿੱਤੀ ਗਈ ਜਾਣਕਾਰੀ ਵੀ ਕਾਫੀ ਦਿਲਚਸਪ ਸੀ

     ਡਿਪਟੀ ਕਮਿਸ਼ਨਰ ਵੱਲੋਂ ਲਗਾਈ ਗਈ ਅਦਾਲਤ ਵਿੱਚ ਵੀ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਇਸ ਉਪਰੰਤ ਬੱਚਿਆਂ ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਖੇ ਵੀ ਦੌਰਾ ਕਰਵਾਇਆ ਗਿਆ।

No comments:


Wikipedia

Search results

Powered By Blogger