SBP GROUP

SBP GROUP

Search This Blog

Total Pageviews

Friday, May 30, 2025

ਮੁਹਾਲੀ ਪੁਲਿਸ ਨੇ ਆਈ ਪੀ ਐਲ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ

ਐਸ ਐਸ ਪੀ ਹਰਮਨ ਹਾਂਸ ਨੇ ਟਿਕਟਾਂ ਦੀ ਵੱਧ ਕੀਮਤ ਵਸੂਲਣ ਵਾਲਿਆਂ ਨੂੰ ਚਿਤਾਵਨੀ ਦਿੱਤੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਮਈ : ਮੁਹਾਲੀ ਪੁਲਿਸ ਨੇ ਤੈਅ ਕੀਮਤ ਤੋਂ ਵਧੀਕ ਕੀਮਤ 'ਤੇ ਆਈ ਪੀ ਐਲ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਨਾਲ ਸਬੰਧਤ ਇੱਕ ਕਾਲਾਬਾਜ਼ਾਰੀ ਗਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

     ਮੁਲਜ਼ਮਾਂ ਦੀ ਪਛਾਣ ਨਵੀਨ ਪੁੱਤਰ ਮਦਨ ਲਾਲ ਨਿਵਾਸੀ ਮਕਾਨ ਨੰਬਰ 324/2, ਰੇਲਵੇ ਰੋਡ, ਪਟਿਆਲਾ ਚੌਕ, ਜੀਂਦ, ਹਰਿਆਣਾ, ਦਰਪਨ ਪੁੱਤਰ ਨਰੇਸ਼ ਕੁਮਾਰ ਨਿਵਾਸੀ ਆਰ ਜ਼ੈਡ ਸਟ੍ਰੀਟ ਨੰਬਰ 6, ਰਾਧਾ ਕ੍ਰਿਸ਼ਨ ਮੰਦਰ ਦੇ ਨੇੜੇ, ਨਵੀਂ ਦਿੱਲੀ ਅਤੇ ਪਰਹਰਸ਼ ਅਨੁਰਾਗ ਪੁੱਤਰ ਸ਼ੰਕਰ ਕੁਮਾਰ ਨਿਵਾਸੀ ਫਲੈਟ ਨੰਬਰ 184 ਪਾਕੇਟ 1, ਸੈਕਟਰ 9, ਦਵਾਰਕਾ, ਨਵੀਂ ਦਿੱਲੀ ਵਜੋਂ ਹੋਈ ਹੈ।


      ਵਧੇਰੇ ਜਾਣਕਾਰੀ ਦਿੰਦੇ ਹੋਏ, ਸੀਨੀਅਰ ਪੁਲਿਸ ਕਪਤਾਨ (ਐਸ ਐਸ ਪੀ), ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਬੀਤੀ ਰਾਤ ਮੁੱਲਾਂਪੁਰ ਪੁਲਿਸ ਸਟੇਸ਼ਨ ਵਿੱਚ ਬੀ ਐਨ ਐਸ ਦੀ ਧਾਰਾ 318 (4) ਦੇ ਤਹਿਤ ਐਫਆਈਆਰ ਨੰਬਰ 91 ਦਰਜ ਕੀਤੀ ਗਈ ਹੈ।

    ਇਹ ਗ੍ਰਿਫ਼ਤਾਰੀਆਂ ਮੁੱਲਾਂਪੁਰ ਦੇ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਆਈ ਪੀ ਐਲ 2025 ਦੇ ਪਹਿਲੇ ਕੁਆਲੀਫਾਇਰ ਟੀ-20 ਮੈਚ ਦੌਰਾਨ ਕੀਤੀਆਂ ਗਈਆਂ ਸਨ। ਮੁਲਜ਼ਮਾਂ ਨੇ ਪਹਿਲਾਂ ਤੋਂ ਵੱਡੀ ਗਿਣਤੀ ਵਿੱਚ ਟਿਕਟਾਂ ਖਰੀਦੀਆਂ ਸਨ ਅਤੇ ਸਟੇਡੀਅਮ ਦੇ ਅਹਾਤੇ ਦੇ ਨੇੜੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੀਮਤਾਂ 'ਤੇ ਵੇਚ ਰਹੇ ਸਨ। ਇੱਕ ਸੂਚਨਾ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਮੁੱਲਾਂਪੁਰ ਪੁਲਿਸ ਸਟੇਸ਼ਨ ਦੀ ਇੱਕ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

    ਐਸ ਐਸ ਪੀ ਨੇ ਅੱਗੇ ਕਿਹਾ ਕਿ ਇਸ ਕਥਿਤ ਧੰਦੇ ਵਿੱਚ ਸ਼ਾਮਲ ਕਿਸੇ ਵੀ ਵੱਡੇ ਨੈੱਟਵਰਕ ਜਾਂ ਸਾਥੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਉਨ੍ਹਾਂ ਨੇ ਟਿਕਟਾਂ ਦੀ ਕਾਲਾਬਾਜ਼ਾਰੀ ਅਤੇ ਵੱਧ ਕੀਮਤ ਵਸੂਲਣ ਦੇ ਗੈਰ-ਕਾਨੂੰਨੀ ਅਮਲ ਵਿੱਚ ਲੱਗੇ ਲੋਕਾਂ ਨੂੰ ਸਖ਼ਤ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਇਸ ਗੋਰਖ ਧੰਦੇ ਨੂੰ ਤੁਰੰਤ ਬੰਦ ਕਰਨ ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

   ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਨਵੇਂ ਕ੍ਰਿਕਟ ਸਟੇਡੀਅਮ ਨੇੜੇ ਆਈ ਪੀ ਐਲ ਮੈਚ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਐਸ ਐਚ ਓ ਮੁੱਲਾਂਪੁਰ ਨੂੰ 9203200009 ਅਤੇ ਡੀ ਐਸ ਪੀ ਮੁੱਲਾਂਪੁਰ ਨੂੰ 7710111912 'ਤੇ ਸੂਚਿਤ ਕੀਤਾ ਜਾਵੇ।

No comments:


Wikipedia

Search results

Powered By Blogger