SBP GROUP

SBP GROUP

Search This Blog

Total Pageviews

Tuesday, June 3, 2025

ਸਿਵਲ ਸਰਜਨ ਵਲੋਂ ਹਰ ਨਾਗਰਿਕ ਨੂੰ ਆਭਾ ਆਈ.ਡੀ. ਬਣਵਾਉਣ ਦੀ ਅਪੀਲ

ਕੋਈ ਫ਼ੀਸ ਨਹੀਂ, ਖ਼ੁਦ ਹੀ ਆਨਲਾਈਨ ਬਣਾਇਆ ਜਾ ਸਕਦਾ ਹੈ ਸਿਹਤ ਕਾਰਡ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਜੂਨ : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਆਪਣੀ ਆਭਾ ਆਈ.ਡੀ. ਬਣਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਹਰ ਨਾਗਰਿਕ ਦਾ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ (ਆਭਾ ਆਈ.ਡੀ.) ਖੋਲ੍ਹਿਆ ਜਾ ਰਿਹਾ ਹੈ, ਜੋ ਹਰ ਨਾਗਰਿਕ ਲਈ ਡਿਜੀਟਲ ਸਿਹਤ ਪਛਾਣ ਹੈ। ਉਨ੍ਹਾਂ ਕਿਹਾ ਕਿ ਆਭਾ ਆਈ.ਡੀ. ਕਾਰਡ ਬਣਵਾਉਣ ਦੇ ਕਈ ਫ਼ਾਇਦੇ ਹਨ। ਹਰ ਨਾਗਰਿਕ ਆਪਣੇ ਮੈਡੀਕਲ ਰੀਕਾਰਡ ਨੂੰ ਡਿਜੀਟਲ ਰੂਪ ਵਿਚ ਸੁਰੱਖਿਅਤ ਰੱਖ ਸਕਦਾ ਹੈ, ਜੋ ਲੋੜ ਪੈਣ ’ਤੇ ਕਦੇ ਵੀ ਤੇ ਕਿਤੇ ਵੀ ਵਰਤਿਆ ਜਾ ਸਕਦਾ ਹੈ। ਜਦੋਂ ਮਰੀਜ਼ ਡਾਕਟਰ ਕੋਲ ਜਾਵੇਗਾ ਤਾਂ ਉਸ ਨੂੰ ਅਪਣੀਆਂ ਰਿਪੋਰਟਾਂ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ। ਇਸ ਕਾਰਡ ਜ਼ਰੀਏ ਮਰੀਜ਼ ਨੂੰ ਓ.ਪੀ.ਡੀ. ਪਰਚੀ ਬਣਵਾਉਣ ਲਈ ਕਤਾਰ ਵਿਚ ਲੱਗਣ ਦੀ ਲੋੜ ਵੀ ਨਹੀਂ ਪਵੇਗੀ। ਆਭਾ ਖਾਤਾ ਧਾਰਕ ਵਾਸਤੇ ਫ਼ਿਲਹਾਲ ਚੋਣਵੇਂ ਹਸਪਤਾਲਾਂ ਵਿਚ ਵੱਖਰਾ ਕਾਊਂਟਰ ਲਗਾਇਆ ਗਿਆ ਹੈ।


ਡਾ. ਜੈਨ ਨੇ ਆਖਿਆ ਕਿ ਜਿਵੇਂ ਹਰ ਵਿਅਕਤੀ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਬਣ ਗਿਆ ਹੈ, ਉਸੇ ਤਰ੍ਹਾਂ ਆਭਾ ਆਈ.ਡੀ. ਵੀ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਇਹ ਆਈ.ਡੀ. ਸਿਰਫ਼ ਮੈਡੀਕਲ ਰਿਕਾਰਡ ਨੂੰ ਹੀ ਡਿਜੀਟਲ ਰੂਪ ਵਿੱਚ ਸੰਭਾਲ ਕੇ ਨਹੀਂ ਰੱਖਦੀ ਸਗੋਂ ਇਲਾਜ ਨੂੰ ਤੇਜ਼, ਸੁਚੱਜਾ ਅਤੇ ਪ੍ਰਭਾਵਸ਼ਾਲੀ ਵੀ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਆਮ ਨਾਗਰਿਕਾਂ ਨੂੰ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਤਹਿਤ ਰਜਿਸਟਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਆਭਾ ਹੈਲਥ ਆਈਡੀ ਕਾਰਡ 14 ਅੰਕਾਂ ਦਾ ਵਿਲੱਖਣ ਨੰਬਰ ਹੈ। ਇਹ ਕਾਰਡ ਬਣਵਾਉਣ ਲਈ ਕਿਸੇ ਵੀ ਨੇੜਲੇ ਸਿਹਤ ਕੇਂਦਰ ਵਿਚ ਫੇਰੀ ਪਾਈ ਜਾ ਸਕਦੀ ਹੈ ਜਾਂ ਅਪਣੇ ਖੇਤਰ ਜਾਂ ਪਿੰਡ ਦੀ ਆਸ਼ਾ ਵਰਕਰ ਜਾਂ ਸਿਹਤ ਕਾਮੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੋਈ ਵੀ ਨਾਗਰਿਕ ਅਧਿਕਾਰਤ ਵੈੱਬਸਾਈਟ https://abha.abdm.gov.in/abha/v3/ 'ਤੇ ਘਰ ਬੈਠੇ ਖ਼ੁਦ ਵੀ ਇਹ ਕਾਰਡ ਬਣਾ ਸਕਦਾ ਹੈ। ਆਭਾ ਆਈ.ਡੀ. ਬਣਾਉਣਾ ਬਿਲਕੁਲ ਮੁਫ਼ਤ ਹੈ ਅਤੇ ਇਸ ਲਈ ਸਿਰਫ਼ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਅਤੇ ਮੋਬਾਇਲ ਨੰਬਰ ਦੀ ਲੋੜ ਪੈਂਦੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ-ਚੜ੍ਹ ਕੇ ਆਪਣੀ ਆਭਾ ਆਈ.ਡੀ ਬਣਾਉਣ ਅਤੇ ਹੋਰਾਂ ਨੂੰ ਵੀ ਇਸ ਬਾਰੇ ਜਾਣੂ ਕਰਵਾਉਣ।

ਫ਼ੋਟੋ ਕੈਪਸ਼ਨ : ਸਿਵਲ ਸਰਜਨ ਡਾ. ਸੰਗੀਤਾ ਜੈਨ ਜਾਣਕਾਰੀ ਦਿੰਦੇ ਹੋਏ।

No comments:


Wikipedia

Search results

Powered By Blogger