Friday, January 2, 2026

ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਵੱਲੋਂ ਭਗਵੰਤ ਸਿੰਘ ਮਾਨ ਅਤੇ ਹਰਪਾਲ ਸਿੰਘ ਚੀਮਾ ਦਾ ਵਨ-ਟਾਈਮ ਸੈਟਲਮੈਂਟ ਸਕੀਮ ਦੀ ਮਿਆਦ ਵਧਾਉਣ ਲਈ ਧੰਨਵਾਦ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ , 02 Jan ਪੰਜਾਬ ਦੇ ਵਪਾਰੀ ਅਤੇ ਕਾਰੋਬਾਰੀ ਭਾਈਚਾਰੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਨ-ਟਾਈਮ ਸੈਟਲਮੈਂਟ (ਓ.ਟੀ.ਐੱਸ.) ਸਕੀਮ–2025 ਨੂੰ 31 ਮਾਰਚ 2026 ਤੱਕ ਵਧਾਉਣ ਦੇ ਫੈਸਲੇ ਦਾ ਭਰਪੂਰ ਸਵਾਗਤ ਕੀਤਾ ਹੈ ਅਤੇ ਇਸਨੂੰ ਇੱਕ ਬਹੁਤ ਹੀ ਪ੍ਰਗਤੀਸ਼ੀਲ ਅਤੇ ਵਪਾਰੀ-ਹਿਤੈਸ਼ੀ ਕਦਮ ਕਰਾਰ ਦਿੱਤਾ ਹੈ। ਸੂਬੇ ਭਰ ਦੇ ਵਪਾਰੀਆਂ ਦੀ ਤਰਫ਼ੋਂ ਧੰਨਵਾਦ ਪ੍ਰਗਟ ਕਰਦਿਆਂ, ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਨਿਲ ਠਾਕੁਰ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਦਾ ਵਪਾਰੀ ਭਾਈਚਾਰੇ ਨਾਲ ਜੁੜੇ ਲੰਮੇ ਸਮੇਂ ਤੋਂ ਲਟਕੇ ਟੈਕਸ ਸੰਬੰਧੀ ਮਾਮਲਿਆਂ ਨੂੰ ਸੁਲਝਾਉਣ ਲਈ ਸੰਵੇਦਨਸ਼ੀਲ ਅਤੇ ਵਿਆਵਹਾਰਿਕ ਦ੍ਰਿਸ਼ਟੀਕੋਣ ਅਪਣਾਉਣ ਲਈ ਧੰਨਵਾਦ ਕੀਤਾ ਹੈ। 


ਉਹਨਾਂ ਕਿਹਾ ਕਿ ਇਸ ਸਬੰਧੀ ਵਪਾਰੀ ਭਾਈਚਾਰੇ ਦੀ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਈ ਗਈ ਸੀ ਤਾਂ ਜੋ ਵੱਧ ਤੋਂ ਵੱਧ ਵਪਾਰੀ ਵਰਗ ਇਸ ਦਾ ਲਾਭ ਲੈ ਸਕੇ। ਸ਼੍ਰੀ ਅਨਿਲ ਠਾਕੁਰ ਨੇ ਕਿਹਾ ਕਿ ਓ.ਟੀ.ਐੱਸ. ਸਕੀਮ ਦੀ ਮਿਆਦ ਵਧਾਉਣਾ ਸੂਬਾ ਸਰਕਾਰ ਦੀ ਉਸ ਡੂੰਘੀ ਸਮਝ ਨੂੰ ਦਰਸਾਉਂਦਾ ਹੈ, ਜਿਸ ਤਹਿਤ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਖ਼ਾਸ ਕਰਕੇ ਸਾਲ ਦੀ ਆਖਰੀ ਤਿਮਾਹੀ ਦੌਰਾਨ ਭਾਰੀ "ਪਾਲਣਾ (ਕੰਪਲਾਇੰਸ) ਬੋਝ" ਅਤੇ ਪ੍ਰਕਿਰਿਆਤਮਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਉਨ੍ਹਾਂ ਨੇ ਕਿਹਾ ਕਿ ਇਹ ਸਕੀਮ ਜੀ.ਐੱਸ.ਟੀ. ਤੋਂ ਪਹਿਲਾਂ ਦੇ ਕਾਨੂੰਨਾਂ, ਜਿਵੇਂ ਕਿ ਵੈਟ ਅਤੇ ਕੇਂਦਰੀ ਵਿਕਰੀ ਕਰ (ਸੀ.ਐੱਸ.ਟੀ.) ਨਾਲ ਜੁੜੇ ਪੁਰਾਣੇ ਵਿਵਾਦਾਂ ਦਾ ਸਾਹਮਣਾ ਕਰ ਰਹੇ ਵਪਾਰਾਂ ਲਈ ਵੱਡੀ ਰਾਹਤ ਵਜੋਂ ਸਾਹਮਣੇ ਆਈ ਹੈ। ਸ਼੍ਰੀ ਠਾਕੁਰ ਨੇ ਕਿਹਾ, “ਓ.ਟੀ.ਐੱਸ. ਸਕੀਮ ਨੂੰ 31 ਮਾਰਚ 2026 ਤੱਕ ਵਧਾਉਣ ਦਾ ਫੈਸਲਾ ਪੰਜਾਬ ਸਰਕਾਰ ਦੀ ਵਪਾਰ-ਹਿਤੈਸ਼ੀ ਮਾਹੌਲ ਬਣਾਉਣ ਅਤੇ ਸਵੈੱਛਿਕ ਪਾਲਣਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 

ਵਿਆਜ, ਜੁਰਮਾਨਿਆਂ ਅਤੇ ਯੋਗ ਟੈਕਸ ਰਕਮ ’ਤੇ ਦਿੱਤੀਆਂ ਗਈਆਂ ਵੱਡੀਆਂ ਛੂਟਾਂ ਨਾਲ ਵਪਾਰੀਆਂ ਵਿੱਚ ਭਰੋਸਾ ਵਧਿਆ ਹੈ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਬਕਾਇਆ ਮਾਮਲੇ ਨਿਪਟਾਉਣ ਲਈ ਅੱਗੇ ਆਉਣ ਦੀ ਪ੍ਰੇਰਣਾ ਮਿਲੀ ਹੈ।” ਚੇਅਰਮੈਨ ਨੇ ਅੱਗੇ ਕਿਹਾ ਕਿ ਸਕੀਮ ਅਧੀਨ ਮਿਲੀਆਂ ਅਰਜ਼ੀਆਂ ਦੀ ਵੱਡੀ ਗਿਣਤੀ ਮੌਜੂਦਾ ਸਰਕਾਰ ਦੀਆਂ ਨੀਤੀਆਂ ’ਤੇ ਵਪਾਰੀ ਭਾਈਚਾਰੇ ਦੇ ਭਰੋਸੇ ਨੂੰ ਸਪਸ਼ਟ ਕਰਦੀ ਹੈ। 

ਉਨ੍ਹਾਂ ਨੇ ਦੱਸਿਆ ਕਿ ਮਿਆਦ ਵਧਣ ਨਾਲ ਬਾਕੀ ਯੋਗ ਵਪਾਰੀ ਆਪਣੇ ਟੈਕਸ ਬਕਾਇਆ ਦੀ ਢੁਕਵੀਂ ਸਮੀਖਿਆ ਕਰ ਸਕਣਗੇ ਅਤੇ ਬਿਨਾਂ ਕਿਸੇ ਬੇਵਜ੍ਹਾ ਦਬਾਅ ਦੇ ਇਸ ਇਕਮੁਸ਼ਤ ਮੌਕੇ ਦਾ ਲਾਭ ਉਠਾ ਸਕਣਗੇ। ਸ਼੍ਰੀ ਅਨਿਲ ਠਾਕੁਰ ਨੇ ਪੰਜਾਬ ਦੇ ਸਾਰੇ ਵਪਾਰੀਆਂ, ਉਦਯੋਗਪਤੀਆਂ ਅਤੇ ਚਾਵਲ ਮਿੱਲ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਧਾਈ ਗਈ ਮਿਆਦ ਦਾ ਸਮਝਦਾਰੀ ਅਤੇ ਸਦਭਾਵਨਾ ਨਾਲ ਲਾਭ ਉਠਾਉਣ ਅਤੇ ਨਿਰਧਾਰਤ ਸਮੇਂ ਅੰਦਰ ਓ.ਟੀ.ਐੱਸ. ਸਕੀਮ ਅਧੀਨ ਸ਼ਾਮਲ ਹੋਣ। 

ਉਨ੍ਹਾਂ ਨੇ ਕਿਹਾ, “ਇਹ ਬਕਾਇਆ ਰਕਮਾਂ ਨਿਪਟਾਉਣ, ਭਵਿੱਖੀ ਮੁਕੱਦਮੇਬਾਜ਼ੀ ਤੋਂ ਬਚਣ ਅਤੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਸਾਫ਼ ਤੇ ਸਪੱਸ਼ਟ ਵਹੀ ਨਾਲ ਕਰਨ ਦਾ ਸੁਨਹੀਰੀ ਮੌਕਾ ਹੈ। ਵਪਾਰੀ ਭਾਈਚਾਰੇ ਨੂੰ ਸਰਕਾਰ ਦੀ ਹਾ-ਪੱਖੀ ਨੀਤੀ ਨੂੰ ਸਮੇਂ ਸਿਰ ਭਾਗੀਦਾਰੀ ਅਤੇ ਪਾਲਣਾ ਲਈ ਅਪਣਾਉਣਾ ਚਾਹੀਦਾ ਹੈ।”

ਸ਼੍ਰੀ ਠਾਕੁਰ ਨੇ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਵਪਾਰੀਆਂ ਪ੍ਰਤੀ ਪੂਰੇ ਸਮਰਥਨ ਨੂੰ ਦੁਹਰਾਉਂਦਿਆਂ ਕਿਹਾ ਕਿ ਕਮਿਸ਼ਨ ਸਕੀਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦੀ ਸੁਚੱਜੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਲਈ ਪੂਰਾ ਸਹਿਯੋਗ ਦੇਵੇਗਾ।

ਨਵੇਂ ਸਾਲ ਦੇ ਮੌਕੇ ’ਤੇ ਨਿਰੰਕਾਰੀ ਸਤਿਗੁਰੂ ਦਾ ਖੁਸ਼ੀਆਂ ਤੇ ਆਸ਼ੀਰਵਾਦਾਂ ਭਰਿਆ ਪਾਵਨ ਸੰਦੇਸ਼

 ਦਿੱਲੀ , 02 Jan “ਨਿਰੰਕਾਰ ਦੀ ਰਜ਼ਾ ਵਿੱਚ ਜੀਵਨ ਜੀਉਣਾ ਹੀ ਸੱਚੀ ਸਾਧਨਾ ਹੈ।” ਇਹ ਪ੍ਰੇਰਣਾਦਾਇਕ ਬਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਸਾਲ ਦੇ ਸ਼ੁਭ ਅਵਸਰ ’ਤੇ ਦਿੱਲੀ ਦੇ ਗ੍ਰਾਊਂਡ ਨੰਬਰ–8, ਨਿਰੰਕਾਰੀ ਚੌਕ, ਬੁਰਾੜੀ ਰੋਡ ਵਿਖੇ ਆਯੋਜਿਤ ਵਿਸ਼ੇਸ਼ ਸਤਸੰਗ ਸਮਾਗਮ ਦੌਰਾਨ ਪ੍ਰਗਟ ਕੀਤੇ। ਇਸ ਸਤਸੰਗ ਵਿੱਚ ਦਿੱਲੀ, ਐਨ.ਸੀ.ਆਰ. ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ। 

ਨਵੇਂ ਸਾਲ ਦੇ ਪਹਿਲੇ ਦਿਨ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਪਾਵਨ ਸਾਨਿਧ ਵਿੱਚ ਦਰਸ਼ਨ ਕਰਕੇ ਅਤੇ ਉਨ੍ਹਾਂ ਦੇ ਉਪਦੇਸ਼ ਸੁਣ ਕੇ ਭਗਤਾਂ ਨੇ ਆਤਮਿਕ ਸ਼ਾਂਤੀ ਤੇ ਆਧਿਆਤਮਿਕ ਉਰਜਾ ਦਾ ਅਨੁਭਵ ਕੀਤਾ। ਸਤਿਗੁਰੂ ਮਾਤਾ ਜੀ ਨੇ ਆਪਣੇ ਉਦਬੋਧਨ ਵਿੱਚ ਫਰਮਾਇਆ ਕਿ ਨਵੇਂ ਸਾਲ ਦਾ ਪਹਿਲਾ ਦਿਨ ਸਾਨੂੰ ਸੰਤਾਂ ਦੇ ਬਚਨਾਂ ਨੂੰ ਸੁਣਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੁਨਹਿਰਾ ਮੌਕਾ ਦਿੰਦਾ ਹੈ। 


ਜਿੱਥੇ ਸੰਸਾਰ ਨਵੇਂ ਸਾਲ ਦੀ ਸ਼ੁਰੂਆਤ ਮੌਜ-ਮਸਤੀ ਨਾਲ ਕਰਦਾ ਹੈ, ਉੱਥੇ ਸੰਤ ਸੱਚ ਅਤੇ ਸਤਸੰਗ ਦਾ ਰਾਹ ਚੁਣਦੇ ਹਨ। ਸਤਸੰਗ ਨਾਲ ਸ਼ੁਰੂ ਹੋਇਆ ਜੀਵਨ ਹਰ ਪਲ ਨਿਰੰਕਾਰ ਦੇ ਅਹਿਸਾਸ ਨੂੰ ਹੋਰ ਵੀ ਮਜ਼ਬੂਤ ਕਰਦਾ ਜਾਂਦਾ ਹੈ। ਤਾਰਕਿਕ ਤੌਰ ’ਤੇ ਨਵਾਂ ਸਾਲ ਧਰਤੀ ਵੱਲੋਂ ਸੂਰਜ ਦੇ ਗਿਰਦ ਇਕ ਹੋਰ ਚੱਕਰ ਅਤੇ ਰੁੱਤਾਂ ਦੇ ਬਦਲਾਅ ਦਾ ਨਾਮ ਹੈ। 

ਅਸੀਂ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਨਵੇਂ ਸੰਕਲਪ ਲੈਂਦੇ ਹਾਂ, ਪਰ ਅਸਲ ਬਦਲਾਅ ਤਦੋਂ ਹੀ ਮਾਇਨੇ ਰੱਖਦਾ ਹੈ ਜਦੋਂ ਉਹ ਅੰਦਰੋਂ ਆਵੇ। ਸੰਤ ਆਤਮ-ਮੰਥਨ ਰਾਹੀਂ ਸਕਾਰਾਤਮਕ ਪਰਿਵਰਤਨ ਲਿਆਉਂਦੇ ਹਨ ਅਤੇ ਨਿਰੰਕਾਰ ਨੂੰ ਸਰਬੋਪਰਿ ਮੰਨਦਿਆਂ ਸੇਵਾ, ਸਿਮਰਨ ਅਤੇ ਸਤਸੰਗ ਨੂੰ ਜੀਵਨ ਦੀ ਪ੍ਰਾਥਮਿਕਤਾ ਬਣਾਉਂਦੇ ਹਨ।

ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਇਕ ਭਗਤ ਦੀ ਇਹੀ ਕਾਮਨਾ ਹੁੰਦੀ ਹੈ ਕਿ ਹਰ ਨਵਾਂ ਸਾਲ ਉਸਨੂੰ ਪਹਿਲਾਂ ਨਾਲੋਂ ਵੱਧ ਸੇਵਾ, ਸਿਮਰਨ ਅਤੇ ਸਤਸੰਗ ਨਾਲ ਜੋੜੇ, ਨਾਲ ਹੀ ਉਹ ਆਪਣੀਆਂ ਸਾਂਸਾਰਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਏ। ਜਦੋਂ ਜੀਵਨ ਆਪ ਹੀ ਸੰਦੇਸ਼ ਬਣ ਜਾਵੇ ਅਤੇ ਕਰਮ ਸ਼ਬਦਾਂ ਨਾਲੋਂ ਵੱਧ ਬੋਲਣ ਲੱਗ ਪੈਣ, ਤਦੋਂ ਹੀ ਸੱਚੀ ਸਾਧਨਾ ਦਾ ਸਰੂਪ ਪ੍ਰਗਟ ਹੁੰਦਾ ਹੈ। 

ਪੂਰੀ ਚੇਤਨ ਅਵਸਥਾ ਵਿੱਚ ਨਿਰੰਕਾਰ ਦੇ ਅਹਿਸਾਸ ਨਾਲ ਜੀਉਣਾ ਹੀ ਅਸਲ ਜੀਵਨ ਹੈ, ਕਿਉਂਕਿ ਭੂਤ ਅਤੇ ਭਵਿੱਖ ਮਾਇਆ ਦੇ ਰੂਪ ਹਨ। ਜਦੋਂ ਮਨ ਵਿੱਚ ਇਹ ਭਰੋਸਾ ਪੱਕਾ ਹੋ ਜਾਵੇ ਕਿ ਕੱਲ੍ਹ ਵੀ ਦਾਤਾਰ ਦੀ ਰਜ਼ਾ ਸੀ ਅਤੇ ਅੱਜ ਵੀ ਉਸਦੀ ਕਿਰਪਾ ਹੈ, ਤਾਂ ਚਿੰਤਾ ਆਪਣੇ ਆਪ ਮਿਟ ਜਾਂਦੀ ਹੈ ਅਤੇ ਜੀਵਨ ਸੁਖਦ ਤੇ ਸੰਤੁਲਿਤ ਬਣ ਜਾਂਦਾ ਹੈ।

ਨਵਾਂ ਸਾਲ ਸਿਰਫ਼ ਤਾਰੀਖ਼ ਦੇ ਬਦਲਾਅ ਦਾ ਨਾਮ ਨਹੀਂ, ਬਲਕਿ ਪ੍ਰੇਮ, ਮਿਠਾਸ, ਨਿਮਰਤਾ ਅਤੇ ਸਮਝ ਨੂੰ ਅਪਣਾਉਣ ਦਾ ਮੌਕਾ ਹੈ। ਮਨਮੁਟਾਅ ਅਤੇ ਦ੍ਵੈਸ਼ ਤੋਂ ਦੂਰ ਰਹਿ ਕੇ, ਦੂਜਿਆਂ ਦੇ ਭਾਵਾਂ ਨੂੰ ਸਮਝਦਿਆਂ, ਦੋਸ਼ਾਂ ’ਤੇ ਪਰਦਾ ਪਾ ਕੇ ਗੁਣਾਂ ਨੂੰ ਅਪਣਾਉਣਾ ਹੀ ਸੱਚੀ ਭਗਤੀ ਹੈ। ਹਰ ਸਾਹ ਨਾਲ ਸਿਮਰਨ ਹੋਵੇ, ਹਰ ਪਲ ਵਿੱਚ ਨਿਰੰਕਾਰ ਦਾ ਵਾਸ ਹੋਵੇ—ਇਹੀ ਨਵੇਂ ਸਾਲ ਦਾ ਅਸਲ ਅਰਥ ਅਤੇ ਸੰਦੇਸ਼ ਹੈ। 

ਨਵੇਂ ਸਾਲ ਦੇ ਅਵਸਰ ’ਤੇ ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਸਾਰੇ ਸ਼ਰਧਾਲੂਆਂ ਲਈ ਸੁਖ, ਸਮ੍ਰਿਧੀ ਅਤੇ ਆਨੰਦਮਈ ਜੀਵਨ ਦੀਆਂ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ।

ਸੀਜੀਸੀ ਲਾਂਡਰਾਂ ਦੇ ਤਿੰਨ ਐਨਸੀਸੀ ਕੈਡਿਟਾਂ ਦੀ ਆਰਡੀਸੀ-2026 ਲਈ ਚੋਣ

 ਲਾਂਡਰਾਂ , 02 Jan ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਤੋਂ ਤਿੰਨ ਐਨਸੀਸੀ ਕੈਡਿਟਾਂ ਦੀ ਚੋਣ ਨਵੀਂ ਦਿੱਲੀ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਕੈਂਪ (ਆਰਡੀਸੀ) 2026 ਲਈ ਕੀਤੀ ਗਈ ਹੈ। ਇਹ ਚੋਣ ਨੈਸ਼ਨਲ ਕੈਡੇਟ ਕੋਰ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਬਹੁਪੜਾਵੀ ਮੁਲਾਂਕਣ  ਪ੍ਰਕਿਰਿਆ ਰਾਹੀਂ ਦੇਸ਼ ਭਰ ਤੋਂ ਚੁਣੇ ਗਏ ਸੀਮਤ ਗਿਣਤੀ ਦੇ ਕੈਡਿਟ ਸ਼ਾਮਲ ਹਨ।ਚੁਣੇ ਗਏ ਕੈਡਿਟਾਂ ਵਿੱਚੋਂ ਇੱਕ ਸੀਐਸਈ ਵਿਦਿਆਰਥੀ ਅਨੁਭਵ ਨੂੰ ਕਰਤਵਯ ਪਥ ਤੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ, ਜਦ ਕਿ ਇੱਕ ਆਈਟੀ ਵਿਦਿਆਰਥੀ ਨਵੀਨ ਕੁਮਾਰ ਅਤੇ ਇੱਕ ਸੀਐਸਈ ਵਿਦਿਆਰਥੀ ਵਿਸ਼ਾਲ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਕੈਡਿਟਾਂ ਨੇ ਪਹਿਲਾਂ 12 ਤੋਂ ਵੱਧ ਐਨਸੀਸੀ ਕੈਂਪਾਂ ਵਿੱਚ ਹਿੱਸਾ ਲਿਆ ਹੈ ਅਤੇ ਹਰ ਪੜਾਅ ’ਤੇ ਚੋਣ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਨਸੀਸੀ ਵਿਭਾਗ, ਸੀਜੀਸੀ ਲਾਂਡਰਾਂ ਅਤੇ 3 ਪੰਜਾਬ ਬਟਾਲੀਅਨ ਐਨਸੀਸੀ, ਮੋਹਾਲੀ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੀਤੀ ਹੈ। 


ਇਹ ਚੋਣ ਸੀਜੀਸੀ ਲਾਂਡਰਾਂ ਦੇ ਅੰਤਰ ਸਮੂਹ ਅਤੇ ਰਾਸ਼ਟਰੀ ਪੱਧਰ ’ਤੇ ਐਨਸੀਸੀ ਗਤੀਵਿਧੀਆਂ ਵਿੱਚ ਭਾਗੀਦਾਰੀ ਅਤੇ ਪ੍ਰਦਰਸ਼ਨ ਦੇ ਸਥਾਪਿਤ ਰਿਕਾਰਡ ਵਿੱਚ ਵਾਧਾ ਕਰਦੀ ਹੈ। ਪਿਛਲੇ ਸਾਲਾਂ ਦੌਰਾਨ ਕੈਡੇਟ ਸਲੋਨੀ ਨਾਇਕ ਜਿਸਨੇ ਇੰਟਰ-ਸਮੂਹ ਸਪੋਰਟਸ ਸ਼ੂਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਸੀ, ਕੈਡੇਟ ਪ੍ਰਨੀਤ ਕੌਰ ਜਿਸਨੇ ਬੇਸਿਕ ਲੀਡਰਸ਼ਿਪ ਕੈਂਪ ਵਿੱਚ ਚੋਟੀ ਦੇ ਸਥਾਨ ਪ੍ਰਾਪਤ ਕੀਤੇ ਸਨ ਅਤੇ ਬਹਿਸ ਵਿੱਚ ਉੱਤਮਤਾ ਲਈ ਮਾਨਤਾ ਪ੍ਰਾਪਤ ਕੀਤੀ ਗਈ ਸੀ। 

ਇਸੇ ਤਰ੍ਹਾਂ, ਸੀਨੀਅਰ ਅੰਡਰ ਅਫਸਰ ਮਹਿਮਾ ਨੂੰ ਸਿਖਲਾਈ ਕੈਂਪਾਂ ਅਤੇ ਭਾਈਚਾਰਕ ਸ਼ਮੂਲੀਅਤ ਪਹਿਲਕਦਮੀਆਂ ਵਿੱਚ ਉਸਦੇ ਪ੍ਰਦਰਸ਼ਨ ਲਈ ਸਰਬੋਤਮ ਕੈਡੇਟ ਲਈ ਸੀਡਬਲਯੂਐਸ ਅਵਾਰਡ ਮਿਲਿਆ। ਇਸ ਤੋਂ ਪਹਿਲਾਂ, ਕੈਡੇਟ ਵਿਦੁਸ਼ੀ ਚੌਹਾਨ ਨੇ 2025 ਵਿੱਚ ਕਾਰਤਵਯ ਪਥ 'ਤੇ ਗਣਤੰਤਰ ਦਿਵਸ ਪਰੇਡ ਵਿੱਚ ਸੀਜੀਸੀ ਲਾਂਡਰਾਂ ਦੀ ਨੁਮਾਇੰਦਗੀ ਕੀਤੀ ਸੀ।

ਇਨ੍ਹਾਂ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਮੇਧਾਵੀ ਤੋਮਰ ਵੀ ਸ਼ਾਮਲ ਸਨ ਜਿਨ੍ਹਾਂ ਨੇ 2019 ਵਿੱਚ ਐਨਸੀਸੀ ਦਾ ਆਲ ਇੰਡੀਆ ਬੈਸਟ ਕੈਡੇਟ ਅਵਾਰਡ ਜਿੱਤਿਆ ਸੀ ਅਤੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਦੀ ਐਨਸੀਸੀ ਰੈਲੀ ਦੌਰਾਨ ਸਨਮਾਨਿਤ ਕੀਤਾ ਗਿਆ ਸੀ;  ਇਹ ਪ੍ਰਾਪਤੀਆਂ ਸੰਸਥਾ ਦੇ ਸਾਰੇ ਐਨਸੀਸੀ ਕੈਡਿਟਾਂ ਲਈ ਪ੍ਰੇਰਨਾ ਵਜੋਂ ਕੰਮ ਕਰਦੀਆਂ ਰਹਿੰਦੀਆਂ ਹਨ। 

ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਕੈਡਿਟਾਂ ਨੂੰ ਉਨ੍ਹਾਂ ਦੀ ਚੋਣ ਮੌਕੇ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਵੀ ਇਸ ਪ੍ਰਾਪਤੀ ਸੰਬੰਧੀ ਗੱਲਬਾਤ ਕਰਦਿਆਂ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਕੈਂਪ ਲਈ ਸਾਡੇ ਕੈਡਿਟਾਂ ਦੀ ਚੋਣ ਅਤੇ ਗਣਤੰਤਰ ਦਿਵਸ ਪਰੇਡ ਅਤੇ ਪ੍ਰਧਾਨ ਮੰਤਰੀ ਦੀ ਰੈਲੀ ਵਰਗੇ ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਕੈਡਿਟਾਂ ਵੱਲੋਂ ਕੀਤੇ ਨਿਰੰਤਰ ਯਤਨਾਂ ਅਤੇ ਸੀਜੀਸੀ ਲਾਂਡਰਾਂ ਵਿਖੇ ਐਨਸੀਸੀ ਵੱਲੋਂ ਪ੍ਰਦਾਨ ਕੀਤੀ ਗਈ ਢਾਂਚਾਗਤ ਸਿਖਲਾਈ ਨੂੰ ਦਰਸਾਉਂਦੀ ਹੈ। 

ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੀ ਭਾਗੀਦਾਰੀ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ। ਸੀਜੀਸੀ ਲਾਂਡਰਾਂ ਦਾ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਨਾਲ ਨਿਰੰਤਰ ਸਬੰਧ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਨੇਤਾ ਵਿਕਾਸ, ਅਨੁਸ਼ਾਸਨ ਅਤੇ ਨਾਗਰਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਹੈ।

ਐਸ.ਸੀ. ਭਾਈਚਾਰੇ ਦੀ ਭਲਾਈ ਲਈ ਸਬ-ਪਲਾਨ ਦੀ ਸਮੀਖਿਆ, 25 ਵਿਭਾਗਾਂ ਨਾਲ ਡਾ. ਬਲਜੀਤ ਕੌਰ ਦੀ ਅਹਿਮ ਬੈਠਕ

 ਚੰਡੀਗੜ੍ਹ , 02 Jan ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਰਾਜ ਵਿੱਚ ਅਨੁਸੂਚਿਤ ਜਾਤੀਆਂ ਦੀ ਸਮਾਜਿਕ-ਆਰਥਿਕ ਭਲਾਈ ਲਈ ਲਾਗੂ ਕੀਤੇ ਜਾ ਰਹੇ ਅਨੁਸੂਚਿਤ ਜਾਤੀਆਂ ਸਬ-ਪਲਾਨ (ਐਸ.ਸੀ.ਐਸ.ਪੀ.) ਦੀ ਪ੍ਰਗਤੀ ਦੀ ਸਮੀਖਿਆ ਲਈ ਇਕ ਅਹਿਮ ਬੈਠਕ ਕੀਤੀ। ਇਸ ਬੈਠਕ ਦੌਰਾਨ ਐਸ.ਸੀ. ਸਬ-ਪਲਾਨ ਅਧੀਨ ਸਕੀਮਾਂ ਲਾਗੂ ਕਰ ਰਹੇ ਲਗਭਗ 25 ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ।

ਮੀਟਿੰਗ ਵਿੱਚ ਡਾ. ਬਲਜੀਤ ਕੌਰ ਨੇ ਵਿੱਤੀ ਸਾਲ 2025-26 ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਐਸ.ਸੀ. ਸਬ-ਪਲਾਨ ਤਹਿਤ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਯੋਜਨਾਵਾਂ ਲਈ ਰੱਖੀ ਗਈ ਰਾਸ਼ੀ ਹਾਲੇ ਤੱਕ ਖਰਚ ਨਹੀਂ ਹੋਈ, ਉਸ ਦੀ ਵਰਤੋਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਰਾਸ਼ੀ ਤੁਰੰਤ ਜਾਰੀ ਕਰਵਾ ਕੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਪਹੁੰਚਾਇਆ ਜਾਵੇ।


ਮੰਤਰੀ ਨੇ ਸਪੱਸ਼ਟ ਕੀਤਾ ਕਿ ਐਸ.ਸੀ. ਸਬ-ਪਲਾਨ ਤਹਿਤ ਰੱਖੀ ਗਈ ਰਾਸ਼ੀ ਦੀ ਵਰਤੋਂ ਸਿਰਫ਼ ਅਨੁਸੂਚਿਤ ਜਾਤੀ ਭਾਈਚਾਰੇ ਦੀ ਭਲਾਈ ਲਈ ਹੀ ਕੀਤੀ ਜਾਵੇ ਅਤੇ ਇਸ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਜਾਂ ਗਲਤ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਆਪਣੇ-ਆਪਣੇ ਵਿਭਾਗਾਂ ਵੱਲੋਂ ਕਵਰ ਕੀਤੇ ਜਾ ਰਹੇ ਲਾਭਪਾਤਰੀਆਂ ਅਤੇ ਪਿੰਡਾਂ ਦੀ ਵਿਸਥਾਰਪੂਰਕ ਸੂਚੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੂੰ ਮੁਹੱਈਆ ਕਰਵਾਈ ਜਾਵੇ, ਤਾਂ ਜੋ ਰਾਖਵੇਂ ਫੰਡਾਂ ਦੀ ਸਹੀ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣਾਈ ਜਾ ਸਕੇ।

ਡਾ. ਬਲਜੀਤ ਕੌਰ ਨੇ ਵਿਭਾਗਾਂ ਨੂੰ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਮੌਜੂਦਾ ਲੋੜਾਂ ਦੇ ਅਨੁਕੂਲ ਨਵੀਆਂ, ਲੋਕ-ਹਿਤੈਸ਼ੀ ਅਤੇ ਨਿਵੇਕਲੀਆਂ ਸਕੀਮਾਂ ਤਿਆਰ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਨੁਸੂਚਿਤ ਜਾਤੀਆਂ ਦੇ ਸਮੂਹਿਕ ਵਿਕਾਸ, ਸਸ਼ਕਤੀਕਰਨ ਅਤੇ ਉਨ੍ਹਾਂ ਦੀ ਜੀਵਨ-ਪੱਧਰ ਨੂੰ ਸੁਧਾਰਨ ਲਈ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ। ਮੰਤਰੀ ਨੇ ਐਸ.ਸੀ. ਸਬ-ਪਲਾਨ ਦੀ ਪ੍ਰਗਤੀ ਦੀ ਨਿਰੰਤਰ ਸਮੀਖਿਆ ਲਈ ਜਲਦੀ ਹੀ ਦੁਬਾਰਾ ਅਜਿਹੀ ਬੈਠਕ ਕਰਨ ਦੀ ਗੱਲ ਵੀ ਕਹੀ, ਤਾਂ ਜੋ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਸਕੀਮਾਂ ਦਾ ਲਾਗੂਕਰਨ ਹੋਰ ਵੱਧ ਸੁਚਾਰੂ, ਸਮੇਂ-ਸਿਰ ਅਤੇ ਪ੍ਰਭਾਵੀ ਬਣਾਇਆ ਜਾ ਸਕੇ।

ਇਸ ਬੈਠਕ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ (ਆਈ.ਏ.ਐਸ), ਐਸ.ਸੀ. ਸਬ-ਪਲਾਨ ਲਈ ਨੋਡਲ ਵਿਭਾਗ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਵੀ.ਕੇ. ਮੀਨਾ (ਆਈ.ਏ.ਐੱਸ.), ਡਾਇਰੈਕਟਰ-ਕਮ-ਵਧੀਕ ਸਕੱਤਰ ਸ਼੍ਰੀਮਤੀ ਵਿੰਮੀ ਭੁੱਲਰ (ਆਈ.ਏ.ਐੱਸ.), ਖੋਜ ਅਫ਼ਸਰ ਡਾ. ਲਿਵਪ੍ਰੀਤ ਕੌਰ ਅਤੇ ਸ਼੍ਰੀ ਕਮਲਜੀਤ ਸਿੰਘ ਵੀ ਹਾਜ਼ਰ ਰਹੇ।

ਕੁਲਜੀਤ ਸਿੰਘ ਰੰਧਾਵਾ ਵੱਲੋਂ ਨਵੇਂ ਸਾਲ ਮੌਕੇ ਲਾਲੜੂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਦੀ ਸ਼ੁਰੂਆਤ

 ਲਾਲੜੂ/(ਐੱਸ.ਏ.ਐੱਸ. ਨਗਰ) , 02 Jan ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਨਵੇਂ ਸਾਲ ਮੌਕੇ ਨਗਰ ਕੌਂਸਲ ਲਾਲੜੂ ਅਧੀਨ ਜਲ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਲਾਗੂ ਕੀਤੇ ਜਾ ਰਹੇ ਮਹੱਤਵਪੂਰਨ ਪਾਣੀ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 2 ਕਰੋੜ 70 ਲੱਖ 89 ਹਜ਼ਾਰ ਰੁਪਏ ਮਨਜ਼ੂਰ ਕੀਤੀ ਗਈ ਹੈ, ਜਿਸ ਦਾ ਮਕਸਦ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਮਜ਼ਬੂਤ ਕਰਨਾ ਹੈ। 

ਉਨ੍ਹਾਂ ਇਸ ਮੌਕੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਹਲਕੇ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਵਿਧਾਇਕ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਦੋ ਨਵੇਂ ਟਿਊਬਵੈੱਲ ਲਗਾਏ ਜਾਣਗੇ, ਜਿਨ੍ਹਾਂ ਦੀ ਅੰਦਾਜ਼ਨ ਲਾਗਤ 40-40 ਲੱਖ ਰੁਪਏ ਹੈ, ਇਸ ਤਰ੍ਹਾਂ ਦੋਹਾਂ ਟਿਊਬਵੈੱਲਾਂ ’ਤੇ ਕੁੱਲ 80 ਲੱਖ ਰੁਪਏ ਖਰਚ ਆਵੇਗਾ। 


ਪਹਿਲਾ ਟਿਊਬਵੈੱਲ ਅਨਾਜ ਮੰਡੀ, ਸਰਦਾਰਪੁਰਾ (ਵਾਰਡ ਨੰਬਰ 4), ਲਾਲੜੂ ਵਿਖੇ ਅਤੇ ਦੂਜਾ ਟਿਊਬਵੈੱਲ ਆਲਮਗੀਰ (ਵਾਰਡ ਨੰਬਰ 9) ਵਿੱਚ ਲਾਇਆ ਜਾਵੇਗਾ, ਜਿਸ ਨਾਲ ਇਲਾਕੇ ਵਿੱਚ ਪਾਣੀ ਦੀ ਉਪਲਬਧਤਾ ਵਿੱਚ ਵੱਡਾ ਸੁਧਾਰ ਆਵੇਗਾ। ਇਸ ਤੋਂ ਇਲਾਵਾ, ਪਾਣੀ ਦੀ ਸੁਚੱਜੀ ਵੰਡ ਨੂੰ ਯਕੀਨੀ ਬਣਾਉਣ ਲਈ 5.93 ਕਿਲੋਮੀਟਰ ਲੰਬੀ ਪਾਣੀ ਸਪਲਾਈ ਪਾਈਪਲਾਈਨ ਵਿਛਾਈ ਜਾਵੇਗੀ, ਜਿਸ ਦੀ ਅੰਦਾਜ਼ਨ ਲਾਗਤ 190.89 ਲੱਖ ਰੁਪਏ ਹੈ।

ਇਸ ਮੌਕੇ ’ਤੇ ਬੋਲਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬੁਨਿਆਦੀ ਨਾਗਰਿਕ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਸਾਫ਼ ਤੇ ਨਿਰੰਤਰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲਾਲੜੂ ਵਿੱਚ ਲੰਮੇ ਸਮੇਂ ਤੋਂ ਚੱਲ ਰਹੀਆਂ ਪਾਣੀ ਸੰਬੰਧੀ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ ਅਤੇ ਸ਼ਹਿਰੀ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ।

ਪ੍ਰੋਜੈਕਟ ਦੀ ਸ਼ੁਰੂਆਤ ਸਮੇਂ ਨਗਰ ਕੌਂਸਲ ਪ੍ਰਧਾਨ, ਪਾਰਟੀ ਦੇ ਬਲਾਕ ਪ੍ਰਧਾਨ, ਕੌਂਸਲਰ ਸਾਹਿਬਾਨ, ਜਲ  ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਸਮੇਤ ਪਾਰਟੀ ਦੀ ਸਮੁੱਚੀ ਟੀਮ ਤੇ ਸਥਾਨਕ ਵਾਰਡ ਵਾਸੀ ਵੀ ਮੌਜੂਦ ਸਨ।

69 ਵੀਂ ਸਕੂਲ ਨੈਸ਼ਨਲ ਖੇਡਾਂ 2025-26 ਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

 ਬਰਨਾਲਾ , 02 Jan 69 ਵੀਂ ਨੈਸ਼ਨਲ ਸਕੂਲ ਖੇਡਾਂ 2025-26 ਦੌਰਾਨ ਜ਼ਿਲ੍ਹਾ ਬਰਨਾਲਾ ਦੇ 8 ਖਿਡਾਰੀਆਂ ਨੇ ਮੱਲ੍ਹਾਂ ਮਾਰੀਆਂ ਅਤੇ ਚਾਰ ਸੋਨ  ਤਗਮੇ, ਇੱਕ ਚਾਂਦੀ ਦਾ ਤਗਮਾ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ। ਉਨ੍ਹਾਂ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਅੱਜ ਜ਼ਿਲ੍ਹੇ 'ਚ ਪਰਤਣ 'ਤੇ ਸਨਮਾਨਤ ਕੀਤਾ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਮੱਲ੍ਹਾਂ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀ ਮਨਕਰਨਜੋਤ ਸਿੰਘ, ਜਪੁਸਿਮਰਨ ਸਿੰਘ, ਸਾਹਿਬਜੋਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਨੈੱਟ ਬਾਲ ਅੰਡਰ 19 ਲੜਕੇ 'ਚ ਮੈੰਗਲੂਰ ਕਰਨਾਟਕਾ ਵਿਖੇ ਸੋਨ ਤਮਗਾ ਜਿੱਤਿਆ। 


ਇਨ੍ਹਾਂ ਵਿਚੋਂ ਮਨਕਰਨਜੋਤ ਸਿੰਘ ਦੇਸ਼ ਦਾ ਬੈਸਟ ਸ਼ੂਟਰ ਦਾ ਖਿਤਾਬ ਹਾਸਲ ਕੀਤਾ। ਇਹ ਸਾਰੇ ਵਿਦਿਆਰਥੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੇ ਹਨ। ਇਸੇ ਤਰਾਂ ਹਿਮਾਂਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ, ਤੋਂ ਸੀਮਾਂ ਕੌਰ ਤੇ ਗੀਤਾ ਕੌਰ ਸ.ਸ.ਸ.ਸ ਮੌੜਾਂ, ਤੋਂ ਨੇ ਨੈੱਟਬਾਲ ਅੰਡਰ 19 ਲੜਕੀਆਂ ਵਿੱਚੋਂ ਬਰਾਉਂਜ਼ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਤਸਨੀਮ ਕੌਰ ਢਿੱਲੋਂ ਅਕਾਲ ਅਕੈਡਮੀ ਭਦੌੜ, ਨੇ ਅਥਲੈਟਿਕਸ 4x400 ਮੀ. ਰਿਲੇਅ ਲਖਨਊ (ਯੂਪੀ) ਵਿਖੇ ਸਿਲਵਰ ਮੈਡਲ ਪ੍ਰਾਪਤ ਕੀਤਾ ।

ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ ਸੁਨੀਤਇੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸਰਮਾਂ, ਉਪ ਜ਼ਿਲ੍ਹਾ ਸਿਖਿਆ ਅਫ਼ਸਰ ਬਰਜਿੰਦਰਪਾਲ ਸਿੰਘ, ਡੀ ਐਮ ਸਪੋਰਟਸ ਸਿਮਰਦੀਪ ਸਿੰਘ, ਪ੍ਰਿੰਸੀਪਲ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਐਸ.ਕੇ ਮਲਿਕ, ਲੈਕ. ਫ਼ਿਜ਼ੀਕਲ ਦਲਜੀਤ ਸਿੰਘ, ਪੀ ਟੀ ਆਈ ਰਜਿੰਦਰ ਸਿੰਘ, ਹਰਨੇਕ ਸਿੰਘ ਕੌਚ, ਮਨਜੀਤ ਸਿੰਘ, ਅਨਿਲ ਸਰਮਾਂ, ਬਲਜਿੰਦਰ ਸਿੰਘ ਅਕਾਲ ਅਕੈਡਮੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਕੁਲਵੰਤ ਸਿੰਘ ਵੱਲੋਂ ਮੋਹਾਲੀ ਵਿੱਚ ਚਾਰ ਨਵੀਆਂ ਲਾਇਬ੍ਰੇਰੀਆਂ ਦੇ ਨਿਰਮਾਣ ਕੰਮ ਦੀ ਸ਼ੁਰੂਆਤ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ , 02 Jan ਆਮ ਲੋਕਾਂ ਵਿੱਚ ਚੰਗਾ ਸਾਹਿਤ ਅਤੇ ਕਿਤਾਬਾਂ ਪੜ੍ਹਨ-ਲਿਖਣ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਨਵੀਆਂ ਸਰਕਾਰੀ ਲਾਇਬ੍ਰੇਰੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਭਰ ਵਿੱਚ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਇਹ ਪਹਿਲ ਨੌਜਵਾਨਾਂ ਅਤੇ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਕਰਨ ਲਈ ਬਹੁਤ ਹੀ ਸਾਰਥਕ ਕਦਮ ਸਾਬਤ ਹੋਵੇਗੀ। 


ਉਨ੍ਹਾਂ ਕਿਹਾ ਕਿ ਇਹ ਯੋਜਨਾ ਸਿੱਖਿਆ ਅਤੇ ਬੌਧਿਕ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਯੋਜਨਾ ਤਹਿਤ ਮੋਹਾਲੀ ਦੇ ਸੈਕਟਰ 77, 78, 79 ਅਤੇ 80 ਵਿੱਚ ਇੱਕ-ਇੱਕ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਲਾਇਬ੍ਰੇਰੀਆਂ ਲਈ ਪੰਜਾਬ ਸਰਕਾਰ ਵੱਲੋਂ ਮਿਊਂਸਪਲ ਡਿਵੈਲਪਮੈਂਟ ਫੰਡ (ਐਮ.ਡੀ.ਐੱਫ.) ਅਧੀਨ ਕੁੱਲ 140 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ ਹਰ ਇਕ ਲਾਇਬ੍ਰੇਰੀ ’ਤੇ ਲਗਭਗ 35 ਲੱਖ ਰੁਪਏ ਖਰਚ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਹਰ ਲਾਇਬ੍ਰੇਰੀ ਦਾ ਕੁੱਲ ਖੇਤਰਫਲ 1800 ਵਰਗ ਫੁੱਟ ਹੋਵੇਗਾ, ਜਿਸ ਵਿੱਚ 32x27 ਫੁੱਟ ਦਾ ਵਿਸ਼ਾਲ ਹਾਲ, ਮਹਿਲਾਵਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਬਾਥਰੂਮ, ਦਫ਼ਤਰ, ਪੈਂਟਰੀ ਅਤੇ ਸਟੋਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀਆਂ ਦਾ ਨਿਰਮਾਣ ਕਾਰਜ ਲਗਭਗ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀਆਂ ਵਿਦਿਆਰਥੀਆਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਅਤੇ ਆਮ ਨਾਗਰਿਕਾਂ ਲਈ ਗਿਆਨ ਦੇ ਕੇਂਦਰ ਸਾਬਤ ਹੋਣਗੀਆਂ।

ਇਸ ਮੌਕੇ ਸੁਰਿੰਦਰ ਸਿੰਘ ਰੋਡਾ, ਹਰਸੰਗਤ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਕੌਰ, ਕੁਲਵੰਤ ਕੌਰ ਕੋਮਲ, ਰੂਪਾ ਸੋਹਾਣਾ, ਰਣਦੀਪ ਸਿੰਘ, ਗੁਰਪ੍ਰੀਤ ਕੌਰ ਕੌਂਸਲਰ, ਅਵਤਾਰ ਸਿੰਘ ਮੌਲੀ, ਹਰਜੋਤ ਗੱਬਰ, ਚਰਨਜੀਤ ਕੌਰ, ਸੁਖਚੈਨ ਸਿੰਘ, ਮੇਜਰ ਸਿੰਘ, ਬੀ.ਐਸ. ਚਾਹਲ ਵੀ ਹਾਜ਼ਰ ਸਨ।

ਜਨਗਣਨਾ ਦੌਰਾਨ ਵਾਰਡ ਸੀਮਾਬੰਦੀ ਅਸੰਵਿਧਾਨਕ: ਭਾਜਪਾ ਪੰਜਾਬ ਨੇ ਰਾਜਪਾਲ ਤੋਂ ਦਖ਼ਲ ਦੀ ਮੰਗ ਕੀਤੀ

 

ਚੰਡੀਗੜ੍ਹ , 02 Jan ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇੱਕ ਉੱਚ ਪੱਧਰੀ ਵਫ਼ਦ—ਜਿਸ ਦੀ ਅਗਵਾਈ ਅਸ਼ਵਨੀ ਸ਼ਰਮਾ, ਵਿਧਾਇਕ ਅਤੇ ਕਾਰਜਕਾਰੀ ਪ੍ਰਦੇਸ਼ ਪ੍ਰਧਾਨ ਨੇ ਕੀਤੀ—ਅੱਜ ਰਾਜਭਵਨ ਵਿੱਚ ਪੰਜਾਬ ਦੇ ਮਾਣਯੋਗ ਰਾਜਪਾਲ ਨਾਲ ਮਿਲਿਆ ਅਤੇ ਸੂਬੇ ਭਰ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ, ਜਲਦਬਾਜ਼ੀ ਭਰੀ ਅਤੇ ਗੈਰਕਾਨੂੰਨੀ ਵਾਰਡ ਸੀਮਾਬੰਦੀ ਦੇ ਖ਼ਿਲਾਫ਼ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਇੱਕ ਵਿਸਥਾਰਤ ਮੈਮੋਰੈਂਡਮ ਸੌਂਪਿਆ।

ਭਾਜਪਾ ਵਫ਼ਦ ਨੇ ਰਾਜਪਾਲ ਨੂੰ ਅਵਗਤ ਕਰਾਇਆ ਕਿ ਮੌਜੂਦਾ ਵਾਰਡ ਸੀਮਾਬੰਦੀ ਪ੍ਰਕਿਰਿਆ ਬੇਹੱਦ ਜਲਦਬਾਜ਼ੀ ਵਿੱਚ, ਬਿਨਾਂ ਪਾਰਦਰਸ਼ਿਤਾ ਦੇ ਅਤੇ ਕਾਨੂੰਨੀ ਨਿਯਮਾਂ ਤੇ ਸੰਵਿਧਾਨਕ ਸਿਧਾਂਤਾਂ ਦੀ ਸਪਸ਼ਟ ਉਲੰਘਣਾ ਕਰਕੇ ਚਲਾਈ ਜਾ ਰਹੀ ਹੈ। ਮੈਮੋਰੈਂਡਮ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਕਿ ਕੋਈ ਢੰਗ ਨਾਲ ਘਰ-ਘਰ ਆਬਾਦੀ ਸਰਵੇ ਨਹੀਂ ਕੀਤਾ ਗਿਆ ਅਤੇ ਪ੍ਰਸਤਾਵਿਤ ਵਾਰਡਾਂ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਪੱਧਰ ’ਤੇ ਆਬਾਦੀ ਵਿੱਚ ਅਸਵਭਾਵਿਕ ਅਤੇ ਬਿਨਾਂ ਵਜ੍ਹਾ ਘਟਾਅ ਦਿਖਾਈ ਦੇ ਰਹੀ ਹੈ, ਜਿਸ ਨਾਲ ਵਰਤੇ ਗਏ ਅੰਕੜਿਆਂ ਦੀ ਪ੍ਰਮਾਣਿਕਤਾ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।


ਵਫ਼ਦ ਨੇ ਲਗਾਤਾਰਤਾ ਅਤੇ ਸੰਨਿਕਟਤਾ (ਕੰਟੀਗਿਊਇਟੀ) ਦੇ ਸਿਧਾਂਤਾਂ ਦੀਆਂ ਗੰਭੀਰ ਉਲੰਘਣਾਵਾਂ ਵੱਲ ਵੀ ਧਿਆਨ ਦਿਵਾਇਆ, ਜਿੱਥੇ ਭੂਗੋਲਕ ਤੌਰ ’ਤੇ ਅਸੰਬੰਧਿਤ ਖੇਤਰਾਂ ਨੂੰ ਮਨਮਰਜ਼ੀ ਨਾਲ ਇਕੱਠਾ ਜੋੜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਰਿਜ਼ਰਵੇਸ਼ਨ ਮਿਆਰਾਂ ਦੇ ਦੁਰਪਯੋਗ ਬਾਰੇ ਵੀ ਗੰਭੀਰ ਚਿੰਤਾਵਾਂ ਜਤਾਈਆਂ ਗਈਆਂ—ਜਿੱਥੇ ਘੱਟ ਅਨੁਸੂਚਿਤ ਜਾਤੀ ਅਤੇ ਪਿੱਛੜੇ ਵਰਗ (ਐਸਸੀ/ਬੀਸੀ) ਆਬਾਦੀ ਵਾਲੇ ਵਾਰਡਾਂ ਨੂੰ ਰਾਖਵੇਂ ਕਰ ਦਿੱਤਾ ਗਿਆ ਹੈ, ਜਦਕਿ ਵੱਧ ਐਸਸੀ/ਬੀਸੀ ਆਬਾਦੀ ਵਾਲੇ ਖੇਤਰਾਂ ਨੂੰ ਜਨਰਲ ਘੋਸ਼ਿਤ ਕੀਤਾ ਗਿਆ ਹੈ।

ਮਹੱਤਵਪੂਰਨ ਤੌਰ ’ਤੇ, ਭਾਜਪਾ ਵਫ਼ਦ ਨੇ 16ਵੀਂ ਜਨਗਣਨਾ ਨਾਲ ਸੰਬੰਧਿਤ ਜਾਰੀ ਕੀਤੀਆਂ ਜਨਗਣਨਾ ਅਧਿਸੂਚਨਾਵਾਂ ਵੱਲ ਧਿਆਨ ਦਿਵਾਇਆ। ਜਿਨ੍ਹਾਂ ਅਨੁਸਾਰ ਜਨਗਣਨਾ ਕਾਰਵਾਈਆਂ ਦੌਰਾਨ ਨਗਰ ਪਾਲਿਕਾ ਅਤੇ ਵਾਰਡ ਸੀਮਾਵਾਂ ਨੂੰ ਫ੍ਰੀਜ਼ ਰੱਖਣਾ ਲਾਜ਼ਮੀ ਹੈ—ਅਤੇ ਇਹ ਅਧਿਸੂਚਨਾਵਾਂ ਰਾਜਪਾਲ ਦੇ ਅਧਿਕਾਰ ਹੇਠ ਹੀ ਜਾਰੀ ਕੀਤੀਆਂ ਗਈਆਂ ਹਨ। 

ਇਸ ਦੇ ਬਾਵਜੂਦ, ਪੰਜਾਬ ਸਰਕਾਰ ਇਨ੍ਹਾਂ ਹੁਕਮਾਂ ਦੀ ਸਪਸ਼ਟ ਉਲੰਘਣਾ ਕਰਦਿਆਂ ਸੀਮਾਬੰਦੀ ਅੱਗੇ ਵਧਾ ਰਹੀ ਹੈ। ਵਫ਼ਦ ਨੇ ਰਾਜਪਾਲ ਤੋਂ ਬੇਨਤੀ ਕੀਤੀ ਕਿ ਉਹ ਸਥਾਨਕ ਸਰਕਾਰ ਵਿਭਾਗ ਤੋਂ ਪੂਰਾ ਰਿਕਾਰਡ ਤਲਬ ਕਰਨ ਅਤੇ ਰਾਜ ਸਰਕਾਰ ਨੂੰ ਜਨਗਣਨਾ ਅਧਿਸੂਚਨਾਵਾਂ, ਕਾਨੂੰਨੀ ਪ੍ਰਬੰਧਾਂ ਅਤੇ ਸੰਵਿਧਾਨਕ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਜਾਰੀ ਕਰਨ, ਤਾਂ ਜੋ ਲੋਕਤੰਤਰਕ ਮੁੱਲਾਂ ਅਤੇ ਪੰਜਾਬ ਦੀ ਜਨਤਾ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਵਫ਼ਦ ਵਿੱਚ ਸ਼ਾਮਲ ਸਨ: ਸਾਬਕਾ ਕੈਬਿਨੇਟ ਮੰਤਰੀ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਮਨੋਰੰਜਨ ਕਾਲੀਆ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਵੈਤ ਮਲਿਕ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪ੍ਰਦੇਸ਼ ਉਪ-ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਪ੍ਰਦੇਸ਼ ਮਹਾਂਸਚਿਵ ਪਰਮਿੰਦਰ ਸਿੰਘ ਬ੍ਰਾਰ, ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਕੇਵਲ ਢਿੱਲੋਂ, ਸਾਬਕਾ ਵਿਧਾਇਕ ਫਤੇਹ ਸਿੰਘ ਬਾਜਵਾ, ਪ੍ਰਦੇਸ਼ ਮੀਡੀਆ ਪ੍ਰਮੁੱਖ ਵਿਨੀਤ ਜੋਸ਼ੀ, ਪ੍ਰਦੇਸ਼ ਕਾਨੂੰਨੀ ਸੈੱਲ ਪ੍ਰਮੁੱਖ ਐਨ. ਕੇ. ਵਰਮਾ ਅਤੇ ਰੰਜੀਤ ਗਿੱਲ।

2025 ਤੱਕ ਪੰਜਾਬ ਪ੍ਰਸ਼ਾਸਨ ਵਿੱਚ ਵੱਡਾ ਡਿਜੀਟਲ ਬਦਲਾਅ: 1.85 ਲੱਖ ਲੋਕ ਆਪਣੇ ਘਰਾਂ ਤੋਂ ਹੀ 437 ਸੇਵਾਵਾਂ ਤੱਕ ਪਹੁੰਚ ਕਰਨਗੇ, ਮਾਨ ਸਰਕਾਰ ਨੇ ਦਫ਼ਤਰਾਂ ਦੇ ਦੌਰੇ ਕੀਤੇ ਖਤਮ

 

ਚੰਡੀਗੜ੍ਹ , 01 Jan ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਨੇ 2025 ਤੱਕ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਨਾਗਰਿਕ-ਅਨੁਕੂਲ ਬਣਾ ਕੇ ਇੱਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤਾ ਹੈ। ਪੰਜਾਬ ਅੱਜ ਦੇਸ਼ ਵਿੱਚ ਇੱਕ ਅਜਿਹੇ ਸੂਬੇ ਵਜੋਂ ਉਭਰਿਆ ਹੈ ਜਿੱਥੇ "ਸਰਕਾਰ ਦਫ਼ਤਰਾਂ ਤੋਂ ਨਹੀਂ, ਸਗੋਂ ਲੋਕਾਂ ਦੇ ਘਰਾਂ ਤੋਂ ਚਲਾਈ ਜਾਂਦੀ ਹੈ।" ਪ੍ਰਸ਼ਾਸਕੀ ਸੁਧਾਰਾਂ ਦੀ ਇਸ ਲਹਿਰ ਨੇ ਨਾ ਸਿਰਫ਼ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਹੈ, ਸਗੋਂ "ਸਿਫ਼ਾਰਸ਼ਾਂ ਅਤੇ ਦੇਰੀ" ਦੇ ਦਹਾਕਿਆਂ ਪੁਰਾਣੇ ਸੱਭਿਆਚਾਰ ਨੂੰ ਵੀ ਉਖਾੜ ਦਿੱਤਾ ਹੈ।

ਇਸ ਪਰਿਵਰਤਨਸ਼ੀਲ ਬਦਲਾਅ ਬਾਰੇ ਚਰਚਾ ਕਰਦੇ ਹੋਏ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਦੂਰਦਰਸ਼ੀ ਨੀਤੀਆਂ ਕਾਰਨ, ਪੰਜਾਬ ਦਾ ਆਮ ਨਾਗਰਿਕ ਹੁਣ ਆਪਣੇ ਘਰਾਂ ਦੇ ਆਰਾਮ ਤੋਂ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਹੈ। "ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ" ਯੋਜਨਾ ਇਸ ਡਿਜੀਟਲ ਕ੍ਰਾਂਤੀ ਦਾ ਇੱਕ ਮਜ਼ਬੂਤ ਥੰਮ੍ਹ ਸਾਬਤ ਹੋਈ ਹੈ, ਜਿਸ ਨੇ 1.85 ਲੱਖ ਤੋਂ ਵੱਧ ਨਾਗਰਿਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ 437 ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਹਨ। 


ਇਹ ਯੋਜਨਾ ਨਾ ਸਿਰਫ਼ ਸਮਾਂ ਬਚਾਉਂਦੀ ਹੈ ਬਲਕਿ ਬਜ਼ੁਰਗਾਂ ਅਤੇ ਪੇਂਡੂ ਨਿਵਾਸੀਆਂ ਲਈ ਇੱਕ ਵੱਡੀ ਸਹਾਇਤਾ ਵਜੋਂ ਵੀ ਉਭਰੀ ਹੈ। ਪ੍ਰਸ਼ਾਸਕੀ ਕੁਸ਼ਲਤਾ ਦੀ ਸਭ ਤੋਂ ਵੱਡੀ ਉਦਾਹਰਣ ਮਾਲ ਵਿਭਾਗ ਵਿੱਚ ਦੇਖੀ ਗਈ ਹੈ, ਜਿੱਥੇ ਪਟਵਾਰੀਆਂ ਦੁਆਰਾ 12.46 ਲੱਖ ਤੋਂ ਵੱਧ ਅਰਜ਼ੀਆਂ ਦੀ ਔਨਲਾਈਨ ਪ੍ਰਕਿਰਿਆ ਕੀਤੀ ਗਈ ਹੈ। 

ਤਕਨਾਲੋਜੀ ਦੇ ਇਸ ਸ਼ਾਮਲ ਹੋਣ ਨਾਲ ਜ਼ਮੀਨ ਅਤੇ ਜਾਇਦਾਦ ਨਾਲ ਸਬੰਧਤ ਕੰਮਾਂ ਨੂੰ ਸਰਲ ਬਣਾਇਆ ਗਿਆ ਹੈ, ਜੋ ਕਦੇ ਭ੍ਰਿਸ਼ਟਾਚਾਰ ਅਤੇ ਦੇਰੀ ਦਾ ਕੇਂਦਰ ਸਨ। ਪੂਰੀ ਪ੍ਰਕਿਰਿਆ ਹੁਣ ਕਾਗਜ਼ ਰਹਿਤ ਹੈ, ਅਤੇ QR-ਕੋਡ ਵਾਲੇ ਡਿਜੀਟਲ ਸਰਟੀਫਿਕੇਟਾਂ ਨੇ ਸੁਰੱਖਿਆ ਅਤੇ ਪ੍ਰਮਾਣਿਕਤਾ ਵਿੱਚ ਇੱਕ ਨਵਾਂ ਪਹਿਲੂ ਜੋੜਿਆ ਹੈ। 

ਇਹ ਨਾਗਰਿਕਾਂ ਨੂੰ ਦਫ਼ਤਰਾਂ ਵਿੱਚ ਜਾਣ ਜਾਂ ਵਿਚੋਲਿਆਂ ਦਾ ਸਹਾਰਾ ਲੈਣ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ। ਇਸ ਸਰਕਾਰ ਦੀ ਸਫਲਤਾ ਦੀ ਕੁੰਜੀ "ਡਿਜੀਟਲ ਡੈਸ਼ਬੋਰਡ" ਰਾਹੀਂ ਅਸਲ-ਸਮੇਂ ਦੀ ਨਿਗਰਾਨੀ ਹੈ। ਇਸ ਅਤਿ-ਆਧੁਨਿਕ ਪ੍ਰਣਾਲੀ ਦਾ ਧੰਨਵਾਦ, ਸਾਰੀਆਂ ਵਿਭਾਗੀ ਸੇਵਾਵਾਂ ਵਿੱਚ ਪੈਂਡੈਂਸੀ (ਬਕਾਇਆ ਕੇਸ) ਹੁਣ ਸਿਰਫ਼ 0.33% ਤੱਕ ਘਟ ਗਿਆ ਹੈ, ਜੋ ਕਿ ਰਾਜ ਦੇ ਪ੍ਰਸ਼ਾਸਕੀ ਇਤਿਹਾਸ ਵਿੱਚ ਸਭ ਤੋਂ ਘੱਟ ਪੱਧਰ ਹੈ। 

ਮੰਤਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜਨਤਕ ਕੰਮ ਬਿਨਾਂ ਕਿਸੇ ਰੁਕਾਵਟ ਦੇ ਸਮਾਂ ਸੀਮਾ ਦੇ ਅੰਦਰ ਪੂਰੇ ਕੀਤੇ ਜਾਣ। ਅੱਜ, ਪੰਜਾਬ ਨੇ ਸਾਬਤ ਕਰ ਦਿੱਤਾ ਹੈ ਕਿ ਤਕਨਾਲੋਜੀ ਅਤੇ ਮਜ਼ਬੂਤ ਰਾਜਨੀਤਿਕ ਇੱਛਾ ਸ਼ਕਤੀ ਨੂੰ ਜੋੜ ਕੇ, ਇੱਕ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪ੍ਰਣਾਲੀ ਸਥਾਪਤ ਕੀਤੀ ਜਾ ਸਕਦੀ ਹੈ, ਜੋ ਸਿੱਧੇ ਤੌਰ 'ਤੇ ਆਮ ਆਦਮੀ ਦੀ ਭਲਾਈ ਲਈ ਸਮਰਪਿਤ ਹੋਵੇ।

ਨਵੇਂ ਸਾਲ ਦੀ ਆਮਦ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਟੇਕਿਆ ਮੱਥਾ

 

ਅੰਮ੍ਰਿਤਸਰ , 01 Jan ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਵੇਂ ਸਾਲ 2026 ਦੀ ਸ਼ੁਰੂਆਤ ਮੌਕੇ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ, ਪੰਜਾਬ ਦੀ ਤਰੱਕੀ ਅਤੇ ਸੂਬੇ ਵਿੱਚ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ। 

ਸ: ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਵਾਂ ਸਾਲ ਪੰਜਾਬ ਲਈ ਖੁਸ਼ਹਾਲੀ, ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਲੈ ਕੇ ਆਵੇ—ਇਹੀ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਸ੍ ਸੰਧਵਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਜਾਬ ਮੁੜ ਤਰੱਕੀ ਦੇ ਰਾਹ ’ਤੇ ਅੱਗੇ ਵਧੇਗਾ। 


328 ਸਰੂਪਾਂ ਦੇ ਮਾਮਲੇ ’ਤੇ ਗੱਲ ਕਰਦਿਆਂ ਸਪੀਕਰ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਹੈ। ਉਨਾਂ ਕਿਹਾ ਕਿ ਸੰਗਤਾਂ ਦੇ ਸੰਘਰਸ਼ ਨੂੰ ਦੇਖਦੇ ਹੋਏ 16 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਸੰਧਵਾਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਕੰਮ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਹੈ ਅਤੇ ਕਿਸੇ ਨਾਲ ਵੀ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ ਸੰਗਤਾਂ ਦੀ ਆਵਾਜ਼ ਨੂੰ ਅਣਡਿੱਠਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇਗੀ। ਉਨਾਂ ਕਿਹਾ ਕਿ ਇਸ ਮਸਲੇ ਵਿੱਚ ਕੋਈ ਵੀ ਰਾਜਨੀਤੀ ਨਹੀਂ ਕੀਤੀ ਜਾ ਰਹੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸੀਏ ਸਤਿੰਦਰ ਸਿੰਘ ਕੋਹਲੀ ਗ੍ਰਿਫ਼ਤਾਰ

 

ਚੰਡੀਗੜ੍ਹ , 01 Jan ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਮੁੱਖ ਮੁਲਜ਼ਮ ਚਾਰਟਰਡ ਅਕਾਊਂਟੈਂਟ (ਸੀਏ) ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਆਪ ਪੰਜਾਬ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਦਿੱਤੀ।

'ਆਪ' ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਸਿੱਖ ਸੰਗਤਾਂ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ, ਜਿਸ ਦਾ ਪਿਛਲੇ ਚਾਰ-ਪੰਜ ਸਾਲਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਦਰਜ ਮਾਮਲੇ ਵਿੱਚ ਅੱਜ ਐਸਆਈਟੀ ਨੇ ਚੰਡੀਗੜ੍ਹ ਦੇ ਇੱਕ ਹੋਟਲ ਤੋਂ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਹਲੀ ਐਸਜੀਪੀਸੀ ਦਾ ਚਾਰਟਰਡ ਅਕਾਊਂਟੈਂਟ ਰਿਹਾ ਹੈ ਅਤੇ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ।

ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਗਤਾਂ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਡੀ ਲਾਮਬੰਦੀ ਕਰਦੀਆਂ ਰਹੀਆਂ ਹਨ ਅਤੇ ਧਰਨੇ-ਪ੍ਰਦਰਸ਼ਨ ਕੀਤੇ ਗਏ ਹਨ। ਸਿੱਖ ਪੰਥ ਦੇ ਪ੍ਰਸਿੱਧ ਕੀਰਤਨਕਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿੱਚ ਵੀ ਵੱਡੀ ਲਾਮਬੰਦੀ ਹੋਈ ਸੀ।ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਹੈ ਅਤੇ ਉਹ ਵੀ ਮੁੱਖ ਮੁਲਜ਼ਮ ਦੀ। ਧਾਲੀਵਾਲ ਨੇ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਸਾਰੇ 16 ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਇਹ ਪੰਜਾਬ ਸਰਕਾਰ ਦੀ ਵਚਨਬੱਧਤਾ ਹੈ।

ਦੂਜੇ ਪਾਸੇ ਆਪ ਪੰਜਾਬ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਦੱਸਿਆ ਕਿ ਮਾਨਯੋਗ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨੀਂ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਨਾਲ ਸਬੰਧਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ 16 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਅਤੇ ਐਸਆਈਟੀ ਦਾ ਗਠਨ ਕੀਤਾ ਗਿਆ। 

ਪੰਨੂ ਨੇ ਦੱਸਿਆ ਕਿ ਸਾਰੇ 16 ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਸਤਿੰਦਰ ਸਿੰਘ ਕੋਹਲੀ ਦੇ ਗ੍ਰਿਫ਼ਤਾਰੀ ਵਾਰੰਟ ਪਹਿਲਾਂ ਹੀ ਜਾਰੀ ਸਨ, ਜੋ ਪੁਲਿਸ ਤੋਂ ਬਚਦੇ ਹੋਏ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਰੁਕਿਆ ਹੋਇਆ ਸੀ।ਬਲਤੇਜ ਪੰਨੂ ਨੇ ਕਿਹਾ ਕਿ ਪੁਲਿਸ ਦੀ ਜਾਂਚ ਜਾਰੀ ਹੈ, ਉਮੀਦ ਹੈ ਕਿ ਇਸ ਮਾਮਲੇ ਵਿੱਚ ਕਈ ਹੋਰ ਖੁਲਾਸੇ ਹੋਣਗੇ, ਕਿਉਂਕਿ ਐਸਜੀਪੀਸੀ ਦਾ ਆਡਿਟ ਵੀ ਇਹੀ ਸੀਏ ਕਰਦਾ ਰਿਹਾ ਹੈ।

ਮਨਰੇਗਾ ਮਜਦੂਰਾਂ ਨੂੰ ਪਿਛਲੇ 4 ਸਾਲ ਚ ਹਰ ਸਾਲ 100 ਦਿਨ ਦੀ ਦਿਹਾੜੀ ਕਿਉ ਨਹੀ ਦੇ ਪਾਏ ਹਰਪਾਲ ਚੀਮਾ – ਸਰੀਨ

 

ਚੰਡੀਗੜ੍ਹ , 01 Jan ਮਨਰੇਗਾ ਤਹਿਤ ਕੇਂਦਰ ਵੱਲੋਂ 23,446 ਕਰੋੜ ਰੁਪਏ ਬਕਾਇਆ ਹੋਣ ਦੀ ਝੂਠੀ ਗੱਲ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ  ਸਰਕਾਰ ਮਨਰੇਗਾ ਮਾਮਲੇ ’ਚ ਪੰਜਾਬ ਨੂੰ ਗੁਮਰਾਹ ਕਰ ਰਹੀ ਹੈ |ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਬਾਰੇ ਸਥਾਈ ਕਮੇਟੀ (2024-2025) ਦੀ ਰਿਪੋਰਟ ਦੇ ਆਕੜੇ ਗਲਤ ਤਰੀਕੇ ਨਾਲ ਪੇਸ਼ ਕਰ ਰਹੀ ਹੈ | ਕਿਉਂਕਿ ਜਿਸ ਰਿਪੋਰਟ ਦੇ ਪਹਿਲੇ ਪੰਨੇ ਨੂੰ ਹਰਪਾਲ ਚੀਮਾ ਪੇਸ਼ ਕਰ ਰਿਹਾ ਹੈ ਉਸੇ ਰਿਪੋਰਟ ਦੇ ਅਗਲੇ ਪੰਨੇ ਤੇ ਸ਼ਪੱਸਟ ਕੀਤਾ ਗਿਆ ਹੈ ਕਿ 24-25 ਦੀ ਮਨਰੇਗਾ ਮਜਦੂਰਾਂ ਦੀ ਦਿਹਾੜੀ ਦਾ ਕਿਸੇ ਵੀ ਸੂਬੇ ਦਾ ਬਕਾਇਆ ਨਹੀ ਹੈਗਾ | 

ਉਹਨਾ ਦੇ ਅੱਗੇ ਦੱਸਿਆ ਕਿ ਮਨੇਰਗਾ ਦੇ ਤਹਿਤ ਹਰ ਵਿੱਚ ਸਾਲ ਵਿੱਚ 1 ਅਪ੍ਰੈਲ ਦੇ ਪਹਿਲੇ ਪਖਵਾੜੇ ਵਿੱਚ ਹੀ ਪਹਿਲੀ ਕਿਸ਼ਤ ਭੇਜ ਦਿੱਤੀ ਜਾਦੀ ਹੈ | ਇਸਤੋਂ ਬਾਅਦ ਅਗਲੀ ਕਿਸ਼ਤ ਸੂਬੇ  ਨੂੰ  ਭੇਜੀ ਰਕਮ ਦੀ ਨਿਯਮ ਅਨੁਸਾਰ ਵਰਤੋਂ ਕੀਤੇ ਜਾਣ ਦਾ ਸਰਟੀਫਿਕੇਟ ਭੇਜਣ ਤੋਂ ਬਾਅਦ ਤੋਂ ਬਾਅਦ ਤਰੁੰਤ ਜਾਰੀ ਕਰ ਦਿੱਤੀ ਜਾਦੀ ਹੈ | ਪਰ ਜੇ ਕੋਈ ਸੂਬਾ ਨਿਯਮ ਅਨੁਸਾਰ ਵਰਤੋਂ ਸਰਟੀਫਿਕੇਟ ਨਹੀ ਭੇਜਦਾ ਤਾਂ ਫਿਰ ਕੇਂਦਰ ਮਨੇਰਗਾ ਕਾਨੂੰਨ ਅਨੁਸਾਰ ਅਗਲੀ ਕਿਸ਼ਤ ਨਹੀ ਭੇਜ ਸਕਦੀ |


ਸਰੀਨ ਨੇ ਕਿਹਾ ਕਿ ਸੂਬੇ ਦੀਆਂ 13,304 ਪੰਚਾਇਤਾਂ ਵਿਚੋਂ 5,915 ਪੰਚਾਇਤਾਂ ਦਾ ਅਜੇ ਤੱਕ ਆਡਿਟ ਹੀ ਨਹੀਂ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਮਨਰੇਗਾ ਸਕੀਮ ਅਧੀਨ 10,653 ਫਰੌਡ/ ਫਰਜੀਵਾੜੇ ਸਾਹਮਣੇ ਆਏ, ਇਹਨਾ ਤੇ ਪੰਜਾਬ ਦੀ ਆਪ ਸਰਕਾਰ ਕਾਰਵਾਈ ਕਰਨ ਤੋਂ ਬਚ ਰਹੀ ਹੈ ਕਿਹਨਾ ਨੂੰ ਬਚਾ ਰਹੀ ਹੈ ਅਤੇ ਫਰਜ਼ੀ ਕਾਰਡਾਂ ਰਾਹੀਂ ਕਰੋੜਾਂ ਰੁਪਏ ਦੀ ਦੁਰਵਰਤੋਂ ਹੋਈ।ਸਰੀਨ ਨੇ ਦੱਸਿਆ ਕਿ ਮਨਰੇਗਾ ਵਿਚ ਹੋ ਰਹੀ ਘੁਟਾਲੇ ਦੀ ਜਾਣਕਾਰੀ ਯੂਨੀਅਨ ਦੇ ਆਗੂਆਂ ਵੱਲੋਂ ਪਹਿਲਾਂ ਹੀ ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਦੇ ਦਿੱਤੀ ਗਈ ਸੀ। 

ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵੇ ਖਾਲੀ ਬਿਆਨਾਂ ਤੱਕ ਸੀਮਿਤ ਹਨ, ਜਦਕਿ ਜ਼ਮੀਨੀ ਹਕੀਕਤ ਪੂਰੀ ਤਰ੍ਹਾਂ ਵੱਖਰੀ ਹੈ।ਉਨ੍ਹਾਂ ਆਟਾ-ਦਾਲ ਸਕੀਮ ਨੂੰ ਲੈ ਕੇ ਵੀ ਆਪ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਪਣੇ ਆਪ ਨੂੰ ਦਲਿਤਾਂ ਦੀ ਹਿਮਾਇਤੀ ਦੱਸਣ ਵਾਲੀ ਸਰਕਾਰ ਇਹ ਸਪਸ਼ਟ ਕਰੇ ਕਿ ਆਟਾ-ਦਾਲ ਸਕੀਮ ਕਿਸ ਨੇ ਵਾਪਸ ਲਈ ਅਤੇ ਕਿਉਂ ਬੰਦ ਕੀਤੀ ਗਈ। ਉਨ੍ਹਾਂ ਕਿਹਾ ਕਿ ਗਰੀਬਾਂ ਦੇ ਹੱਕਾਂ ਨਾਲ ਸਮਝੌਤਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਸਰੀਨ ਨੇ ਉਨ੍ਹਾਂ ਦਾਅਵਾ ਕੀਤਾ ਕਿ 100 ਦਿਨਾਂ ਦਾ ਰੁਜ਼ਗਾਰ ਦੇਣ ਦੀ ਥਾਂ ਪੰਜਾਬ ਸਰਕਾਰ ਸੂਬੇ ਵਿੱਚ ਸਿਰਫ਼ 36 ਦਿਨਾਂ ਦਾ ਹੀ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ।ਆਖ਼ਰ ’ਚ ਅਨਿਲ ਸਰੀਨ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਭਾਜਪਾ ਹਰ ਮੰਚ ’ਤੇ ਆਪ ਸਰਕਾਰ ਦੇ ਝੂਠਾਂ ਦਾ ਪਰਦਾਫਾਸ਼ ਕਰੇਗੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਦੀ ਜਨਤਾ ਸਾਹਮਣੇ ਸਹੀ ਅੰਕੜੇ ਰੱਖਣੇ ਪੈਣਗੇ।

Sunday, December 28, 2025

ਵਿਰਾਸਤੀ ਖੇਡਾਂ ਨੂੰ ਸੰਭਾਲਣਾ ਸਾਡੀ ਸਭਨਾਂ ਦੀ ਨੈਤਿਕ ਜਿੰਮੇਵਾਰੀ : ਕੁਲਵੰਤ ਸਿੰਘ

9ਵੀਂ ਗਤਕਾ ਚੈਂਪੀਅਨਸ਼ਿਪ -2025 ਵਿੱਚ ਵਿਧਾਇਕ ਕੁਲਵੰਤ ਸਿੰਘ ਨੇ  ਵੰਡੇ ਜੇਤੂਆਂ ਨੂੰ ਇਨਾਮ                

ਮੋਹਾਲੀ 28 ਦਸੰਬਰ :  9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸੀ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ  9ਵੀਂ ਨੈਸ਼ਨਲ ਸੀਨੀਅਰ ਗੱਤਕਾ ਚੈਂਪੀਅਨਸ਼ਿਪ- 2025 ਦਾ ਆਯੋਜਨ ਕੀਤਾ ਗਿਆ, ਇਸ ਗਤਕਾ ਚੈਂਪੀਅਨਸ਼ਿਪ ਦਾ ਆਯੋਜਨ -ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਤਰਫੋਂ ਗੁਰਦੁਆਰਾ ਸ੍ਰੀ ਰਤਵਾੜਾ ਸਾਹਿਬ ਨਿਊ ਚੰਡੀਗੜ੍ਹ (ਮੋਹਾਲੀ)  ਵਿਖੇ ਕੀਤਾ ਗਿਆ। ਕਾਰਜਕਾਰੀ ਪ੍ਰਧਾਨ- ਰਾਜਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਵਿਸ਼ਵ ਗੁਰਮਤ ਰੂਹਾਨੀ ਮਿਸ਼ਨ ਚੈਰੀਟੇਬਲ ਟਰਸਟ ਅਤੇ ਜਿਲਾ ਗਤਕਾ ਐਸੋਸੀਏਸ਼ਨ ਦੀ ਤਰਫੋਂ ਸਾਂਝੇ ਤੌਰ ਤੇ ਕੀਤਾ ਗਿਆ,  


ਇਸ ਗਤਕਾ ਚੈਂਪੀਅਨਸ਼ਿਪ ਦੇ ਵਿੱਚ ਮੁੱਖ ਮਹਿਮਾਨ ਵਜੋਂ ਅਤੇ ਇਨਾਮਾਂ ਦੀ ਵੰਡ ਕਰਨ ਦੇ ਲਈ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ,  ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ 9ਵੀਂ ਗਤਕਾ ਚੈਂਪੀਅਨਸ਼ਿਪ- 2025 ਦੇ ਵਿੱਚ 20- ਸੂਬਿਆਂ ਦੇ ਨੌਜਵਾਨ ਹਿੱਸਾ ਲੈ ਰਹੇ  ਹਨ ਅਤੇ ਮੈਂ ਇਸ ਮੌਕੇ ਤੇ   ਗਤਕਾ ਚੈਂਪੀਅਨਸ਼ਿਪ ਦੇ ਆਯੋਜਕਾਂ ਦਾ ਜਿੱਥੇ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਇਸ ਚੈਂਪੀਅਨਸ਼ਿਪ ਵਿੱਚ ਸ਼ਾਮਿਲ ਹੋਣ  ਦਾ ਮੌਕਾ ਦਿੱਤਾ ਅਤੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਗੱਤਕਾ ਖੇਡ ਕਲਾ ਪ੍ਰੇਮੀਆਂ ਨੂੰ ਵੀ ਵਧਾਈ ਦਿੰਦਾ ਹਾਂ, ਕਿ ਉਹ  ਵਿਰਾਸਤ ਨਾਲ ਜੁੜੀ ਖੇਡ ਗਤਕਾ ਨੂੰ ਵੇਖਣ ਦੇ ਲਈ ਵੱਡੀ ਗਿਣਤੀ ਵਿੱਚ ਇਸ ਚੈਂਪੀਅਨਸ਼ਿਪ ਵਿੱਚ  ਪਹੁੰਚੇ ਹਨ,

 ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਵਿਰਾਸਤ ਨਾਲ ਜੁੜੀਆਂ ਖੇਡ ਤਾਂ ਹੀ ਜਿਉਂਦੀ ਹੈ ਅਤੇ ਤਾਂ ਹੀ ਜਿਉਂਦਾ ਰਹਿ ਸਕਦੀ ਹੈ, ਜੇਕਰ ਸਾਰੇ ਮਿਲ ਕੇ ਇਸ ਵਿਰਾਸਤੀ ਖੇਡ ਨੂੰ ਵੇਖਣ ਅਤੇ ਅੱਜ ਜਗ੍ਹਾ ਜਗ੍ਹਾ ਉੱਤੇ ਇਸ ਖੇਡ ਦਾ  ਆਯੋਜਨ ਕਰਨ ਦੇ ਲਈ ਮੌਕੇ ਉਪਲਬਧ ਕਰਵਾਉਣ, ਉਹਨਾਂ ਕਿਹਾ ਕਿ ਮੈਂ ਆਪਣੇ ਆਪ ਨੂੰ  ਵਡਭਾਗੀ ਸਮਝਦਾ ਹਾਂ ਕਿ ਮੈਂ ਇਸ ਗੱਤਕਾ ਚੈਂਪੀਅਨਸ਼ਿਪ ਦੇ  ਵਿੱਚ ਵੱਡੀ ਗਿਣਤੀ ਵਿੱਚ ਗੱਤਕਾ ਖੇਡ ਪ੍ਰੇਮੀਆਂ ਦੇ ਨਾਲ ਬੈਠ ਕੇ ਅੱਖੀ ਵੇਖ ਸਕਿਆ ਹਾਂ , ਇਸ ਮੌਕੇ ਤੇ ਖਿਡਾਰੀਆਂ ਨੇ ਗਤਕਾ ਕਲਾ ਦੇ ਜੌਹਰ ਵਿਖਾਏ , ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਵੱਡੀਆਂ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਉੱਥੇ ਪੰਜਾਬ  ਦੀਆਂ ਖੇਡਾਂ, ਖਿਡਾਰੀਆਂ ਅਤੇ ਖੇਡਾਂ ਦਾ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਸਨਮਾਨਿਆ ਜਾ ਰਿਹਾ ਰਿਹਾ ਹੈ, ਭਗਵੰਤ ਸਿੰਘ ਮਾਨ  ਸਰਕਾਰ ਦੀਆਂ ਸਕੀਮਾਂ ਦੇ ਚਲਦੇ ਹੀ ਪੰਜਾਬ ਦੇ ਵਿੱਚ ਖੇਡਾਂ ਦੇ ਲਈ ਸਾਜਗਾਰ ਮਾਹੌਲ ਬਣਿਆ ਹੈ,

 ਜਿਸ ਦੇ ਚਲਦਿਆਂ ਅੱਜ ਪੰਜਾਬ ਦੇ ਪਿੰਡਾਂ ਦੇ ਨਾਂ ਨਾਲ ਸ਼ਹਿਰਾਂ ਦੇ ਵਿੱਚ ਵੀ ਵੱਡੀ  ਚੈਂਪੀਅਨਸ਼ਿਪਾਂ ਦਾ ਆਯੋਜਨ ਹੋ ਰਿਹਾ ਹੈ, ਜੋ ਕਿ ਸਮੁੱਚੇ ਖੇਡ ਜਗਤ ਲਈ ਇੱਕ ਤਸੱਲੀ ਭਰੀ ਗੱਲ ਹੈ,  ਵਿਧਾਇਕ ਕੁਲਵੰਤ ਸਿੰਘ ਹੋਰਾਂ  ਕਿਹਾ ਕਿ ਪੰਜਾਬ ਭਰ ਦੇ ਵਿੱਚ ਜਿੱਥੇ ਸਰਕਾਰ ਵੱਲੋਂ ਖੋਲੇ ਗਏ ਮੁਹੱਲਾ ਕਲੀਨਿਕਾਂ ਦੇ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਆਪਣੀ ਸਿਹਤ  ਸਬੰਧੀ ਜਾਂਚ ਕਰਵਾਉਂਦੇ ਹਨ ਅਤੇ  ਉਹਨਾਂ ਦੇ ਮੁਫਤ ਟੈਸਟ ਅਤੇ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ ਹਨ।

 ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਵੱਡੀ ਪੱਧਰ ਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ  ,  ਇਸ ਮੌਕੇ ਤੇ  ਐਕਟਿਵ ਪ੍ਰੈਜੀਡੈਂਟ -ਗੱਤਕਾ ਫੈਡਰੇਸ਼ਨ ਆਫ ਇੰਡੀਆ- ਰਾਜਿੰਦਰ ਸਿੰਘ ਸੋਹਲ, ਬਾਬਾ ਲਖਬੀਰ ਸਿੰਘ- ਚੇਅਰਮੈਨ ਵਿਸ਼ਵ ਗੁਰਮਤ ਰੂਹਾਨੀ ਚੈਰੀਟੇਬਲ ਟਰਸਟ ਰਤਵਾੜਾ ਸਾਹਿਬ,ਬਾਬਾ ਸੁਖਵਿੰਦਰ ਸਿੰਘ , ਬਾਬਾ ਹਰਭਜਨ ਸਿੰਘ, ਆਪ ਨੇਤਾ- ਕੁਲਦੀਪ ਸਿੰਘ -ਸਮਾਣਾ  ਡਾਕਟਰ ਕੁਲਦੀਪ ਸਿੰਘ, ਹਰਪਾਲ ਸਿੰਘ ਚੰਨਾ, ਮਾਸਟਰ ਅਮਰਜੀਤ ਸਿੰਘ ਕੁੰਬੜਾ , ਦਵਿੰਦਰ ਸਿੰਘ ਜੁਗਨੀ, ਸੀਨੀਅਰ ਆਪ ਨੇਤਾ- ਹਰਮੇਸ਼ ਸਿੰਘ ਕੁੰਭੜਾ, ਅਕਵਿੰਦਰ ਸਿੰਘ ਗੋਸਲ, ਜਗਤਾਰ ਸਿੰਘ ਜੱਗੀ, ਨਿਰਮਲ ਸਿੰਘ, ਬਲਜੀਤ ਸਿੰਘ, ਪ੍ਰਗਟ ਸਿੰਘ ਵੀ ਹਾਜ਼ਰ ਸਨ,              



Wednesday, November 5, 2025

ਸੇਖਵਾਂ ਦੀ ਅਗਵਾਈ ਹੇਠ ਧਰਮੀ ਫੌਜੀ ਪਰਿਵਾਰਾਂ ਨੇ 'ਆਪ' ਨੂੰ ਦਿੱਤਾ ਸਮਰਥਨ, ਮੁੱਖ ਮੰਤਰੀ ਨੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ

 ਤਰਨਤਾਰਨ, 5 ਨਵੰਬਰ : ਤਰਨਤਾਰਨ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸਮੂਹ ਧਰਮੀ ਫੌਜੀ ਪਰਿਵਾਰ ਵੈੱਲਫੇਅਰ ਬੋਰਡ ਜੱਥੇਬੰਦੀ ਨੇ 'ਆਪ' ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਇਹ ਫੈਸਲਾ 'ਆਪ' ਦੇ ਸੀਨੀਅਰ ਆਗੂ ਅਤੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਇੱਕ ਅਹਿਮ ਮੀਟਿੰਗ ਤੋਂ ਬਾਅਦ ਲਿਆ ਗਿਆ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਸਰਪ੍ਰਸਤ ਸਵਿੰਦਰ ਸਿੰਘ ਗਿੱਲ ਅਤੇ ਹੋਰ ਪ੍ਰਮੁੱਖ ਆਗੂ ਸ਼ਾਮਲ ਹੋਏ। ਐਡਵੋਕੇਟ ਸੇਖਵਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਸਮੂਹ ਧਰਮੀ ਫੌਜੀ ਪਰਿਵਾਰਾਂ ਨੂੰ ਦਰਪੇਸ਼ ਮਸਲਿਆਂ 'ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਸੇਖਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਧਰਮੀ ਫੌਜੀ ਪਰਿਵਾਰਾਂ ਦੀ ਭਲਾਈ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀਆਂ ਹੋਰ ਜਾਇਜ਼ ਮੰਗਾਂ ਨੂੰ ਵੀ ਜਲਦੀ ਤੋਂ ਜਲਦੀ ਹੱਲ ਕਰ ਦਿੱਤਾ ਜਾਵੇਗਾ।

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮਿਲੇ ਇਸ ਠੋਸ ਭਰੋਸੇ ਤੋਂ ਬਾਅਦ, ਸਮੂਹ ਧਰਮੀ ਫੌਜੀ ਪਰਿਵਾਰ ਵੈੱਲਫੇਅਰ ਬੋਰਡ ਜੱਥੇਬੰਦੀ ਨੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਪੂਰੀ ਤਰ੍ਹਾਂ ਖੁੱਲ੍ਹੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਮਾਇਤ ਨਾਲ 'ਆਪ' ਦੀ ਜਿੱਤ ਹੋਰ ਯਕੀਨੀ ਹੋ ਗਈ ਹੈ।

ਅਕਾਲੀ-ਕਾਂਗਰਸ ਨੇ ਖਜ਼ਾਨਾ ਖਾਲੀ ਕੀਤਾ, 'ਆਪ' ਸਰਕਾਰ ਨੇ 3 ਸਾਲਾਂ 'ਚ ਮਾਲੀਆ ਵਧਾ ਕੇ ਲੋਕਾਂ 'ਤੇ ਖਰਚ ਕੀਤਾ: ਹਰਪਾਲ ਸਿੰਘ ਚੀਮਾ*

ਤਰਨਤਾਰਨ, 4 ਨਵੰਬਰ : ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਰੋਧੀ ਧਿਰਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ, ਜਦਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਕੋਲ ਲੋਕਾਂ ਨੂੰ ਦੱਸਣ ਲਈ ਕੁੱਝ ਨਹੀਂ ਹੈ, ਇਸ ਲਈ ਉਹ ਸਮਾਜ ਨੂੰ ਤੋੜਨ ਵਾਲੀ ਨਕਾਰਾਤਮਕ ਰਾਜਨੀਤੀ ਕਰ ਰਹੀਆਂ ਹਨ।


 

ਇੱਥੇ ਜਾਰੀ ਇੱਕ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਹਮੇਸ਼ਾ 'ਖਜ਼ਾਨਾ ਖਾਲੀ' ਹੋਣ ਦਾ ਰੋਣਾ ਰੋਂਦੀਆਂ ਸਨ ਕਿਉਂਕਿ ਉਨ੍ਹਾਂ ਦੀ ਨੀਅਤ 'ਚ ਖੋਟ ਸੀ। ਉਹ ਖੁਦ ਚੋਰ ਬਣੇ ਬੈਠੇ ਸਨ, ਇਸ ਲਈ ਨਾ ਜੀਐਸਟੀ ਵਧਿਆ ਨਾ ਟੈਕਸ। 'ਆਪ' ਸਰਕਾਰ ਨੇ ਤਿੰਨ ਸਾਲਾਂ ਵਿੱਚ ਹੀ ਕਾਂਗਰਸ-ਅਕਾਲੀਆਂ ਦੇ ਪੰਜ-ਪੰਜ ਸਾਲਾਂ ਨਾਲੋਂ ਵੱਧ ਮਾਲੀਆ ਇਕੱਠਾ ਕੀਤਾ ਹੈ ਅਤੇ ਉਸਨੂੰ ਲੋਕਾਂ 'ਤੇ ਖਰਚ ਵੀ ਕੀਤਾ ਹੈ। ਚੀਮਾ ਨੇ ਸਵਾਲ ਕੀਤਾ ਕਿ ਜੇ ਖਜ਼ਾਨਾ ਭਰ ਨਾ ਰਿਹਾ ਹੁੰਦਾ ਤਾਂ 56,000 ਨੌਕਰੀਆਂ ਕਿੱਥੋਂ ਦਿੱਤੀਆਂ ਜਾਂਦੀਆਂ?

 

'ਆਪ' ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਚੀਮਾ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ, ਜਿਸ ਨੂੰ ਅਕਾਲੀ-ਭਾਜਪਾ ਸਰਕਾਰ ਨੇ ਪ੍ਰਾਈਵੇਟ ਹੱਥਾਂ 'ਚ ਵੇਚ ਦਿੱਤਾ ਸੀ, 'ਆਪ' ਸਰਕਾਰ ਨੇ ਹਿੰਮਤ ਦਿਖਾ ਕੇ ਉਸਨੂੰ ਵਾਪਸ ਖਰੀਦਿਆ ਅਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ।

 

ਖ਼ਜ਼ਾਨਾ ਮੰਤਰੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਸਾਂਝੀਵਾਲਤਾ ਅਤੇ ਜਾਤ-ਪਾਤ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ ਸੀ। ਪਰ ਕਾਂਗਰਸ ਪਾਰਟੀ ਗੈਰ-ਸੰਵਿਧਾਨਕ ਭਾਸ਼ਾ ਦੀ ਵਰਤੋਂ ਕਰਕੇ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਉਸ ਸਾਂਝ ਨੂੰ ਤੋੜਨ ਦਾ ਯਤਨ ਕਰ ਰਹੀ ਹੈ, ਜਿਸਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ।

 

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਗੁੰਡਾਗਰਦੀ ਅਤੇ ਗੈਂਗਸਟਰਵਾਦ ਨੂੰ ਸ਼ਹਿ ਦੇਣ ਦਾ ਰਿਹਾ ਹੈ। ਉਨ੍ਹਾਂ ਮੁਖਤਾਰ ਅੰਸਾਰੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਿਵੇਂ ਯੂਪੀ ਦੇ ਗੈਂਗਸਟਰ ਨੂੰ ਰੋਪੜ ਜੇਲ੍ਹ 'ਚ ਰੱਖ ਕੇ ਉਸਦੀ ਪੁਸ਼ਤ-ਪਨਾਹੀ ਕੀਤੀ ਗਈ। ਇਸੇ ਤਰ੍ਹਾਂ ਅਕਾਲੀ-ਕਾਂਗਰਸ ਦੇ ਰਾਜ ਵਿੱਚ ਮਾਝੇ ਦਾ ਇਹ ਇਲਾਕਾ ਨਸ਼ਿਆਂ ਦੇ ਹੜ੍ਹ ਲਈ ਬਦਨਾਮ ਸੀ। ਪਰ 'ਆਪ' ਸਰਕਾਰ ਨੇ ਐਂਟੀ-ਗੈਂਗਸਟਰ ਫੋਰਸ ਬਣਾ ਕੇ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੈ ਅਤੇ ਨਸ਼ਿਆਂ ਖਿਲਾਫ਼ ਵੱਡੀ ਜੰਗ ਛੇੜੀ ਹੈ।

 

ਹਰਪਾਲ ਚੀਮਾ ਨੇ ਕਿਹਾ ਕਿ ਅੱਜ ਤਰਨਤਾਰਨ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ। ਲੋਕ ਦੇਖ ਰਹੇ ਹਨ ਕਿ ਕੌਣ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ, ਚੰਗੀ ਸਿੱਖਿਆ, ਸਿਹਤ ਸਹੂਲਤਾਂ ਅਤੇ ਮੁਫ਼ਤ ਬਿਜਲੀ ਦੇ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਕਾਸ ਦੀ ਲੜੀ ਨੂੰ ਜਾਰੀ ਰੱਖਣ ਲਈ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ।

ਮਾਨ ਸਰਕਾਰ ਨੋਜਵਾਨਾਂ ਨੂੰ ਖੇਡਾਂ ਲਈ ਕਰ ਰਹੀ ਉਤਸਾਹਿਤ, ਸੂਬੇ ਵਿੱਚ ਬਣਾ ਰਹੀ 3,000 ਤੋਂ ਵੱਧ ਖੇਡ ਮੈਦਾਨ: ਪਰਮਿੰਦਰ ਗੋਲਡੀ

ਤਰਨਤਾਰਨ, 5 ਨਵੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਲੀਡਰ ਪਰਮਿੰਦਰ ਗੋਲਡੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 1,194 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਭਰ ਵਿੱਚ 3,100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮ ਬਣਾਉਣ ਦੇ ਇਤਿਹਾਸਕ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਰੰਗਲਾ ਪੰਜਾਬ ਬਣਾਉਣ ਅਤੇ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਅਨੁਸ਼ਾਸਨ ਰਾਹੀਂ ਨਸ਼ਿਆਂ ਵਿਰੁੱਧ ਲੜਨ ਲਈ ਸਸ਼ਕਤ ਬਣਾਉਣ ਵੱਲ ਇੱਕ ਫੈਸਲਾਕੁੰਨ ਕਦਮ ਹੈ।


ਗੋਲਡੀ ਨੇ ਕਿਹਾ ਕਿ ਮਾਨ ਸਰਕਾਰ ਨੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਕੇ, ਹਜ਼ਾਰਾਂ ਮੌਕੇ ਪੈਦਾ ਕਰਕੇ ਅਤੇ ਬਿਨਾਂ ਕਿਸੇ ਡਰ ਜਾਂ ਪੱਖ ਦੇ ਡਰੱਗ ਮਾਫੀਆ ਨੂੰ ਕੁਚਲ ਕੇ "ਯੁੱਧ ਨਸ਼ਿਆਂ ਵਿਰੁੱਧ" (ਨਸ਼ਿਆਂ ਵਿਰੁੱਧ ਜੰਗ) ਛੇੜਨ ਵਿੱਚ ਬੇਮਿਸਾਲ ਦ੍ਰਿੜਤਾ ਦਿਖਾਈ ਹੈ।  ਉਨ੍ਹਾਂ ਕਿਹਾ ਕਿ ਖੇਡ ਇਸ ਲੜਾਈ ਵਿੱਚ ਸਭ ਤੋਂ ਮਜ਼ਬੂਤ ​​ਹਥਿਆਰ ਹਨ। ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਨਾਲ ਭਰ ਦਿੱਤਾ ਸੀ, 'ਆਪ' ਸਰਕਾਰ ਇਸਨੂੰ ਖੇਡ ਦੇ ਮੈਦਾਨਾਂ ਅਤੇ ਉਦੇਸ਼ਾਂ ਨਾਲ ਭਰ ਰਹੀ ਹੈ।

ਉਨ੍ਹਾਂ ਕਿਹਾ ਕਿ ਹਰੇਕ ਸਟੇਡੀਅਮ ਵਾਲੀਬਾਲ, ਫੁੱਟਬਾਲ, ਕ੍ਰਿਕਟ, ਕਬੱਡੀ ਅਤੇ ਹੋਰ ਰਵਾਇਤੀ ਖੇਡਾਂ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕਰੇਗਾ, ਇਹ ਯਕੀਨੀ ਬਣਾਏਗਾ ਕਿ ਪਿੰਡਾਂ ਤੋਂ ਸ਼ਹਿਰਾਂ ਤੱਕ ਹਰ ਬੱਚੇ ਕੋਲ ਆਪਣੀ ਊਰਜਾ ਲਈ ਇੱਕ ਸਿਹਤਮੰਦ ਆਊਟਲੈੱਟ ਹੋਵੇ। ਗੋਲਡੀ ਨੇ ਕਿਹਾ ਕਿ ਜਦੋਂ ਨੌਜਵਾਨ ਖੇਡਦੇ ਹਨ, ਤਾਂ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਡ ਭਾਈਚਾਰਿਆਂ ਨੂੰ ਵੀ ਇਕਜੁੱਟ ਕਰਨਗੇ ਅਤੇ ਪੰਜਾਬ ਦੀ ਐਥਲੈਟਿਕ ਉੱਤਮਤਾ ਦੀ ਮਾਣਮੱਤੀ ਵਿਰਾਸਤ ਨੂੰ ਬਹਾਲ ਕਰਨਗੇ।

ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ, ਗੋਲਡੀ ਨੇ ਕਿਹਾ ਕਿ ਅਖੌਤੀ ਨੇਤਾ ਜੋ ਕਦੇ ਨਸ਼ਾ ਤਸਕਰੀ ਤੋਂ ਮੁਨਾਫ਼ਾ ਕਮਾਉਂਦੇ ਸਨ, ਹੁਣ ਮਾਨ ਸਰਕਾਰ ਦੀ ਸਖ਼ਤ ਕਾਰਵਾਈ ਅਧੀਨ ਸਲਾਖਾਂ ਪਿੱਛੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਪੈਸੇ ਲਈ ਵੇਚ ਦਿੱਤਾ ਸੀ, ਉਹ ਅੱਜ ਕੀਮਤ ਭੁਗਤ ਰਹੇ ਹਨ। ਇਹ ਨਵਾਂ ਪੰਜਾਬ ਹੈ, ਜਿੱਥੇ ਖੇਡਾਂ, ਇਮਾਨਦਾਰੀ ਅਤੇ ਮਿਹਨਤ ਦਾ ਜਸ਼ਨ ਮਨਾਇਆ ਜਾਂਦਾ ਹੈ, ਭ੍ਰਿਸ਼ਟਾਚਾਰ ਅਤੇ ਅਪਰਾਧ ਦਾ ਨਹੀਂ।

ਗੋਲਡੀ ਨੇ ਤਰਨਤਾਰਨ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟ ਪਾਉਣ ਤਾਂ ਜੋ ਮੁੱਖ ਮੰਤਰੀ ਮਾਨ ਦੇ ਨਸ਼ਾ ਮੁਕਤ, ਖੇਡਾਂ-ਅਧਾਰਤ ਅਤੇ ਖੁਸ਼ਹਾਲ ਪੰਜਾਬ ਦੇ ਮਿਸ਼ਨ ਨੂੰ ਮਜ਼ਬੂਤ ​​ਕੀਤਾ ਜਾ ਸਕੇ।


Tuesday, November 4, 2025

ਮਾਨ ਸਰਕਾਰ ਦੇ 6 ਮੈਗਾ-ਪ੍ਰੋਜੈਕਟ ਬਦਲਣਗੇ ਪੰਜਾਬ ਦੀ ਨੁਹਾਰ, ਸੂਬਾ ਬਣੇਗਾ ਉੱਤਰ ਭਾਰਤ ਦਾ ਟੂਰਿਜ਼ਮ ਹੱਬ: ਹਰਮੀਤ ਸੰਧੂ

 ਤਰਨਤਾਰਨ, 4 ਨਵੰਬਰ : ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਉਲੀਕੇ ਗਏ 6 ਮੈਗਾ-ਪ੍ਰੋਜੈਕਟਾਂ ਦੇ ਰੋਡਮੈਪ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਵੱਲੋਂ ਨਿਵੇਸ਼ਕ ਸੰਮੇਲਨ ਕਰਕੇ ਇਨ੍ਹਾਂ 6 ਪ੍ਰੋਜੈਕਟਾਂ ਨੂੰ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਮਾਡਲ ਤਹਿਤ ਲਿਆਉਣਾ ਇੱਕ ਇਤਿਹਾਸਕ ਅਤੇ ਦੂਰਅੰਦੇਸ਼ੀ ਕਦਮ ਹੈ, ਜੋ ਪੰਜਾਬ ਨੂੰ ਉੱਤਰੀ ਭਾਰਤ ਦਾ 'ਟੂਰਿਜ਼ਮ ਕਿੰਗ' ਬਣਾ ਦੇਵੇਗਾ।


ਇੱਥੇ ਜਾਰੀ ਇੱਕ ਬਿਆਨ ਵਿੱਚ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੈਰ-ਸਪਾਟੇ ਦੀ ਸਮਰੱਥਾ ਨੂੰ ਦਹਾਕਿਆਂ ਤੱਕ ਅਣਗੌਲਿਆ ਕੀਤਾ, ਜਿਸ ਕਾਰਨ ਸੂਬਾ ਆਰਥਿਕ ਤੌਰ 'ਤੇ ਪੱਛੜ ਗਿਆ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਫ਼ ਨੀਅਤ ਅਤੇ ਵਚਨਬੱਧਤਾ ਦਾ ਸਬੂਤ ਹੈ ਕਿ 'ਆਪ' ਸਰਕਾਰ ਨੇ ਸਿਰਫ਼ 6 ਮਹੱਤਵਪੂਰਨ ਪ੍ਰੋਜੈਕਟਾਂ ਦੀ ਪਛਾਣ ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ 100% ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਇੱਕ ਮਜ਼ਬੂਤ ਫਰੇਮਵਰਕ ਵੀ ਤਿਆਰ ਕੀਤਾ ਹੈ। ਸੰਧੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ, ਜਿੱਥੇ ਪ੍ਰੋਜੈਕਟ ਸਿਰਫ਼ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਜਾਂਦੇ ਸਨ, 'ਆਪ' ਸਰਕਾਰ ਨੇ ਇੱਕ ਮੁਕਾਬਲੇਬਾਜ਼ੀ ਬੋਲੀ ਪ੍ਰਕਿਰਿਆ ਅਤੇ ਪਾਰਦਰਸ਼ੀ ਮਾਲੀਆ-ਸਾਂਝਾ (Revenue-Sharing) ਮਾਡਲ ਅਪਣਾਇਆ ਹੈ।

'ਆਪ' ਉਮੀਦਵਾਰ ਨੇ 6 ਪ੍ਰੋਜੈਕਟਾਂ ਦੇ ਵੇਰਵੇ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਅਰਬਨ ਰੋਪ-ਵੇਅ ਪ੍ਰੋਜੈਕਟ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇੱਕ ਵੱਡੀ ਸੌਗਾਤ ਹੋਵੇਗਾ। ਇਸੇ ਤਰ੍ਹਾਂ ਸਰਹਿੰਦ ਦੇ ਆਮ-ਖਾਸ ਬਾਗ ਅਤੇ ਕਪੂਰਥਲਾ ਦੇ ਇਤਿਹਾਸਕ ਦਰਬਾਰ ਹਾਲ ਨੂੰ ਲਗਜ਼ਰੀ ਵਿਰਾਸਤੀ ਹੋਟਲਾਂ ਵਿੱਚ ਬਦਲਣਾ ਨਾ ਸਿਰਫ਼ ਸਾਡੀ ਵਿਰਾਸਤ ਨੂੰ ਸੰਭਾਲੇਗਾ, ਸਗੋਂ ਵਿਸ਼ਵ ਪੱਧਰੀ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰੇਗਾ। ਉਨ੍ਹਾਂ ਕਿਹਾ ਕਿ ਰੋਪੜ ਵਿੱਚ ਪਿੰਕਾਸਿਆ ਟੂਰਿਸਟ ਕੰਪਲੈਕਸ ਅਤੇ ਖਾਸ ਤੌਰ 'ਤੇ ਉਦਯੋਗਿਕ ਕੇਂਦਰਾਂ ਮੋਹਾਲੀ ਅਤੇ ਲੁਧਿਆਣਾ ਵਿੱਚ ਅਤਿ-ਆਧੁਨਿਕ ਕਨਵੈਨਸ਼ਨ ਸੈਂਟਰਾਂ ਦੀ ਸਥਾਪਨਾ ਪੰਜਾਬ ਨੂੰ ਵਪਾਰਕ ਸੈਰ-ਸਪਾਟੇ (Business Tourism) ਦਾ ਵੱਡਾ ਹੱਬ ਬਣਾ ਦੇਵੇਗੀ।

ਹਰਮੀਤ ਸੰਧੂ ਨੇ ਕਿਹਾ ਕਿ ਮਾਨ ਸਰਕਾਰ ਦੀ ਇਸ ਪਹਿਲਕਦਮੀ ਨਾਲ ਸੂਬੇ ਦੀ ਆਰਥਿਕਤਾ ਮਜ਼ਬੂਤ ਹੋਵੇਗੀ, ਵੱਡੇ ਪੱਧਰ 'ਤੇ ਨਿਵੇਸ਼ ਆਵੇਗਾ ਅਤੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਨਿਵੇਸ਼ਕ-ਅਨੁਕੂਲ ਪਹੁੰਚ ਅਤੇ ਪਾਰਦਰਸ਼ੀ ਵਾਤਾਵਰਣ ਇਹ ਯਕੀਨੀ ਬਣਾਏਗਾ ਕਿ ਪੰਜਾਬ ਜਲਦੀ ਹੀ ਵਿਕਾਸ ਦੇ ਨਕਸ਼ੇ 'ਤੇ ਇੱਕ ਮੋਹਰੀ ਸੂਬੇ ਵਜੋਂ ਉੱਭਰੇ।

*ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਨੇ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ, ਔਰਤਾਂ ਨੂੰ ਕੀਤੀ ਖਾਸ ਅਪੀਲ!*

 ਤਰਨਤਾਰਨ, 4 ਨਵੰਬਰ : ਆਮ ਆਦਮੀ ਪਾਰਟੀ ਨੇ ਤਰਨਤਾਰਨ ਜਿਮਨੀ ਚੋਣ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਵੀ ਸਰਗਰਮੀ ਨਾਲ ਮੁਹਿੰਮ ਵਿੱਚ ਸ਼ਾਮਲ ਹੋ ਗਈ ਹਨ। ਅੱਜ, ਉਨ੍ਹਾਂ ਨੇ ਤਰਨਤਾਰਨ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ, ਔਰਤਾਂ ਨਾਲ ਮੁਲਾਕਾਤ ਕੀਤੀ ਅਤੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ।


 

ਆਪਣੇ ਸੰਬੋਧਨ ਵਿੱਚ ਡਾ. ਗੁਰਪ੍ਰੀਤ ਨੇ ਕਿਹਾ ਕਿ ਅੱਜ, ਔਰਤਾਂ ਦੇਸ਼ ਅਤੇ ਸਮਾਜ ਦੀ ਦਿਸ਼ਾ ਨਿਰਧਾਰਤ ਕਰ ਰਹੀਆਂ ਹਨ। 'ਆਪ' ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਔਰਤਾਂ ਦੇ ਸਨਮਾਨ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਇਤਿਹਾਸਕ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤਰਨਤਾਰਨ ਵਿੱਚ ਕਾਨੂੰਨ ਵਿਵਸਥਾ ਮਜ਼ਬੂਤ ਹੋਈ ਹੈ, ਔਰਤਾਂ ਮੁਹੱਲਾ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਕਰਵਾ ਰਹੀਆਂ ਹਨ, ਅਤੇ ਬੇਟੀਆਂ ਚੰਗੇ ਸਰਕਾਰੀ ਸਕੂਲਾਂ ਤੋਂ ਸ਼ਾਨਦਾਰ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ।

 

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ 90 ਫੀਸਦੀ ਘਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ। ਇਸ ਨਾਲ ਲੱਖਾਂ ਪਰਿਵਾਰਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਇਆ ਹੈ। ਔਰਤਾਂ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਹੋਇਆ ਹੈ। ਉਹ ਹੁਣ ਆਪਣੇ ਪਰਿਵਾਰਾਂ ਦੇ ਬਿਹਤਰ ਭਵਿੱਖ ਲਈ ਆਪਣੀ ਬੱਚਤ ਦਾ ਨਿਵੇਸ਼ ਕਰ ਰਹੀਆਂ ਹਨ।

 

ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਕਰਦਿਆਂ ਡਾ. ਗੁਰਪ੍ਰੀਤ ਨੇ ਕਿਹਾ ਕਿ ਮਾਨ ਸਾਹਿਬ ਦਾ ਦਿਲ ਲੋਕਾਂ ਨਾਲ ਧੜਕਦਾ ਹੈ, ਅਤੇ ਰਾਜਨੀਤੀ ਉਨ੍ਹਾਂ ਲਈ ਲੋਕ ਸੇਵਾ ਦਾ ਇੱਕ ਮਾਧਿਅਮ ਹੈ। ਮਾਨ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਆਉਣ ਵਾਲਾ ਸਾਲ ਪੰਜਾਬ ਦੀਆਂ ਔਰਤਾਂ ਲਈ ਹੋਰ ਵੀ ਖਾਸ ਹੋਣ ਵਾਲਾ ਹੈ। ਸਰਕਾਰ ਅਗਲੇ ਬਜਟ ਵਿੱਚ ਔਰਤਾਂ ਨੂੰ ਇੱਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਪੰਜਾਬ ਅਤੇ ਤਰਨਤਾਰਨ ਦੀ ਹਰ ਔਰਤ ਨੂੰ ਜਲਦੀ ਹੀ 1,000 ਰੁਪਏ ਪ੍ਰਤੀ ਮਹੀਨਾ ਮਿਲਣਗੇ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਸਵੈ-ਨਿਰਭਰਤਾ ਦੋਵਾਂ ਵਿੱਚ ਸੁਧਾਰ ਹੋਵੇਗਾ।

 

ਡਾ. ਗੁਰਪ੍ਰੀਤ ਨੇ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ ਘਰੇਲੂ ਕੰਮਾਂ ਵਿੱਚ ਯੋਗਦਾਨ ਪਾਉਂਦੇ ਹੋ, ਉਸੇ ਤਰ੍ਹਾਂ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੀ ਯੋਗਦਾਨ ਪਾਓ। ਇਸ ਵਾਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਦੀ ਸ਼ਾਨਦਾਰ ਜਿੱਤ ਯਕੀਨੀ ਬਣਾ ਕੇ ਤਰਨਤਾਰਨ ਦੇ ਵਿਕਾਸ ਨੂੰ ਹੋਰ ਹੁਲਾਰਾ ਦਿਓ।

*'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ: 1187 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੀਟ/ਜੇ.ਈ.ਈ 'ਚ ਸਫ਼ਲ: ਹਰਮੀਤ ਸੰਧੂ*

 ਤਰਨਤਾਰਨ, 4 ਨਵੰਬਰ : ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਆਈ ਕ੍ਰਾਂਤੀਕਾਰੀ ਤਬਦੀਲੀ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਸਪੱਸ਼ਟ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ 'ਨੌਕਰੀ ਮੰਗਣ ਵਾਲੇ' ਨਹੀਂ, ਸਗੋਂ 'ਨੌਕਰੀ ਦੇਣ ਵਾਲੇ' ਬਣਾਇਆ ਜਾਵੇ ਅਤੇ ਇਹ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਜ਼ਮੀਨੀ ਹਕੀਕਤ ਬਣ ਰਿਹਾ ਹੈ। ਸੰਧੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ 1187 ਤੋਂ ਵੱਧ ਵਿਦਿਆਰਥੀਆਂ ਦਾ ਨੀਟ/ਜੇ.ਈ.ਈ ਵਰਗੀਆਂ ਔਖੀਆਂ ਪ੍ਰੀਖਿਆਵਾਂ ਪਾਸ ਕਰਨਾ ਇਸੇ ਕ੍ਰਾਂਤੀ ਦਾ ਜਿਉਂਦਾ-ਜਾਗਦਾ ਸਬੂਤ ਹੈ।


 

ਇੱਥੇ ਜਾਰੀ ਇੱਕ ਬਿਆਨ ਵਿੱਚ, ਹਰਮੀਤ ਸਿੰਘ ਸੰਧੂ ਨੇ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਸਿੱਖਿਆ ਦਾ ਵਪਾਰੀਕਰਨ ਕੀਤਾ ਅਤੇ ਸਰਕਾਰੀ ਸਕੂਲਾਂ ਨੂੰ ਤਬਾਹ ਕਰ ਦਿੱਤਾ, ਜਿਸ ਕਾਰਨ ਆਮ ਲੋਕਾਂ ਦਾ ਸਿਸਟਮ ਤੋਂ ਭਰੋਸਾ ਉੱਠ ਗਿਆ ਸੀ। ਪਰ 'ਆਪ' ਸਰਕਾਰ ਨੇ ₹231.74 ਕਰੋੜ ਦੇ ਵੱਡੇ ਨਿਵੇਸ਼ ਨਾਲ 'ਸਕੂਲ ਆਫ਼ ਐਮੀਨੈਂਸ' ਸਥਾਪਤ ਕਰਕੇ ਆਮ ਘਰਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਅਤੇ ਮੁਫ਼ਤ ਬੱਸ ਸੇਵਾ ਦੇਣਾ, ਖਾਸ ਕਰਕੇ ਵਿਦਿਆਰਥਣਾਂ ਦਾ ਸਸ਼ਕਤੀਕਰਨ ਕਰਨਾ, ਮਾਨ ਸਰਕਾਰ ਦੀ 'ਮੌਕੇ ਦੀ ਸਮਾਨਤਾ' ਦੀ ਗਰੰਟੀ ਨੂੰ ਪੂਰਾ ਕਰਦਾ ਹੈ।

 

'ਆਪ' ਉਮੀਦਵਾਰ ਨੇ ਸਫ਼ਲਤਾ ਦੇ ਅੰਕੜਿਆਂ 'ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਦਲਾਅ ਹੁਣ ਨਤੀਜਿਆਂ ਵਿੱਚ ਦਿਖਾਈ ਦੇ ਰਿਹਾ ਹੈ। ਅੱਜ ਸਰਕਾਰੀ ਸਕੂਲਾਂ ਦੇ 265 ਵਿਦਿਆਰਥੀਆਂ ਨੇ ਜੇ.ਈ.ਈ ਮੇਨਜ਼, 74 ਨੇ ਜੇ.ਈ.ਈ ਐਡਵਾਂਸਡ ਅਤੇ 848 ਵਿਦਿਆਰਥੀਆਂ ਨੇ 'ਨੀਟ' ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ ਹੈ। ਇਹ ਸ਼ਾਨਦਾਰ ਨਤੀਜੇ ਇਸ ਲਈ ਸੰਭਵ ਹੋਏ ਹਨ ਕਿਉਂਕਿ 'ਸਕੂਲ ਆਫ਼ ਐਮੀਨੈਂਸ' ਵਿੱਚ ਬੱਚਿਆਂ ਨੂੰ ਨੀਟ, ਜੇ.ਈ.ਈ., ਸੀ.ਐਲ.ਏ.ਟੀ, ਐਨ.ਆਈ.ਐਫ.ਟੀ ਅਤੇ ਰੱਖਿਆ ਸੇਵਾਵਾਂ ਦੀ ਤਿਆਰੀ ਲਈ ਵਿਸ਼ੇਸ਼ ਕੋਚਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਆਲਮੀ ਪੱਧਰ 'ਤੇ ਮੁਕਾਬਲਾ ਕਰ ਸਕਣ।

 

ਸੰਧੂ ਨੇ 'ਸਕੂਲ ਮੈਂਟਰਸ਼ਿਪ ਪ੍ਰੋਗਰਾਮ' ਦੀ ਵੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ, ਜਿੱਥੇ ਸੂਬੇ ਦੇ ਸੀਨੀਅਰ ਅਧਿਕਾਰੀ ਖੁਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰੇਗੀ ਅਤੇ ਉਨ੍ਹਾਂ ਨੂੰ ਆਤਮ-ਵਿਸ਼ਵਾਸ ਨਾਲ ਭਰੇ ਉਦਮੀ ਬਣਾਏਗੀ। ਮਾਨ ਸਰਕਾਰ ਸਿਰਫ਼ ਨੌਕਰੀਆਂ ਹੀ ਨਹੀਂ ਦੇ ਰਹੀ, ਸਗੋਂ ਅਜਿਹਾ ਮਾਹੌਲ ਸਿਰਜ ਰਹੀ ਹੈ ਜਿੱਥੇ ਨੌਜਵਾਨ ਖੁਦ ਕੰਪਨੀਆਂ ਖੋਲ੍ਹ ਕੇ 'ਰੰਗਲਾ ਪੰਜਾਬ' ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਸਭ ਤੋਂ ਵੱਡਾ ਸਸ਼ਕਤੀਕਰਨ ਹੈ ਅਤੇ 'ਆਪ' ਸਰਕਾਰ ਦੀਆਂ ਇਹ ਨੀਤੀਆਂ ਪੰਜਾਬ ਦੇ ਭਵਿੱਖ ਨੂੰ ਉੱਜਵਲ ਬਣਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਵੱਲੋਂ ਦੂਸਰੇ ਪੰਜਾਬ ਘੋੜ ਸਵਾਰੀ ਉਤਸਵ ਦੀ ਤਿਆਰੀ ਲਈ ਅੰਤਰ ਵਿਭਾਗੀ ਮੀਟਿੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਨਵੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਅੱਜ ਦੂਸਰੇ ਪੰਜਾਬ ਘੋੜਸਵਾਰੀ ਉਤਸਵ, ਜੋ ਕਿ 14 ਤੋਂ 16 ਨਵੰਬਰ 2025 ਤੱਕ ਮੀਡੋਜ਼, ਪਿੰਡ ਪੱਲਣਪੁਰ (ਮੋਹਾਲੀ) ਵਿਖੇ ਕਰਵਾਇਆ ਜਾ ਰਿਹਾ ਹੈ, ਦੀ ਤਿਆਰੀ ਲਈ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ। 


ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਤਿੰਨ ਦਿਨਾਂ ਵਿਸ਼ਾਲ ਘੋੜਸਵਾਰੀ ਮੇਲਾ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸਦਾ ਮੰਤਵ ਪੰਜਾਬ ਦੀ ਘੋੜਸਵਾਰੀ ਵਿਰਾਸਤ ਨੂੰ ਉਭਾਰਨਾ ਹੈ।

ਉਨ੍ਹਾਂ ਨੇ ਮੀਟਿੰਗ ਚ ਹਾਜ਼ਰ ਏ ਡੀ ਸੀ ਸੋਨਮ ਚੌਧਰੀ ਅਤੇ ਐਸ ਡੀ ਐਮ ਦਿਵਿਆ ਪੀ ਨੂੰ ਸਮਾਗਮ ਦੀ ਸਮੁੱਚੀ ਰੂਪ ਰੇਖਾ ਆਪਣੀ ਨਿਗਰਾਨੀ ਹੇਠ ਉਲੀਕਣ ਦੀ ਹਦਾਇਤ ਕਰਦਿਆਂ ਵੱਖ-ਵੱਖ ਵਿਭਾਗਾਂ ਤੇ ਅਧਾਰਿਤ ਪ੍ਰਬੰਧਕੀ ਕਮੇਟੀਆਂ ਦਾ ਗਠਨ ਵੀ ਕੀਤਾ। 

ਉਨ੍ਹਾਂ ਕਿਹਾ ਕਿ ਇਹ ਮੇਲਾ ਪੰਜਾਬ ਦੇ ਸਭ ਤੋਂ ਵਿਲੱਖਣ ਤਿਉਹਾਰਾਂ ਵਿੱਚੋਂ ਇੱਕ ਹੋਵੇਗਾ, ਜੋ ਕਿ ਘੋੜਸਵਾਰੀ ਦੇ ਨਾਲ ਨਾਲ ਸਾਡੇ ਸਭਿਆਚਾਰ ਅਤੇ ਜੀਵਨਸ਼ੈਲੀ ਦਾ ਪ੍ਰਤੀਕ ਬਣਦਾ ਹੋਇਆ, ਦੇਸ਼ ਭਰ ਦੇ ਘੋੜਸਵਾਰਾਂ, ਪ੍ਰੇਮੀਆਂ ਅਤੇ ਪਾਲਕਾਂ ਨੂੰ ਇਕ ਮੰਚ ‘ਤੇ ਲਿਆਏਗਾ।

ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਵੱਖ ਵੱਖ ਨਸਲਾਂ ਦੇ ਘੋੜਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਨਸਲਾਂ ਅਤੇ ਰੰਗਾਂ ਦੇ ਘੋੜੇ ਪ੍ਰਦਰਸ਼ਿਤ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਘੋੜਸਵਾਰੀ ਵਿਰਾਸਤ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲੇ।

ਇਸ ਮੌਕੇ ਵੱਖ ਵੱਖ ਘੋੜਸਵਾਰੀ ਪ੍ਰਤੀਯੋਗਤਾਵਾਂ ਤੋਂ ਇਲਾਵਾ 'ਲਾਈਫਸਟਾਈਲ ਫੈਸ਼ਨ ਸ਼ੋ ਵਿਦ ਹੋਰਸਜ਼' ਵੀ ਮੇਲੇ ਦਾ ਖ਼ਾਸ ਹਿੱਸਾ ਹੋਵੇਗਾ, ਜਿਸ ਵਿੱਚ ਆਧੁਨਿਕ ਫੈਸ਼ਨ ਅਤੇ ਘੋੜਸਵਾਰੀ ਦਾ ਸੁਮੇਲ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਲੋਕਾਂ ਲਈ ਖਰੀਦਦਾਰੀ ਤੇ ਖਾਣ-ਪੀਣ ਦੇ ਸਟਾਲ, 'ਆਉਟਡੋਰ ਅਤੇ ਇਕਵੇਸਟਰਿਅਨ ਬ੍ਰਾਂਡਾਂ' ਦੇ ਨਾਲ ਨਾਲ ਸੈਲਫ ਹੈਲਪ ਗਰੁੱਪਾਂ ਦੇ ਸਟਾਲ ਵੀ ਹੋਣਗੇ, ਜੋ ਕਿ ਪੂਰੇ ਮਾਹੌਲ ਨੂੰ ਰੰਗ ਬਿਰੰਗਾ ਤਿਉਹਾਰੀ ਰੂਪ ਦੇਣਗੇ।

ਡਿਪਟੀ ਕਮਿਸ਼ਨਰ ਨੇ ਘੋੜਸਵਾਰੀ ਮੇਲੇ ਵਿੱਚ ਘੋੜਾ ਪਾਲਕਾਂ ਦੇ ਵੱਡੀ ਗਿਣਤੀ ਵਿੱਚ ਆਉਣ ਦੀ ਸੰਭਾਵਨਾ ਅਤੇ ਦਰਸ਼ਕਾਂ ਦੇ ਵੀ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੇ ਮੱਦੇ ਨਜ਼ਰ, ਪਸ਼ੂ ਮਾਹਿਰਾਂ ਮੈਡੀਕਲ ਟੀਮਾਂ, ਪੀਣ ਵਾਲੇ ਪਾਣੀ ਅਤੇ ਸੁਰੱਖਿਆ ਬੰਦੋਬਸਤਾਂ ਦੀ ਅਗਾਊਂ ਲੋੜ ਤੇ ਜ਼ੋਰ ਦਿੱਤਾ। 

ਉਨ੍ਹਾਂ ਦੱਸਿਆ ਕਿ ਘੋੜ ਸਵਾਰੀ ਮੇਲੇ ਦੌਰਾਨ ਸੂਬੇ ਦੀਆਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਵੀ ਇਸ ਉਤਸਵ ਦਾ ਹਿੱਸਾ ਹੋਵੇਗੀ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ, ਐੱਸ ਡੀ ਐਮ ਖਰੜ ਸ਼੍ਰੀਮਤੀ ਦਿਵਿਆ ਪੀ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਜ਼ਿਲ੍ਹਾ ਪੇਂਡੂ ਵਿਕਾਸ ਅਤੇ ਪੰਚਾਇਤ ਅਫ਼ਸਰ ਡਾ. ਪਰਮਬੀਰ ਕੌਰ, ਜ਼ਿਲ੍ਹਾ ਖੇਡ ਅਫ਼ਸਰ ਰੂਪੇਸ਼ ਬੇਗੜਾ, ਘੋੜਸਵਾਰੀ ਖੇਡਾਂ ਦੇ ਮਾਹਰ ਦੀਪਇੰਦਰ ਸਿੰਘ ਬਰਾੜ ਤੇ ਹਰਮਨ ਸਿੰਘ ਖਹਿਰਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

SBP GROUP

SBP GROUP

Search This Blog

Total Pageviews


Wikipedia

Search results

Powered By Blogger