SBP GROUP

SBP GROUP

Search This Blog

Total Pageviews

Tuesday, November 4, 2025

ਡਿਪਟੀ ਕਮਿਸ਼ਨਰ ਵੱਲੋਂ ਦੂਸਰੇ ਪੰਜਾਬ ਘੋੜ ਸਵਾਰੀ ਉਤਸਵ ਦੀ ਤਿਆਰੀ ਲਈ ਅੰਤਰ ਵਿਭਾਗੀ ਮੀਟਿੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਨਵੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਅੱਜ ਦੂਸਰੇ ਪੰਜਾਬ ਘੋੜਸਵਾਰੀ ਉਤਸਵ, ਜੋ ਕਿ 14 ਤੋਂ 16 ਨਵੰਬਰ 2025 ਤੱਕ ਮੀਡੋਜ਼, ਪਿੰਡ ਪੱਲਣਪੁਰ (ਮੋਹਾਲੀ) ਵਿਖੇ ਕਰਵਾਇਆ ਜਾ ਰਿਹਾ ਹੈ, ਦੀ ਤਿਆਰੀ ਲਈ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ। 


ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਤਿੰਨ ਦਿਨਾਂ ਵਿਸ਼ਾਲ ਘੋੜਸਵਾਰੀ ਮੇਲਾ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸਦਾ ਮੰਤਵ ਪੰਜਾਬ ਦੀ ਘੋੜਸਵਾਰੀ ਵਿਰਾਸਤ ਨੂੰ ਉਭਾਰਨਾ ਹੈ।

ਉਨ੍ਹਾਂ ਨੇ ਮੀਟਿੰਗ ਚ ਹਾਜ਼ਰ ਏ ਡੀ ਸੀ ਸੋਨਮ ਚੌਧਰੀ ਅਤੇ ਐਸ ਡੀ ਐਮ ਦਿਵਿਆ ਪੀ ਨੂੰ ਸਮਾਗਮ ਦੀ ਸਮੁੱਚੀ ਰੂਪ ਰੇਖਾ ਆਪਣੀ ਨਿਗਰਾਨੀ ਹੇਠ ਉਲੀਕਣ ਦੀ ਹਦਾਇਤ ਕਰਦਿਆਂ ਵੱਖ-ਵੱਖ ਵਿਭਾਗਾਂ ਤੇ ਅਧਾਰਿਤ ਪ੍ਰਬੰਧਕੀ ਕਮੇਟੀਆਂ ਦਾ ਗਠਨ ਵੀ ਕੀਤਾ। 

ਉਨ੍ਹਾਂ ਕਿਹਾ ਕਿ ਇਹ ਮੇਲਾ ਪੰਜਾਬ ਦੇ ਸਭ ਤੋਂ ਵਿਲੱਖਣ ਤਿਉਹਾਰਾਂ ਵਿੱਚੋਂ ਇੱਕ ਹੋਵੇਗਾ, ਜੋ ਕਿ ਘੋੜਸਵਾਰੀ ਦੇ ਨਾਲ ਨਾਲ ਸਾਡੇ ਸਭਿਆਚਾਰ ਅਤੇ ਜੀਵਨਸ਼ੈਲੀ ਦਾ ਪ੍ਰਤੀਕ ਬਣਦਾ ਹੋਇਆ, ਦੇਸ਼ ਭਰ ਦੇ ਘੋੜਸਵਾਰਾਂ, ਪ੍ਰੇਮੀਆਂ ਅਤੇ ਪਾਲਕਾਂ ਨੂੰ ਇਕ ਮੰਚ ‘ਤੇ ਲਿਆਏਗਾ।

ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਵੱਖ ਵੱਖ ਨਸਲਾਂ ਦੇ ਘੋੜਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਨਸਲਾਂ ਅਤੇ ਰੰਗਾਂ ਦੇ ਘੋੜੇ ਪ੍ਰਦਰਸ਼ਿਤ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਘੋੜਸਵਾਰੀ ਵਿਰਾਸਤ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲੇ।

ਇਸ ਮੌਕੇ ਵੱਖ ਵੱਖ ਘੋੜਸਵਾਰੀ ਪ੍ਰਤੀਯੋਗਤਾਵਾਂ ਤੋਂ ਇਲਾਵਾ 'ਲਾਈਫਸਟਾਈਲ ਫੈਸ਼ਨ ਸ਼ੋ ਵਿਦ ਹੋਰਸਜ਼' ਵੀ ਮੇਲੇ ਦਾ ਖ਼ਾਸ ਹਿੱਸਾ ਹੋਵੇਗਾ, ਜਿਸ ਵਿੱਚ ਆਧੁਨਿਕ ਫੈਸ਼ਨ ਅਤੇ ਘੋੜਸਵਾਰੀ ਦਾ ਸੁਮੇਲ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਲੋਕਾਂ ਲਈ ਖਰੀਦਦਾਰੀ ਤੇ ਖਾਣ-ਪੀਣ ਦੇ ਸਟਾਲ, 'ਆਉਟਡੋਰ ਅਤੇ ਇਕਵੇਸਟਰਿਅਨ ਬ੍ਰਾਂਡਾਂ' ਦੇ ਨਾਲ ਨਾਲ ਸੈਲਫ ਹੈਲਪ ਗਰੁੱਪਾਂ ਦੇ ਸਟਾਲ ਵੀ ਹੋਣਗੇ, ਜੋ ਕਿ ਪੂਰੇ ਮਾਹੌਲ ਨੂੰ ਰੰਗ ਬਿਰੰਗਾ ਤਿਉਹਾਰੀ ਰੂਪ ਦੇਣਗੇ।

ਡਿਪਟੀ ਕਮਿਸ਼ਨਰ ਨੇ ਘੋੜਸਵਾਰੀ ਮੇਲੇ ਵਿੱਚ ਘੋੜਾ ਪਾਲਕਾਂ ਦੇ ਵੱਡੀ ਗਿਣਤੀ ਵਿੱਚ ਆਉਣ ਦੀ ਸੰਭਾਵਨਾ ਅਤੇ ਦਰਸ਼ਕਾਂ ਦੇ ਵੀ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੇ ਮੱਦੇ ਨਜ਼ਰ, ਪਸ਼ੂ ਮਾਹਿਰਾਂ ਮੈਡੀਕਲ ਟੀਮਾਂ, ਪੀਣ ਵਾਲੇ ਪਾਣੀ ਅਤੇ ਸੁਰੱਖਿਆ ਬੰਦੋਬਸਤਾਂ ਦੀ ਅਗਾਊਂ ਲੋੜ ਤੇ ਜ਼ੋਰ ਦਿੱਤਾ। 

ਉਨ੍ਹਾਂ ਦੱਸਿਆ ਕਿ ਘੋੜ ਸਵਾਰੀ ਮੇਲੇ ਦੌਰਾਨ ਸੂਬੇ ਦੀਆਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਵੀ ਇਸ ਉਤਸਵ ਦਾ ਹਿੱਸਾ ਹੋਵੇਗੀ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ, ਐੱਸ ਡੀ ਐਮ ਖਰੜ ਸ਼੍ਰੀਮਤੀ ਦਿਵਿਆ ਪੀ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਜ਼ਿਲ੍ਹਾ ਪੇਂਡੂ ਵਿਕਾਸ ਅਤੇ ਪੰਚਾਇਤ ਅਫ਼ਸਰ ਡਾ. ਪਰਮਬੀਰ ਕੌਰ, ਜ਼ਿਲ੍ਹਾ ਖੇਡ ਅਫ਼ਸਰ ਰੂਪੇਸ਼ ਬੇਗੜਾ, ਘੋੜਸਵਾਰੀ ਖੇਡਾਂ ਦੇ ਮਾਹਰ ਦੀਪਇੰਦਰ ਸਿੰਘ ਬਰਾੜ ਤੇ ਹਰਮਨ ਸਿੰਘ ਖਹਿਰਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

No comments:


Wikipedia

Search results

Powered By Blogger