ਤਰਨਤਾਰਨ, 4 ਨਵੰਬਰ : ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਆਈ ਕ੍ਰਾਂਤੀਕਾਰੀ ਤਬਦੀਲੀ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਸਪੱਸ਼ਟ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ 'ਨੌਕਰੀ ਮੰਗਣ ਵਾਲੇ' ਨਹੀਂ, ਸਗੋਂ 'ਨੌਕਰੀ ਦੇਣ ਵਾਲੇ' ਬਣਾਇਆ ਜਾਵੇ ਅਤੇ ਇਹ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਜ਼ਮੀਨੀ ਹਕੀਕਤ ਬਣ ਰਿਹਾ ਹੈ। ਸੰਧੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ 1187 ਤੋਂ ਵੱਧ ਵਿਦਿਆਰਥੀਆਂ ਦਾ ਨੀਟ/ਜੇ.ਈ.ਈ ਵਰਗੀਆਂ ਔਖੀਆਂ ਪ੍ਰੀਖਿਆਵਾਂ ਪਾਸ ਕਰਨਾ ਇਸੇ ਕ੍ਰਾਂਤੀ ਦਾ ਜਿਉਂਦਾ-ਜਾਗਦਾ ਸਬੂਤ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਹਰਮੀਤ ਸਿੰਘ ਸੰਧੂ ਨੇ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਸਿੱਖਿਆ ਦਾ ਵਪਾਰੀਕਰਨ ਕੀਤਾ ਅਤੇ ਸਰਕਾਰੀ ਸਕੂਲਾਂ ਨੂੰ ਤਬਾਹ ਕਰ ਦਿੱਤਾ, ਜਿਸ ਕਾਰਨ ਆਮ ਲੋਕਾਂ ਦਾ ਸਿਸਟਮ ਤੋਂ ਭਰੋਸਾ ਉੱਠ ਗਿਆ ਸੀ। ਪਰ 'ਆਪ' ਸਰਕਾਰ ਨੇ ₹231.74 ਕਰੋੜ ਦੇ ਵੱਡੇ ਨਿਵੇਸ਼ ਨਾਲ 'ਸਕੂਲ ਆਫ਼ ਐਮੀਨੈਂਸ' ਸਥਾਪਤ ਕਰਕੇ ਆਮ ਘਰਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਅਤੇ ਮੁਫ਼ਤ ਬੱਸ ਸੇਵਾ ਦੇਣਾ, ਖਾਸ ਕਰਕੇ ਵਿਦਿਆਰਥਣਾਂ ਦਾ ਸਸ਼ਕਤੀਕਰਨ ਕਰਨਾ, ਮਾਨ ਸਰਕਾਰ ਦੀ 'ਮੌਕੇ ਦੀ ਸਮਾਨਤਾ' ਦੀ ਗਰੰਟੀ ਨੂੰ ਪੂਰਾ ਕਰਦਾ ਹੈ।
'ਆਪ' ਉਮੀਦਵਾਰ ਨੇ ਸਫ਼ਲਤਾ ਦੇ ਅੰਕੜਿਆਂ 'ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਦਲਾਅ ਹੁਣ ਨਤੀਜਿਆਂ ਵਿੱਚ ਦਿਖਾਈ ਦੇ ਰਿਹਾ ਹੈ। ਅੱਜ ਸਰਕਾਰੀ ਸਕੂਲਾਂ ਦੇ 265 ਵਿਦਿਆਰਥੀਆਂ ਨੇ ਜੇ.ਈ.ਈ ਮੇਨਜ਼, 74 ਨੇ ਜੇ.ਈ.ਈ ਐਡਵਾਂਸਡ ਅਤੇ 848 ਵਿਦਿਆਰਥੀਆਂ ਨੇ 'ਨੀਟ' ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ ਹੈ। ਇਹ ਸ਼ਾਨਦਾਰ ਨਤੀਜੇ ਇਸ ਲਈ ਸੰਭਵ ਹੋਏ ਹਨ ਕਿਉਂਕਿ 'ਸਕੂਲ ਆਫ਼ ਐਮੀਨੈਂਸ' ਵਿੱਚ ਬੱਚਿਆਂ ਨੂੰ ਨੀਟ, ਜੇ.ਈ.ਈ., ਸੀ.ਐਲ.ਏ.ਟੀ, ਐਨ.ਆਈ.ਐਫ.ਟੀ ਅਤੇ ਰੱਖਿਆ ਸੇਵਾਵਾਂ ਦੀ ਤਿਆਰੀ ਲਈ ਵਿਸ਼ੇਸ਼ ਕੋਚਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਆਲਮੀ ਪੱਧਰ 'ਤੇ ਮੁਕਾਬਲਾ ਕਰ ਸਕਣ।
ਸੰਧੂ ਨੇ 'ਸਕੂਲ ਮੈਂਟਰਸ਼ਿਪ ਪ੍ਰੋਗਰਾਮ' ਦੀ ਵੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ, ਜਿੱਥੇ ਸੂਬੇ ਦੇ ਸੀਨੀਅਰ ਅਧਿਕਾਰੀ ਖੁਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰੇਗੀ ਅਤੇ ਉਨ੍ਹਾਂ ਨੂੰ ਆਤਮ-ਵਿਸ਼ਵਾਸ ਨਾਲ ਭਰੇ ਉਦਮੀ ਬਣਾਏਗੀ। ਮਾਨ ਸਰਕਾਰ ਸਿਰਫ਼ ਨੌਕਰੀਆਂ ਹੀ ਨਹੀਂ ਦੇ ਰਹੀ, ਸਗੋਂ ਅਜਿਹਾ ਮਾਹੌਲ ਸਿਰਜ ਰਹੀ ਹੈ ਜਿੱਥੇ ਨੌਜਵਾਨ ਖੁਦ ਕੰਪਨੀਆਂ ਖੋਲ੍ਹ ਕੇ 'ਰੰਗਲਾ ਪੰਜਾਬ' ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਸਭ ਤੋਂ ਵੱਡਾ ਸਸ਼ਕਤੀਕਰਨ ਹੈ ਅਤੇ 'ਆਪ' ਸਰਕਾਰ ਦੀਆਂ ਇਹ ਨੀਤੀਆਂ ਪੰਜਾਬ ਦੇ ਭਵਿੱਖ ਨੂੰ ਉੱਜਵਲ ਬਣਾ ਰਹੀਆਂ ਹਨ।
.jpg)

No comments:
Post a Comment