ਪਿੰਡ ਚਕਰ ਦੇ ਖੇਡ ਮੇਲੇ 'ਚ ਪਹੁੰਚਕੇ ਕੀਤੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ
ਚੰਡੀਗੜ੍ਹ 04 ਜਨਵਰੀ : ਖੇਡਾਂ ਜਿੱਥੇ ਮਨੋਰੰਜਨ ਦਾ ਬਹੁਤ ਵਧੀਆ ਸਾਧਨ ਹਨ, ਉਥੇ ਹੀ ਖੇਡਾਂ ਮਨੁੱਖ ਦਾ ਮਾਨਸਿਕ, ਸਰੀਰਕ ਤੇ ਬੌਧਿਕ ਵਿਕਾਸ ਵੀ ਕਰਦੀਆਂ ਹਨ। ਇਸ ਲਈ ਜੇਕਰ ਨੌਜੁਆਨਾਂ ਨੂੰ ਬਾਲ ਅਵਸਥਾ ਤੋਂ ਹੀ ਖੇਡਾਂ ਨਾਲ ਜੋੜਿਆ ਜਾਵੇ, ਤਾਂ ਉਹਨਾਂ ਨੂੰ ਸਰੀਰਕ ਤੇ ਮਾਨਸ਼ਿਕ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਨਾਲ ਨਸ਼ਿਆਂ ਦੀ ਦਲਦਲ ਤੋਂ ਵੀ ਬਚਾਇਆ ਜਾ ਸਕਦਾ ਹੈ ਅਤੇ ਸੋਹਣੇ ਸਮਾਜ਼ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਹਨਾਂ ਵਿਚਾਰ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਹਲਕੇ ਦੇ ਪਿੰਡ ਚਕਰ ਵਿਖੇ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀਂ ਵੱਲੋਂ ਕਰਵਾਏ ਜਾ ਰਹੇ ਅੰਡਰ-12, ਅੰਡਰ-15 ਅਤੇ ਅੰਡਰ-19 ਖੇਡ ਮੇਲੇ ਦੇ ਉਦਘਾਟਨੀ ਸਮਾਰੋਹ ਮੌਕੇ ਪ੍ਰਗਟ ਕੀਤੇ। ਉਹਨਾਂ ਆਖਿਆ ਕਿ ਖੇਡਾਂ ਖੇਡਣ ਨਾਲ ਜਿੱਥੇ ਇਨਸਾਨ ਵਿੱਚ ਅਨੁਸ਼ਾਸ਼ਨ ਅਤੇ ਭਾਈਚਾਰੇ ਦੀ ਭਾਵਨਾਂ ਵਧਦੀ ਹੈ, ਉਥੇ ਹੀ ਮਨੁੱਖ ਦਾ ਮਨ ਪ੍ਰਸੰਨ ਰਹਿੰਦਾ ਹੈ ਅਤੇ ਇੱਕ ਖਿਡਾਰੀ ਦਾ ਵਿਵਹਾਰ ਬਾਕੀ ਮਨੁੱਖਾਂ ਦੇ ਮੁਕਾਬਲੇ ਕਿਤੇ ਚੰਗਾ ਹੁੰਦਾ ਹੈ ਅਤੇ ਕਈ ਖਿਡਾਰੀ ਤਾਂ ਆਪਣੇ ਜੀਵਨ ਵਿੱਚ ਨੈਸ਼ਨਲ ਤੇ ਇੰਟਰ-ਨੈਸ਼ਨਲ ਲੈਵਲ ਤੱਕ ਵੀ ਮੱਲ੍ਹਾਂ ਮਾਰ ਲੈਂਦੇ ਹਨ।
ਬੀਬੀ ਮਾਣੂੰਕੇ ਨੇ ਆਖਿਆ ਕਿ ਬਾਕੀ ਇਲਾਕੇ ਦੇ ਲੋਕਾਂ ਨੂੰ ਵੀ ਪਿੰਡ ਚਕਰ ਵਾਸੀਆਂ ਤੋਂ ਪ੍ਰੇਰਣਾ ਲੈ ਕੇ ਨੌਜੁਆਨੀ ਨੂੰ ਬਚਪਨ ਤੋਂ ਹੀ ਖੇਡਾਂ ਨਾਲ ਜੋੜਨਾਂ ਚਾਹੀਦਾ ਹੈ ਅਤੇ ਅਜਿਹੇ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਅਜਮੇਰ ਸਿੰਘ ਸਿੱਧੂ ਨੂੰ ਸਮਰਪਿਤ 3 ਤੋਂ 5 ਜਨਵਰੀ ਤੱਕ ਚੱਲਣ ਵਾਲੇ ਇਸ ਟੂਰਨਾਂਮੈਂਟ ਵਿੱਚ ਅੰਡਰ-12 ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 11 ਹਜ਼ਾਰ ਤੇ ਦੂਜਾ 91 ਸੌ ਰੁਪਏ ਹੋਵੇਗਾ ਤੇ ਬੈਸਟ ਖਿਡਾਰੀ ਨੂੰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਅੰਡਰ-15 ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 17 ਹਜ਼ਾਰ ਤੇ ਦੂਜਾ 15 ਹਜ਼ਾਰ ਰੁਪਏ ਹੋਵੇਗਾ ਤੇ ਬੈਸਟ ਖਿਡਾਰੀ ਨੂੰ ਸਾਈਕਲ ਨਾਲ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਅੰਡਰ-19 ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 21 ਹਜ਼ਾਰ ਤੇ ਦੂਜਾ 19 ਹਜ਼ਾਰ ਰੁਪਏ ਹੋਵੇਗਾ ਤੇ ਬੈਸਟ ਖਿਡਾਰੀ ਨੂੰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹਨਾਂ ਸਾਰੇ ਵਰਗਾਂ ਵਿੱਚ 8-8 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਪਿੰਡ ਚਕਰ ਦੇ ਸਰਪੰਚ ਸੋਹਣ ਸਿੰਘ, ਨੰਬਰਦਾਰ ਚਮਕੌਰ ਸਿੰਘ, ਪ੍ਰਧਾਨ ਬੇਅੰਤ ਸਿੰਘ ਤੇ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਵਿਸ਼ੇਸ਼ ਤੌਰਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਹੈਪੀ, ਗੁਰਦੀਪ ਸਿੰਘ ਭੁੱਲਰ, ਜਸਵਿੰਦਰ ਸਿੰਘ, ਸੁੱਖਾ ਬਾਠ, ਗੁਰਦੇਵ ਸਿੰਘ ਜੈਦ, ਸਵਰਨ ਸਿੰਘ ਸਿੱਧੂ, ਸੁਖਜਿੰਦਰ ਸਿੰਘ, ਸਵਰਨਜੀਤ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜੁਆਨ ਹਾਜ਼ਰ ਸਨ।
No comments:
Post a Comment