SBP GROUP

SBP GROUP

Search This Blog

Total Pageviews

ਡਿਪਟੀ ਕਮਿਸ਼ਨਰ ਵੱਲੋਂ ਡੇਰਾਬੱਸੀ ਮੰਡੀ ’ਚ ਖਰੀਦ ਦਾ ਜਾਇਜ਼ਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ, : ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਅੱਜ ਡੇਰਾਬੱਸੀ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਦੁਹਰਾਇਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨਾ ਵੇਚਣ ’ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।


ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਕਲ੍ਹ ਸ਼ਾਮ ਤੱਕ 42501 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 40259 ਮੀਟ੍ਰਿਕ ਟਨ ਉਪਜ ਖਰੀਦ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਨਿਰੰਤਰ ਜਾਰੀ ਹੈ ਅਤੇ ਇਸ ਵਿੱਚ ਕੋਈ ਛੁੱਟੀ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਕਲ੍ਹ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ 84.03 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਏਜੰਸੀਆਂ ਨੂੰ ਲਿਫ਼ਟਿੰਗ ’ਚ ਤੇਜ਼ੀ ਲਿਆਉਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਮੰਡੀਆਂ ’ਚ ਭੀੜ-ਭੜੱਕੇ ਨੂੰ ਰੋਕਣ ਲਈ ਲਿਫ਼ਟਿੰਗ ’ਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਕੁੱਝ ਹੋਰ ਮੰਡੀਆਂ ਐਫ਼ ਸੀ ਆਈ ਨੂੰ ਖਰੀਦ ਕਾਰਜਾਂ ਲਈ ਸੌਂਪੀਆਂ ਗਈਆਂ ਹਨ ਤਾਂ ਉੱਥੋਂ ਨਾਲ ਦੀ ਨਾਲ ਲਿਫ਼ਟਿੰਗ ਹੋ ਸਕੇ।

ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਝੋਨੇ ਦੀ ਖਰੀਦ ਨੂੰ ਨਿਰਵਿਘਨ ਚਲਾਉਣ ਲਈ ਰੋਜ਼ਾਨਾ ਸਵੇਰੇ ਖਰੀਦ ਕਾਰਜਾਂ ਦੀ ਸਮੀਖਿਆ ਕਰਦਾ ਹੈ ਅਤੇ ਮੀਟਿੰਗ ’ਚ ਹਾਜ਼ਰ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਮੰਡੀਆਂ ’ਚ ਦਰਪੇਸ਼ ਮੁਸ਼ਕਿਲਾਂ ਅਤੇ ਰੁਕਾਵਟਾਂ ਬਾਰੇ ਪੁੱਛ ਕੇ, ਉਨ੍ਹਾਂ ਨੂੰ ਦੂਰ ਕਰਦਾ ਹੈ। 

ਇਸ ਮੌਕੇ ਉਨ੍ਹਾਂ ਨੇ ਮੰਡੀ ’ਚ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਬਾਤ ਕਰਕੇ, ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਜਾਣੀਆਂ ਅਤੇ ਉਨ੍ਹਾਂ ਨੂੰ ਜਲਦ ਦੂਰ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਿਜੇ ਕੁਮਾਰ ਸਿੰਗਲਾ ਵੀ ਮੌਜੂਦ ਸਨ।

ਫ਼ੋਟੋ ਕੈਪਸ਼ਨ:

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਡੇਰਾਬੱਸੀ (ਧਨੌਨੀ) ਦੀ ਮੰਡੀ ’ਚ ਖਰੀਦ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।

ਮੋਹਾਲੀ ’ਚ ਸੈਕਟਰ 80, 85, 99 ਤੇ 105 ਚ ਰੋਜ਼ਾਨਾ ਛੇ ਕਲਾਸਾਂ ਲਾ ਕੇ ਲੋਕਾਂ ਨੂੰ ਦੱਸੇ ਜਾ ਰਹੇ ਨੇ ਤੰਦਰੁਸਤ ਜੀਵਨ ਸ਼ੈਲੀ ਦੇ ਗੁਣ

 ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਮੁਸ਼ਕਿਲਾਂ ਤੋਂ ਦੇ ਰਹੀ ਹੈ ਰਾਹਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ, : ਸੀ ਐਮ ਦੀ ਯੋਗਸ਼ਾਲਾ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ’ਚ ਸਿਹਤਮੰਦ ਤਬਦੀਲੀਆਂ ਲਿਆਉਣ ਲਈ ਆਰੰਭੇ ਉਪਰਾਲੇ ਆਮ ਲੋਕਾਂ ਲਈ ਨਿੱਤ ਦਿਨ ਦੀਆਂ ਮੁਸ਼ਕਿਲਾਂ ਤੋਂ ਯੋਗ ਰਾਹੀਂ ਰਾਹਤ ਪਾਉਣ ’ਚ ਮੱਦਦਗਾਰ ਹੋ ਰਹੇ ਹਨ।


ਮੋਹਾਲੀ ’ਚ ਸੈਕਟਰ 80 ਦੇ ਐਕਸਟੈਨਸ਼ਨ ਪਾਰਕ ਵਿਖੇ ਸਵੇਰ ਅਤੇ ਸ਼ਾਮ, ਸੈਕਟਰ 99 ਦੀ ਵਨ ਰਾਈਜ਼ ਸੁਸਾਇਟੀ, ਸੈਕਟਰ 105 ਦੀ ਐਮ ਆਰ ਸੁਸਾਇਟੀ, ਸੈਕਟਰ 85 ਦੀ ਵੇਵ ਐਸਟੇਟ ਅਤੇ ਸੈਕਟਰ 80 ਦੇ ਗੋਲਡਨ ਟੋਨ ਸੁਸਾਇਟੀ ’ਚ ਰੋਜ਼ਾਨਾ ਇੱਕ-ਇੱਕ ਕਲਾਸ ਲਗਾ ਰਿਹਾ ਯੋਗਾ ਇੰਸਟ੍ਰੱਕਟਰ ਕਪਿਲ ਚੌਧਰੀ ਦੱਸਦਾ ਹੈ ਕਿ ਉਹ ਕੋਲ 150 ਤੋਂ 200 ਲੋਕ ਰੋਜ਼ਾਨਾ ਯੋਗ ਸਿੱਖਣ ਆਉਂਦੇ ਹਨ।

ਉਸ ਦਾ ਕਹਿਣਾ ਹੈ ਕਿ ਅੱਜ ਕਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਯੋਗ ਨੂੰ ਇਨ੍ਹਾਂ ਤੋਂ ਰਾਹਤ ਲਈ ਬੇਹਤਰੀਨ ਉਪਾਅ ਸਮਝਦੇ ਹਨ। ਕਪਿਲ ਅਨੁਸਾਰ ਉਸ ਕੋਲ ਯੋਗਾ ਕਲਾਸ ’ਚ ਆਉਣ ਵਾਲੀ ਸ਼ਿਖਾ ਮਿਸ਼ਰਾ ਥਾਈਰਾਇਡ ਦੀ ਸਮੱਸਿਆ ਤੋਂ ਪੀੜਿਤ ਸੀ ਪਰ ਹੁਣ ਯੋਗਾ ਕਲਾਸਾਂ ਲਾਉਣ ਬਾਅਦ ਉਹ ਰਾਹਤ ਮਹਿਸੂਸ ਕਰਨ ਲੱਗੀ ਹੈ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ, ਫ਼ਰੋਜ਼ਨ ਸ਼ੋਲਡਰ ਜਿਹੀਆਂ ਸਮੱਸਿਆਵਾਂ ਤੋਂ ਪੀੜਿਤ ਹੁੰਦੇ ਹਨ, ਉਹ ਵੀ ਹੁਣ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।

ਕਪਿਲ ਨੇ ਦੱਸਿਆ ਕਿ ਯੋਗਾ ਨੂੰ ਜੀਵਨ ਦਾ ਅੰਗ ਬਣਾਉਣ ਨਾਲ ਅਸੀਂ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਜੋ ਸਾਨੂੰ ਸਰੀਰਕ ਜਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀਆਂ ਹਨ, ਤੋਂ ਵੱਖ-ਵੱਖ ਆਸਣਾਂ ਦੀ ਮੱਦਦ ਨਾਲ ਹੀ ਛੁਟਕਾਰਾ ਪਾ ਸਕਦੇ ਹਾਂ। 

ਜ਼ਿਲ੍ਹਾ ਯੋਗਾ ਸੁਪਰਵਾਈਜ਼ਰ ਪ੍ਰਤਿਮਾ ਡਾਵਰ ਅਨੁਸਾਰ ਸੀ ਐਮ ਦੀ ਯੋਗਸ਼ਾਲਾ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਆਸ ਦੀ ਕਿਰਨ ਬਣ ਕੇ ਆਈ ਹੈ ਜੋ ਆਪਣੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਨਿਰਾਸ਼ ਹੋ ਕੇ ਬੈਠ ਗਏ ਸਨ। ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।

ਫ਼ੋਟੋ ਕੈਪਸ਼ਨ: 

ਸੀ ਐਮ ਦੀ ਯੋਗਸ਼ਾਲਾ ਤਹਿਤ ਸੈਕਟਰ 99 ਦੀ ਵਨ ਰਾਈਜ਼ ਸੁਸਾਇਟੀ ’ਚ ਚੱਲ ਰਹੀ ਯੋਗਾ ਕਲਾਸ ’ਚ ਭਾਗ ਲੈ ਰਹੇ ਲੋਕ।

ਵੱਡੀ ਪ੍ਰਾਪਤੀ : ਪੰਜਾਬ ਪੁਲਸ ਵਲੋਂ ਚਾਰ ਗੈਂਗਸਟਰ ਗ੍ਰਿਫ਼ਤਾਰ

 ਚੰਡੀਗੜ੍ਹ, 14 ਅਕਤੂਬਰ, : ਪੰਜਾਬ ਪੁਲਿਸ ਨੇ ਰਾਜਸਥਾਨ ਵਿੱਚ ਸੁਭਾਸ਼ ਸੋਹੂ ਦੇ ਕਤਲ ਵਿੱਚ ਸ਼ਾਮਲ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਮੁਹਾਲੀ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ। ਮੁਲਜ਼ਮ ਗੈਂਗਸਟਰ ਪਵਿੱਤਰ ਅਮਰੀਕਾ ਅਤੇ ਮਨਜਿੰਦਰ ਫਰਾਂਸ ਨਾਲ ਜੁੜਿਆ ਹੋਇਆ ਹੈ।


ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਉਕਤ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਸ ਸਮੇਂ ਪੁਲੀਸ ਕੋਲ ਰਿਮਾਂਡ ’ਤੇ ਹਨ। ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਮੁਤਾਬਕ ਇਸ ਮਾਮਲੇ ਦੇ ਮਾਸਟਰਮਾਈਂਡ ਭਾਨੂ ਸਿਸੋਦੀਆ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਦੇ ਸਾਥੀ ਅਨਿਲ ਲੇਗਾ ਦੀ ਫਰਵਰੀ 2024 ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਬਦਲਾ ਲੈਣ ਲਈ ਉਸ ਨੇ ਸੁਭਾਸ਼ ਦੇ ਕਤਲ ਦੀ ਯੋਜਨਾ ਬਣਾਈ ਸੀ। ਇਸ ਦੇ ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮੁਹੰਮਦ ਆਸਿਫ਼ ਅਤੇ ਅਨਿਲ ਕੁਮਾਰ ਗੋਦਾਰਾ ਨੇ ਅਹਿਮ ਭੂਮਿਕਾ ਨਿਭਾਈ। ਇਹ ਗੈਂਗ ਵਾਰ ਦਾ ਹਿੱਸਾ ਹੈ।ਮ੍ਰਿਤਕ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ।

ਸਿੱਖਿਆ ਵਿਭਾਗ ਨੇ ਮਾਪੇ ਅਧਿਆਪਕ ਮਿਲਣੀ ਦੀ ਮਿਤੀ ਬਦਲੀ

 ਮੋਹਾਲੀ, 14 ਅਕਤੂਬਰ, : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ 2024 ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਦੀ ਮਿਤੀ ਬਦਲਕੇ ਹੁਣ 22 ਅਕਤੂਬਰ 2024 ਮੰਗਲਵਾਰ ਕੀਤੀ ਗਈ ਹੈ।

ਪੰਜਾਬ ਦੇ ਕਾਂਗਰਸੀ ਆਗੂ ਰਾਜ ਸੂਬਾ ਕਮਿਸ਼ਨ ਨੂੰ ਮਿਲੇ, ਪੰਚਾਇਤੀ ਚੋਣਾਂ ਮੁਲਤਵੀ ਕਰਨ ਦੀ ਮੰਗ

ਚੰਡੀਗੜ੍ਹ, 14 ਅਕਤੂਬਰ, : ਪੰਜਾਬ ਕਾਂਗਰਸ ਦੇ ਆਗੂਆਂ ਨੇ ਸੂਬਾ ਚੋਣ ਕਮਿਸ਼ਨ ਤੋਂ ਪੰਚਾਇਤੀ ਚੋਣਾਂ ਤਿੰਨ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਅੱਜ (ਸੋਮਵਾਰ) ਕਾਂਗਰਸੀ ਆਗੂਆਂ ਦਾ ਇੱਕ ਵਫ਼ਦ ਸੂਬਾ ਚੋਣ ਕਮਿਸ਼ਨ ਨੂੰ ਮਿਲਿਆ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਚੋਣਾਂ ਵਿੱਚ ਵੱਡੇ ਪੱਧਰ ’ਤੇ ਧੋਖਾਧੜੀ ਹੋਈ ਹੈ। ਜਿਸ ਕਾਰਨ ਲੋਕਾਂ ਨਾਲ ਧੱਕਾ ਹੋਇਆ ਹੈ।



ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਚੋਣਾਂ ਰੱਦ ਕਰਨ ਦੀ ਮੰਗ ਨਹੀਂ ਕਰ ਰਹੇ। ਅਸੀਂ ਪੂਰੀ ਚੋਣ ਪ੍ਰਕਿਰਿਆ ਨੂੰ ਤਿੰਨ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਾਅਲੀ ਬੈਲਟ ਪੇਪਰ ਛਾਪੇ ਹਨ। ਉਨ੍ਹਾਂ ਹਾਈ ਕੋਰਟ ਵਿੱਚ ਚੋਣ ਪ੍ਰਕਿਰਿਆ ਸੰਬੰਧੀ ਕੇਸ ਦੀ ਦਲੀਲ ਵੀ ਦਿੱਤੀ ਹੈ। 

ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ, ਹਾਈ ਕੋਰਟ ਵੱਲੋਂ 700 ਪਟੀਸ਼ਨਾਂ ਰੱਦ

 ਚੰਡੀਗੜ੍ਹ, 14 ਅਕਤੂਬਰ, : ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰੀਬ 700 ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ 14 ਤੱਕ ਕਰੀਬ 250 ਪੰਚਾਇਤਾਂ ਦੀ ਚੋਣ ਪ੍ਰਕਿਰਿਆ ‘ਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ।


ਅਜਿਹੇ ‘ਚ ਸਪੱਸ਼ਟ ਹੈ ਕਿ ਕੱਲ੍ਹ ਸਵੇਰੇ 8 ਵਜੇ ਤੋਂ ਉਥੇ ਵੋਟਿੰਗ ਹੋਵੇਗੀ। ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਗੁਰਮਿੰਦਰ ਸਿੰਘ ਨੇ ਕਿਹਾ ਕਿ ਇਹ ਆਮ ਲੋਕਾਂ ਲਈ ਵੱਡੀ ਰਾਹਤ ਹੈ। ਇਸ ਤੋਂ ਪਹਿਲਾਂ ਚੋਣਾਂ ਨੂੰ ਲੈ ਕੇ ਕਈ ਬੱਦਲ ਮੰਡਰਾ ਰਹੇ ਸਨ। ਪਰ ਹੁਣ ਇਹ ਸਪੱਸ਼ਟ ਹੈ ਕਿ ਚੋਣਾਂ ਹੋਣਗੀਆਂ।

ਆਰਬੀਯੂ ਵਿਖੇ ਨਰਸਰੀ ਉਗਾਉਣ ਵਿਸ਼ੇ ਤੇ ਵਰਕਸ਼ਾਪ

ਖਰੜ, ਅਕਤੂਬਰ 14, : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਵੱਲੋਂ ‘ਨਰਸਰੀ ਗਰੋਇੰਗ ਐਂਡ ਮੈਨੇਜਮੈਂਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫੈਕਲਟੀ ਮੈਂਬਰਾਂ ਸਮੇਤ  ਵਿਦਿਆਰਥੀਆਂ ਨੇ ਭਾਗ ਲਿਆ।ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਿਜ਼ ਦੀ ਮੁਖੀ ਡਾ: ਅਮਿਤਾ ਮਹਾਜਨ ਨੇ ਦੱਸਿਆ ਕਿ ਡਾ.ਐਮ.ਐਸ.ਲਾਥਰ, ਤਕਨੀਕੀ ਨਿਰਦੇਸ਼ਕ (ਖੇਤੀਬਾੜੀ), ਐਗਰੀਕਲਚਰ ਰਿਸੋਰਸ ਮੈਨੇਜਮੈਂਟ ਇਸ ਵਰਕਸ਼ਾਪ ਵਿੱਚ ਮੁੱਖ ਬੁਲਾਰੇ ਸਨ । 


ਡਾ: ਐਮਐਸ ਲਾਥਰ  ਨੇ 'ਨਰਸਰੀ ਗਰੋਇੰਗ ਐਂਡ ਮੈਨੇਜਮੈਂਟ' ਵਿਸ਼ੇ 'ਤੇ ਭਾਸ਼ਣ ਦਿੱਤਾ।ਉਹਨਾਂ  ਵਿਦਿਆਰਥੀਆਂ ਨੂੰ ਖੇਤਾਂ ਅਤੇ ਬਾਗਬਾਨੀ ਫਸਲਾਂ ਦੇ ਉਗਾਉਣ ਵਿੱਚ ਵਿਹਾਰਕ ਐਕਸਪੋਜਰ ਬਾਰੇ ਵੀ ਜਾਗਰੂਕ ਕੀਤਾ। ਯੂਨੀਵਰਸਿਟੀ ਸਕੂਲ ਆਫ ਐਗਰੀਕਲਚਰ ਸਾਇੰਸਜ਼ ਦੇ ਪ੍ਰਯੋਗਸ਼ਾਲਾ ਖੇਤਰਾਂ ਵਿੱਚ, ਉਸਨੇ ਵੱਖ-ਵੱਖ ਫਸਲਾਂ ਦੀ ਨਰਸਰੀ ਉਗਾਉਣ ਦਾ ਪ੍ਰਦਰਸ਼ਨ ਕੀਤਾ।ਅਤੇ ਇਸ ਦੀ ਸੰਭਾਲ ਦੇ ਨਾਲ-ਨਾਲ ਖੇਤ ਵਿੱਚ ਮਿੱਟੀ ਦੀ ਅਨੁਕੂਲ ਨਮੀ ਨੂੰ ਮਾਪਣ ਦੀ ਤਕਨੀਕ ਅਤੇ ਮਿਆਰੀ ਆਕਾਰ ਦੇ ਨਰਸਰੀ ਬੈਡ ਦੀ ਤਿਆਰੀ ਬਾਰੇ ਵੀ ਜਾਣਕਾਰੀ ਦਿੱਤੀ।ਆਰਬੀਯੂ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਵਰਕਸ਼ਾਪ ਦੇ ਆਯੋਜਨ ਵਿੱਚ ਸਕੂਲ ਆਫ਼ ਐਗਰੀਕਲਚਰਲ ਸਾਇੰਸਿਜ਼ ਦੇ ਉੱਦਮ ਦੀ ਸ਼ਲਾਘਾ ਕੀਤੀ।

ਹੁਣ ਤੋਂ ਖੇਤਾਂ ਚ ਹੋਰ ਅੱਗ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ, ਡੀ ਸੀ ਨੇ ਐਸ ਡੀ ਐਮਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ

ਡਿਊਟੀ ਚ ਲਾਪ੍ਰਵਾਹੀ ਕਰਨ ਵਾਲੇ ਨੋਡਲ ਅਫਸਰਾਂ ਅਤੇ ਐਸ.ਐਚ.ਓਜ਼ ਖ਼ਿਲਾਫ਼ ਅਦਾਲਤ ਚ ਕੇਸ ਦਾਇਰ ਕੀਤੇ ਜਾਣਗੇ

ਐਸ ਐਸ ਪੀ ਅਤੇ ਹੋਰ ਅਧਿਕਾਰੀਆਂ ਨਾਲ ਪਰਾਲੀ ਨੂੰ ਖੇਤਾਂ ਚ ਅੱਗ ਲਾਉਣ ਦੀਆਂ ਅੱਗ ਦੀਆਂ ਘਟਨਾਵਾਂ ਦੀ ਸਮੀਖਿਆ 

ਐਸ.ਏ.ਐਸ.ਨਗਰ, 13 ਅਕਤੂਬਰ, : ਲੰਘੇ ਕਲ੍ਹ ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਅਚਾਨਕ ਹੋਏ ਵਾਧੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸੀਨੀਅਰ ਪੁਲੀਸ ਕਪਤਾਨ ਅਤੇ ਤਾਇਨਾਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਸੱਦੀ।



       ਸਾਰੇ ਭਾਗੀਦਾਰਾਂ ਨੂੰ ਸਖ਼ਤ ਸੰਕੇਤ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੋਂ ਡਿਊਟੀ ਚ ਲਾਪ੍ਰਵਾਹੀ ਕਰਨ ਵਾਲੇ ਨੋਡਲ ਅਫਸਰਾਂ ਅਤੇ ਸਬੰਧਤ ਐਸ ਐਚ ਓ/ਬੀਟ ਅਫਸਰ ਖ਼ਿਲਾਫ਼ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਾਲੀਆ ਹਦਾਇਤਾਂ ਅਨੁਸਾਰ ਅਦਾਲਤ ਚ ਕੇਸ ਦਾਇਰ ਕੀਤੇ ਜਾਣਗੇ। ਕਮਿਸ਼ਨ ਨੇ 10 ਅਕਤੂਬਰ, 2024 ਦੇ ਆਪਣੇ ਆਦੇਸ਼ ਵਿੱਚ ਕਿਹਾ ਹੈ, “ਸੈਕਸ਼ਨ ਐਲ 4(2) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ, ਪੰਜਾਬ, ਹਰਿਆਣਾ, ਐਨ.ਸੀ.ਆਰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਖੇਤਰ ਅਤੇ ਦਿੱਲੀ ਦੇ ਐਨ ਸੀ ਟੀ ਵਿੱਚ ਤਾਇਨਾਤ ਡਿਪਟੀ ਕਮਿਸ਼ਨਰ/ਜ਼ਿਲ੍ਹਾ ਕੁਲੈਕਟਰ/ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਨੂੰ ਰੋਕਣ ਲਈ ਵੱਖ-ਵੱਖ ਪੱਧਰਾਂ ਅਤੇ ਸਟੇਸ਼ਨਾਂ 'ਤੇ ਤਾਇਨਾਤ ਨੋਡਲ ਅਫ਼ਸਰ, ਸੁਪਰਵਾਈਜ਼ਰੀ ਅਫ਼ਸਰ ਅਤੇ ਸਟੇਸ਼ਨ ਹਾਊਸ ਅਫਸਰ, ਜੋ ਕਿ ਇਨ੍ਹਾਂ ਰੋਕ ਦੇ ਹੁਕਮਾਂ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹਨ, ਦੀ ਅਯੋਗਤਾ ਦੇ ਸਬੰਧ ਵਿੱਚ ਇਲਾਕਾ ਜੁਡੀਸ਼ੀਅਲ ਮੈਜਿਸਟਰੇਟ ਕੋਲ ਸ਼ਿਕਾਇਤ / ਮੁਕੱਦਮਾ ਦਰਜ ਕਰਨ ਲਈ ਅਧਿਕਾਰਤ ਕੀਤਾ ਜਾਂਦਾ ਹੈ।”

      ਡਿਪਟੀ ਕਮਿਸ਼ਨਰ ਨੇ ਕੱਲ੍ਹ ਵਾਪਰੀਆਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਾ ਘਟਨਾਕ੍ਰਮ ਵਾਰ ਜਾਇਜ਼ਾ ਲੈਂਦਿਆਂ ਕਿਹਾ ਕਿ ਡਿਊਟੀ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਜ਼ਿੰਮੇਵਾਰ ਵਿਅਕਤੀਆਂ ਸਮੇਤ ਅਧਿਕਾਰੀਆਂ ਨੂੰ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ 'ਤੇ ਜਵਾਬ ਦਾਇਰ ਕਰਨਾ ਹੋਵੇਗਾ।

       ਉਨ੍ਹਾਂ ਕਿਹਾ ਕਿ ਸਬਸਿਡੀ ਵਾਲੀ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਵੱਡੀ ਗਿਣਤੀ ਵਿੱਚ ਪ੍ਰਬੰਧ ਹੋਣ ਦੇ ਬਾਵਜੂਦ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਬਰਦਾਸ਼ਤ ਕਰਨ ਯੋਗ ਨਹੀਂ ਹਨ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਕਿਸਾਨਾਂ ਤੱਕ ਇਨ੍ਹਾਂ ਮਸ਼ੀਨਾਂ ਦੀ ਪਹੁੰਚ ਵਧਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਨੋਡਲ ਅਫ਼ਸਰਾਂ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ। 

      ਡਿਪਟੀ ਕਮਿਸ਼ਨਰ ਨੇ ਸੀਨੀਅਰ ਪੁਲਿਸ ਕਪਤਾਨ ਨੂੰ ਫੀਲਡ ਪੁਲਿਸ ਅਧਿਕਾਰੀਆਂ ਨੂੰ ਹੋਰ ਤਨਦੇਹੀ ਨਾਲ ਕੰਮ ਕਰਨ ਲਈ ਸਰਗਰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਐਸ ਐਸ ਪੀ ਨੂੰ ਇਹ ਵੀ ਬੇਨਤੀ ਕੀਤੀ ਕਿ ਖੇਤ ਮਾਲਕਾਂ ਦੇ ਵਿਰੋਧ ਨੂੰ ਰੋਕਣ ਲਈ, ਅੱਗ ਦੀਆਂ ਲਪਟਾਂ ਨੂੰ ਬੁਝਾਉਣ ਲਈ ਤਾਇਨਾਤ ਫਾਇਰ ਟੈਂਡਰਾਂ ਨਾਲ ਪੁਲਿਸ ਮੁਲਾਜ਼ਮਾਂ ਨੂੰ ਲਾਇਆ ਜਾਵੇ।

      ਐਸ.ਏ.ਐਸ.ਨਗਰ ਦੇ ਐਸ.ਐਸ.ਪੀ ਦੀਪਕ ਪਾਰੀਕ ਨੇ ਡਿਪਟੀ ਕਮਿਸ਼ਨਰ ਨੂੰ ਫੀਲਡ ਪੁਲਿਸ ਅਧਿਕਾਰੀਆਂ ਦੀ ਸਰਗਰਮ ਭਾਗੀਦਾਰੀ ਦਾ ਭਰੋਸਾ ਦਿੰਦਿਆਂ ਕਿਹਾ ਕਿ ਐਸ.ਐਚ.ਓਜ਼ ਅਤੇ ਬੀਟ ਅਧਿਕਾਰੀਆਂ ਨੂੰ ਤੁਰੰਤ ਹਦਾਇਤ ਕੀਤੀ ਜਾਵੇਗੀ ਕਿ ਉਹ ਪਰਾਲੀ ਨੂੰ ਅੱਗ ਲੱਗਣ ਦੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮ ਕਰਨ। 

      ਮੀਟਿੰਗ ਵਿੱਚ ਏ ਡੀ ਸੀ (ਜਨਰਲ) ਵਿਰਾਜ ਐਸ ਤਿੜਕੇ, ਏ ਡੀ ਸੀ (ਵਿਕਾਸ) ਸੋਨਮ ਚੌਧਰੀ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਐਸ ਪੀ (ਸ਼ਹਿਰੀ) ਹਰਵੀਰ ਸਿੰਘ ਅਟਵਾਲ, ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ, ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਡਿਪਟੀ ਰਜਿਸਟਰਾਰ (ਸਹਿਕਾਰੀ ਸਭਾਵਾਂ) ਗੁਰਬੀਰ ਸਿੰਘ ਢਿੱਲੋਂ, ਕਾਰਜਕਾਰੀ ਇੰਜਨੀਅਰ ਪੀ.ਪੀ.ਸੀ.ਬੀ.ਰਣਤੇਜ ਸ਼ਰਮਾ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 


ਫੋਟੋ ਕੈਪਸ਼ਨ:

ਡੀ ਸੀ ਆਸ਼ਿਕਾ ਜੈਨ, ਐਸ ਐਸ ਪੀ ਦੀਪਕ ਪਾਰੀਕ ਨਾਲ ਮੁਹਾਲੀ ਵਿੱਚ ਐਤਵਾਰ ਨੂੰ ਖੇਤਾਂ ਵਿੱਚ ਪਰਾਲੀ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਦਾ ਜਾਇਜ਼ਾ ਲੈਂਦੇ ਹੋਏ।


ਐਸ ਡੀ ਐਮ ਗੁਰਮੰਦਰ ਸਿੰਘ ਨੇ ਐਤਵਾਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਕੁਰਾਲੀ ਖੇਤਰ ਵਿੱਚ ਖੇਤ ਚ ਲਾਈ ਅੱਗ ਤੇ ਖੁਦ ਆਪਣੀ ਨਿਗਰਾਨੀ ਹੇਠ ਕਾਬੂ ਪੁਆਇਆ।

PGI ’ਚ ਸੋਮਵਾਰ ਨੂੰ ਨਵੇਂ ਮਰੀਜ਼ਾਂ ਦੇ ਨਹੀਂ ਬਣਨਗੇ ਕਾਰਡ, ਆਨਲਾਈਨ ਰਜਿਸਟ੍ਰੇਸ਼ਨ ਕੀਤੀ ਰੱਦ

 ਚੰਡੀਗੜ੍ਹ, 13 ਅਕਤੂਬਰ, : ਪੀਜੀਆਈ ਚੰਡੀਗੜ੍ਹ ਵਿਖੇ ਆਊਟਸੋਰਸਿੰਗ ਕਰਮਚਾਰੀਆਂ ਦੀ ਹੜਤਾਲ ਦੇ ਚਲਦਿਆਂ ਭਲਕੇ ਸੋਮਵਾਰ 14 ਅਕਤੂਬਰ ਨੂੰ ਮਰੀਜ਼ਾਂ ਦੇ ਨਵੀਂ ਕਾਰਡ ਨਹੀਂ ਬਣਾਏ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਆਊਟਸੋਰਸਿੰਗ ਉਤੇ ਕੰਮ ਕਰਦੇ ਮੁਲਾਜ਼ਮਾਂ ਮੰਗਾਂ ਨੂੰ ਲੈ ਕੇ ਹੜਤਾਲ ਉਤੇ ਚਲ ਰਹੇ ਹਨ। ਹੜਤਾਲ ਕਾਰਨ ਪੀਜੀਆਈ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਸੋਮਵਾਰ ਨੁੰ ਓਪੀਡੀ ਵਿੱਚ ਨਵੇਂ ਮਰੀਜ਼ਾਂ ਦੀ ਰਜਿਸ਼ਟ੍ਰੇਸ਼ਨ ਨਹੀਂ ਕੀਤੀ ਜਾਵੇਗੀ, ਕੇਵਲ ਪੁਰਾਣੇ ਮਰੀਜ਼ਾਂ ਨੂੰ ਹੀ ਦੇਖਿਆ ਜਾਵੇਗਾ। ਇਸ ਦੇ ਨਾਲ ਹੀ ਆਨਲਾਈਨ ਰਜਿਸਟ੍ਰੇਸ਼ਨ ਵੀ ਬੰਦ ਕਰ ਦਿੱਤੀ ਗਈ ਹੈ, ਜੋ ਪਹਿਲਾਂ ਰਜਿਸਟ੍ਰੇਸ਼ਨ ਕੀਤੀ ਗਈ ਸੀ ਉਹ ਵੀ ਰੱਦ ਕਰ ਦਿੱਤੀ ਗਈ ਹੈ।


ਸੋਮਵਾਰ ਨੂੰ ਰਜਿਸਟ੍ਰੇਸ਼ਨ ਦਾ ਸਮਾਂ ਵੀ ਸਵੇਰੇ 8 ਵਜੇ ਤੋਂ 10 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਂਸਰ ਮਰੀਜ਼ਾਂ ਦੀ ਕਿਮੋਥੈਰੇਪੀ ਪਹਿਲਾਂ ਦੀ ਤਰ੍ਹਾਂ ਹੋਵੇਗੀ ਅਤੇ ਆਈਸੀਯੂ ਅਤੇ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।

ਪੀਜੀਆਈ ਪ੍ਰਸ਼ਾਸਨ ਵੱਲੋਂ ਸਰਕਾਰੀ ਹਸਪਤਾਲ 16 ਚੰਡੀਗੜ੍ਹ, ਸਰਕਾਰੀ ਮੈਡਕਲ ਕਾਲਜ 32 ਸਮੇਤ ਹੋਰਨਾਂ ਗੁਆਢੀ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਗਲੇ ਹੁਕਮਾਂ ਤੱਕ ਮਰੀਜ਼ਾਂ ਨੂੰ ਰੈਫਰ ਨਾ ਕਰਨ।

ਝੋਨੇ ਦੀ ਖਰੀਦ ਅਤੇ ਚੁਕਾਈ ਨੂੰ ਲੈ ਕੇ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ 12 ਤੋਂ 3 ਵਜੇ ਤੱਕ ਲਾਏ ਗਏ ਰੇਲ ਜਾਮ

 ਚੰਡੀਗੜ੍ਹ 13 ਅਕਤੂਬਰ, : ਪੰਜਾਬ ਦੀਆਂ ਮੰਡੀਆਂ ਵਿੱਚ ਰੁਲ਼ ਰਹੇ ਝੋਨੇ ਦੀ ਪੂਰੀ ਐੱਮ ਐੱਸ ਪੀ ‘ਤੇ ਖਰੀਦ ਅਤੇ ਨਾਲੋ ਨਾਲ ਚੁਕਾਈ ਦੇ ਦਿਨੋਂ ਦਿਨ ਵਿਗੜ ਰਹੇ ਮਸਲੇ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਗਈਆਂ।


 ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬਟਾਲਾ (ਗੁਰਦਾਸਪੁਰ), ਸ਼ਾਹਕੋਟ (ਜਲੰਧਰ), ਬਠਿੰਡਾ ਜੰਕਸ਼ਨ, ਅਜੀਤਵਾਲ (ਮੋਗਾ), ਵੱਲਾ ਫਾਟਕ (ਅੰਮ੍ਰਿਤਸਰ), ਪੱਟੀ (ਤਰਨਤਾਰਨ), ਮਲੋਟ (ਮੁਕਤਸਰ), ਜਲਾਲਾਬਾਦ (ਫਾਜ਼ਿਲਕਾ), ਕੋਟਕਪੂਰਾ (ਫਰੀਦਕੋਟ), ਮਾਨਸਾ, ਧਬਲਾਨ (ਪਟਿਆਲਾ) ਸੁਨਾਮ (ਸੰਗਰੂਰ), ਮਲੇਰਕੋਟਲਾ, ਕਿਲਾ ਰਾਏਪੁਰ (ਲੁਧਿਆਣਾ) ਲਾਲੜੂ (ਮੋਹਾਲੀ), ਤਲਵੰਡੀ ਭਾਈ (ਫਿਰੋਜ਼ਪੁਰ) ਅਤੇ ਮੰਡਿਆਲਾ (ਹੁਸ਼ਿਆਰਪੁਰ) ਰੇਲਵੇ ਸਟੇਸ਼ਨਾਂ ਉੱਤੇ ਲਾਏ ਗਏ ਰੇਲ ਜਾਮ ਧਰਨਿਆਂ ਵਿੱਚ ਸੈਂਕੜੇ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ।।

 ਵੱਖ ਵੱਖ ਥਾਵਾਂ ‘ਤੇ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਜ਼ਿਲ੍ਹਾ ਬਲਾਕ ਪੱਧਰੇ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੰਸਾਰ ਬੈਂਕ ਦੀ ਖੁੱਲ੍ਹੀ ਮੰਡੀ ਦੀ ਨੀਤੀ ਵੱਲ ਅੱਗੇ ਵਧਣ ਲਈ ਹੀ ਦੋਨਾਂ ਸਰਕਾਰਾਂ ਵੱਲੋਂ ਕਦਮਤਾਲ ਮਿਲਾ ਕੇ ਕਿਸਾਨਾਂ ਦੀ ਲਹੂ ਪਸੀਨੇ ਦੀ ਕਮਾਈ ਪੈਰਾਂ ਹੇਠ ਰੋਲ਼ੀ ਜਾ ਰਹੀ ਹੈ।

 ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਸਮੇਂ ਸਿਰ ਖਰੀਦ ਅਤੇ ਚੁਕਾਈ ਦੀ ਗੰਭੀਰ ਬਣ ਚੁੱਕੀ ਸਮੱਸਿਆ ਦੇ ਹੱਲ ਲਈ ਵਾਰ ਵਾਰ ਕੀਤੀ ਜਾ ਰਹੀ ਮੰਗ ਨੂੰ ਦੋਨਾਂ ਸਰਕਾਰਾਂ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਦੇਸ਼ ਦੇ ਅੰਨਦਾਤੇ ਨੂੰ ਮੰਡੀਆਂ ਵਿੱਚ ਖੱਜਲਖੁਆਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਅਗਲੀ ਫ਼ਸਲ ਦੀ ਬਿਜਾਈ ਵਿੱਚ ਪਛੇਤ ਪਾਈ ਜਾ ਰਹੀ ਹੈ। ਬੁਲਾਰਿਆਂ ਨੇ ਇੱਕਸੁਰ ਹੋ ਕੇ ਮੰਗ ਕੀਤੀ ਕਿ ਝੋਨੇ ਦੀ ਖਰੀਦ ਅਤੇ ਚੁਕਾਈ ਦੇ ਪੁਖਤਾ ਪ੍ਰਬੰਧ ਤੁਰੰਤ ਕੀਤੇ ਜਾਣ।

 ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਮੰਗ ਤੁਰੰਤ ਪੂਰੀ ਨਾ ਕਰਨ ਦੀ ਸੂਰਤ ਵਿੱਚ ਸਰਕਾਰਾਂ ਨੂੰ ਹੋਰ ਤਿੱਖੇ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਫੌਰੀ ਸੱਦੇ ਨੂੰ ਭਰਵਾਂ ਹੁੰਗਾਰਾ ਭਰਨ ਲਈ ਰੇਲ ਜਾਮ ਧਰਨਿਆਂ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਮਜ਼ਦੂਰ ਭੈਣਾਂ ਭਰਾਵਾਂ ਦਾ ਧੰਨਵਾਦ ਕੀਤਾ ਅਤੇ ਇਸ ਸੰਘਰਸ਼ ਦੇ ਅਗਲੇ ਸੱਏ ਨੂੰ ਹੋਰ ਵੀ ਜੋਰ ਨਾਲ ਲਾਗੂ ਕਰਨ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ ਗਈ।

ਪੰਜਾਬ ਵਿੱਚ ਹੋਣਗੀਆਂ ਨਿਰਪੱਖ ਪੰਚਾਇਤੀ ਚੋਣਾ: ਬਰਸਟ

 ਚੰਡੀਗੜ੍ਹ, 13 ਅਕਤੂਬਰ : ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨਿਰਪੱਖ ਹੋਣਗੀਆਂ। ਇਸਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਵੀ ਦਬਾਵ ਨਹੀਂ ਹੋਵੇਗਾ। ਲੋਕ ਆਪਣੀ ਪਸੰਦ ਅਤੇ ਪਿੰਡ ਦੇ ਵਿਕਾਸ ਲਈ ਆਪਣੀ ਪੰਚਾਇਤ ਦੀ ਚੋਣ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ, ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ  ਅਤੇ ਚੇਅਰਮੈਨ, ਪੰਜਾਬ ਮੰਡੀ ਬੋਰਡ ਵੱਲੋਂ ਕੀਤਾ ਗਿਆ।


 ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਲੋਕ ਰਾਜ ਦੀ ਨੀਂਹ ਹਨ ਅਤੇ ਕਿਸੇ ਵੀ ਚੰਗੇ ਕੰਮ ਨੂੰ ਪੂਰਾ ਕਰਨ ਲਈ ਨੀਂਹ ਮਜਬੂਤ ਹੋਣੀ ਜਰੂਰੀ ਹੈ। ਇਸ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਪਿੰਡਾਂ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਆਪਣੀ ਪੰਚਾਇਤ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਪਿੰਡਾਂ ਦੇ ਵਿਕਾਸ ਨਾਲ ਹੀ ਪੰਜਾਬ ਰਾਜ ਦਾ ਵਿਕਾਸ ਮੁਮਕਿਨ ਹੈ।

ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਹਰ ਪੰਜ ਸਾਲ ਬਾਅਦ ਪੰਚਾਇਤੀ ਚੋਣਾ ਆਉਂਦਿਆਂ ਹਨ, ਜੋ ਕਿ ਪੰਜਾਬ ਦੇ ਲੋਕਾਂ ਦੀ ਅਵਾਜ਼ ਅਤੇ ਅਧਿਕਾਰਾਂ ਦੀ ਚੋਣ ਹੈ। ਜੇਕਰ ਪੰਚਾਇਤ ਚੰਗੀ ਹੈ ਤਾਂ ਪਿੰਡ ਦੀ ਤਰੱਕੀ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਹੈ, ਜੋ ਨਸ਼ਿਆਂ ਦੇ ਖਿਲਾਫ਼, ਪਿੰਡ ਦੇ ਵਿਕਾਸ ਲਈ, ਲੋਕਾਂ ਦੀ ਭਲਾਈ ਲਈ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਅਤੇ ਇੱਕ ਚੰਗੇ ਸਮਾਜ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਣ, ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਚੰਗੇ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਲੋਕ ਬਿਨਾਂ ਕਿਸੇ ਡਰ ਤੋਂ ਆਪਣੇ ਮੱਤ ਦਾ ਇਸਤੇਮਾਲ ਕਰਨ ਅਤੇ ਆਪਣੀ ਪੰਚਾਇਤ ਦੀ ਚੋਣ ਕਰਨ।

ਸ. ਬਰਸਟ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਜਿਸ ਲਈ ਸੂਝਵਾਨ ਅਤੇ ਇਮਾਨਦਾਰ ਲੋਕਾਂ ਦਾ ਅੱਗੇ ਆਉਣਾ ਜਰੂਰੀ ਹੈ। ਪਰ ਇਨ੍ਹਾਂ ਚੋਣਾ ਵਿੱਚ ਰਵਾਇਤੀ ਪਾਰਟੀਆਂ ਵੱਲੋਂ ਮਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹੈ, ਜਿਨ੍ਹਾਂ ਵੱਲੋਂ ਥਾਂ-ਥਾਂ ਤੇ ਹਿੰਸਕ ਝੜਪਾ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਲੋਕ ਰਾਜ ਦੀ ਮਜਬੂਤੀ ਲਈ ਕੰਮ ਕਰ ਰਹੀ ਹੈ। ਇਹ ਤਾਂ ਮੁਮਕਿਨ ਹੋ ਸਕੇਗਾ, ਜਦੋਂ ਲੋਕ ਵੱਧ-ਚੜ੍ਹ ਕਰਕੇ ਚੋਣਾ ਦੌਰਾਨ ਵੋਟ ਪਾ ਕੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਗੇ। ਕਿਉਂਕਿ ਪਿੰਡ ਦਾ ਸਰਪੰਚ ਕਿਸੇ ਪਾਰਟੀ ਦਾ ਨਹੀਂ, ਸਗੋਂ ਪਿੰਡ ਦਾ ਹੁੰਦਾ ਹੈ, ਜੋਂ ਹਮੇਸ਼ਾ ਹੀ ਪਿੰਡ ਦੀ ਤਰੱਕੀ ਦੀ ਗੱਲ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਦੀ ਤਰੱਕੀ ਲਈ ਚੰਗੇ ਲੋਕਾਂ ਨੂੰ ਅੱਗੇ ਲਿਆਉਂਦਾ ਜਾਵੇ।

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਜਾਰੀ; 18 ਹੋਰ ਵਿਰੁੱਧ ਮਾਮਲਾ ਦਰਜ

 ਚੰਡੀਗੜ੍ਹ, 13 ਅਕਤੂਬਰ, : ਵਿਦੇਸ਼ਾਂ ਵਿੱਚ ਵੱਸਣ ਦੇ ਚਾਹਵਾਨ ਨੌਜਵਾਨਾਂ ਦੀ ਸੁਰੱਖਿਆ ਲਈ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦਿਆਂ ਪੰਜਾਬ ਪੁਲਿਸ ਦੇ ਐਨ.ਆਰ.ਆਈ. ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਵੱਲੋਂ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਨਾਲ ਤਾਲਮੇਲ ਕਰਕੇ ਸੂਬੇ ਵਿੱਚ 18 ਹੋਰ ਟਰੈਵਲ ਏਜੰਸੀਆਂ ਵਿਰੁੱਧ ਗੈਰ-ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ ‘ਤੇ ਰੋਜ਼ਗਾਰ ਸਬੰਧੀ ਇਸ਼ਤਿਹਾਰ ਦੇਣ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ।ਇਹ ਕਾਰਵਾਈ ਅਗਸਤ, 2024 ਦੇ ਮਹੀਨੇ ਵਿੱਚ ਅਜਿਹੀਆਂ 25 ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੇ ਖਿਲਾਫ ਘੱਟੋ-ਘੱਟ 20 ਐੱਫ.ਆਈ.ਆਰਜ਼. ਦਰਜ ਕਰਨ ਉਪਰੰਤ ਅਮਲ ਵਿੱਚ ਲਿਆਂਦੀ ਗਈ।


 ਹੁਣ ਤੱਕ ਦਰਜ ਕੀਤੇ ਮਾਮਲਿਆਂ ਵਿੱਚ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ।ਜ਼ਿਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਨੇ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਸਬੰਧੀ ਗੰਭੀਰ ਨੋਟਿਸ ਲਿਆ ਹੈ। ਏਡੀਜੀਪੀ ਐਨਆਰਆਈ ਮਾਮਲੇ ਪ੍ਰਵੀਨ ਕੇ ਸਿਨਹਾ ਨੇ ਐਤਵਾਰ ਨੂੰ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਇਜਾਜ਼ਤਾਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵਿਦੇਸ਼ਾਂ ਵਿੱਚ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ।ਉਹਨਾਂ ਅੱਗੇ ਦੱਸਿਆ ਕਿ ਆਨਲਾਈਨ ਪਲੇਟਫਾਰਮਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਤੌਰ ‘ਤੇ ਤਸਦੀਕ ਕੀਤੀ ਗਈ ਅਤੇ ਉਨ੍ਹਾਂ ਵਿਰੁੱਧ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ।

 ਸੂਬੇ ਦੇ ਵੱਖ-ਵੱਖ ਐਨ.ਆਰ.ਆਈ ਥਾਣਿਆਂ ਵਿੱਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ ਕੁੱਲ 18 ਨਵੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ ਅੰਮ੍ਰਿਤਸਰ, ਐਸ.ਏ.ਐਸ. ਨਗਰ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਦਰਜ ਕੀਤੀਆਂ 18 ਨਵੀਆਂ ਐਫ.ਆਈ.ਆਰਜ਼ ਵਿੱਚੋਂ ਸਤੰਬਰ ਮਹੀਨੇ ਵਿੱਚ 6 ਅਤੇ ਅਕਤੂਬਰ ਵਿੱਚ 12 ਐਫਆਈਆਰਜ਼ ਦਰਜ ਕੀਤੀਆਂ ਗਈਆਂ ਸਨ।ਏਡੀਜੀਪੀ ਨੇ ਕਿਹਾ ਕਿ ਅਗਸਤ ਅਤੇ ਸਤੰਬਰ 2024 ਦੇ ਮਹੀਨਿਆਂ ਵਿੱਚ ਦਰਜ ਕੀਤੀਆਂ ਇਨ੍ਹਾਂ 26 ਐਫ.ਆਈ.ਆਰਜ਼ ਵਿੱਚ ਕੁੱਲ 34 ਮੁਲਜ਼ਮਾਂ ਵਿੱਚੋਂ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮ ਟਰੈਵਲ ਏਜੰਟਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।ਏਡੀਜੀਪੀ ਪ੍ਰਵੀਨ ਸਿਨਹਾ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਟ੍ਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਕਿਹਾ।

 ਉਹਨਾਂ ਨੇ ਸਲਾਹ ਦਿੱਤੀ ਕਿ ਸਿਰਫ਼ ਉਹਨਾਂ ਏਜੰਸੀਆਂ ਨਾਲ ਸੰਪਰਕ ਕੀਤਾ ਜਾਵੇ ਜਿਹਨਾਂ ਕੋਲ ਇਮੀਗ੍ਰੇਸ਼ਨ ਐਕਟ, 1983 ਤਹਿਤ ਇੱਕ ਵੈਧ ਭਰਤੀ ਏਜੰਟ (ਆਰ.ਏ.) ਲਾਇਸੈਂਸ ਹੋਵੇ ਅਤੇ ਉਕਤ ਐਕਟ ਤਹਿਤ ਜਾਰੀ ਏਜੰਸੀ ਦੇ ਲਾਇਸੈਂਸ ਨਾਲ ਸੰਪਰਕ ਕੀਤਾ ਜਾਵੇ।

 ਉਹਨਾਂ ਅੱਗੇ ਕਿਹਾ ਕਿ ਟਰੈਵਲ ਏਜੰਟਾਂ ਨਾਲ ਸੰਪਰਕ ਕਰਦੇ ਸਮੇਂ ਉਹਨਾਂ ਦੀ ਜਾਂਚ ਕਰਨ ਉਪਰੰਤ ਹੀ ਉਹਨਾਂ ‘ਤੇ ਭਰੋਸਾ ਕੀਤਾ ਜਾਵੇ।ਡੱਬੀ: ਨਵੀਆਂ ਦਰਜ ਕੀਤੀਆਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੇ ਨਾਮ: (1) ਵਨ ਪੁਆਇੰਟ ਸਰਵਿਸਿਜ਼, ਐਸ.ਸੀ.ਓ.-15, ਸੈਕਟਰ-115, ਖਰੜ, ਐਸ.ਏ.ਐਸ.ਨਗਰ।(2) ਸਾਈ ਏਂਜਲ ਗਰੁੱਪ, ਐਸ.ਸੀ.ਐਫ.-02, ਦੂਜੀ ਮੰਜ਼ਿਲ, ਸੈਕਟਰ-78, ਐਸ.ਏ.ਐਸ. ਨਗਰ।(3) ਭਾਰਤ ਇਮੀਗ੍ਰੇਸ਼ਨ, ਨੇੜੇ ਸੇਵਕ ਪੈਟਰੋਲ ਪੰਪ, ਅਮਲੋਹ, ਫਤਹਿਗੜ੍ਹ ਸਾਹਿਬ।(4) ਮਾਸਟਰ ਮਾਈਂਡ ਇਮੀਗ੍ਰੇਸ਼ਨ, ਸਟੱਡੀ ਵੀਜ਼ਾ ਕੰਸਲਟੈਂਟ, ਆਨੰਦਪੁਰ ਸਾਹਿਬ, ਰੂਪਨਗਰ।(5) ਏ.ਵੀ.ਪੀ. ਇਮੀਗ੍ਰੇਸ਼ਨ, ਬਠਿੰਡਾ।(6) ਸਕਾਈ ਬ੍ਰਿਜ ਇਮੀਗ੍ਰੇਸ਼ਨ, ਬਠਿੰਡਾ।(7) ਗੇਟਵੇ ਇਮੀਗ੍ਰੇਸ਼ਨ, ਪਟਿਆਲਾ।(8) ਮਾਸਟਰ ਇਮੀਗ੍ਰੇਸ਼ਨ, ਰਾਜਪੁਰਾ, ਪਟਿਆਲਾ।(9) ਹੰਬਲ ਇਮੀਗ੍ਰੇਸ਼ਨ, ਅੰਮ੍ਰਿਤਸਰ।(10) ਦਿ ਹੰਬਲ ਇਮੀਗ੍ਰੇਸ਼ਨ, ਲੁਧਿਆਣਾ। (11) ਈ.ਵੀ.ਏ.ਏ. ਇਮੀਗ੍ਰੇਸ਼ਨ, ਲੁਧਿਆਣਾ।(12) ਕੌਰ ਇਮੀਗ੍ਰੇਸ਼ਨ ਸੈਂਟਰ, ਮੋਗਾ।(13) ਸ਼ਿਵ ਕੰਸਲਟੈਂਸੀ ਇਮੀਗ੍ਰੇਸ਼ਨ, ਐਫ.ਸੀ.ਆਰ. ਰੋਡ, ਅੰਮ੍ਰਿਤਸਰ।(14) ਆਹੂਜਾ ਇਮੀਗ੍ਰੇਸ਼ਨ, ਜੰਡਿਆਲਾ ਰੋਡ, ਨੇੜੇ ਐਚਡੀਐਫਸੀ ਬੈਂਕ, ਤਰਨਤਾਰਨ। (15) ਜੇ.ਐਮ.ਸੀ. ਅੰਮ੍ਰਿਤਸਰ, ਪਹਿਲੀ ਮੰਜ਼ਿਲ, 100 ਐਫ.ਟੀ. ਰੋਡ, ਅੰਮ੍ਰਿਤਸਰ ਕਲੋਨੀ, ਅੰਮ੍ਰਿਤਸਰ।(16) ਰੁਦਰਾਕਸ਼ ਇਮੀਗ੍ਰੇਸ਼ਨ ਐਸ.ਸੀ.ਓ. 15-16, ਟਾਪ ਫਲੋਰ, ਫੇਜ਼ 1, ਮੋਹਾਲੀ।(17) ਯੂਨੀਕ ਐਂਟਰਪ੍ਰਾਈਜਿਜ਼, ਐਸ.ਸੀ.ਓ. 13, ਮੈਗਾ ਮਾਰਕੀਟ, ਨਿਊ ਸੰਨੀ ਐਨਕਲੇਵ, ਸੈਕਟਰ 123, ਮੋਹਾਲੀ।(18) ਸੈਣੀ ਐਸੋਸੀਏਟਸ (ਗਲਫ ਜੌਬਸ ਐਂਡ ਯੂਰੋਪ ਗਲਫ ਵੀਜ਼ਾ), ਪਹਿਲੀ ਮੰਜ਼ਿਲ, ਖੰਨਾ ਕੰਪਲੈਕਸ, ਰੂਪਨਗਰ।

ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ

 ਅੰਮ੍ਰਿਤਸਰ, 13 ਅਕਤੂਬਰ, : ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ।


ਸ੍ਰੀ ਦਰਬਾਰ ਸਾਹਿਬ ਵਿਖੇ ਅਕੀਦਤ ਭੇਂਟ ਕਰਨ ਉਪਰੰਤ ਮੁੱਖ ਸਕੱਤਰ ਸ੍ਰੀ ਸਿਨਹਾ ਨੇ ਪਵਿੱਤਰ ਅਸਥਾਨ ਦੁਆਲੇ ਪਰਿਕਰਮਾ ਕੀਤੀ ਅਤੇ ਰੱਬੀ ਬਾਣੀ ਦਾ ਇਲਾਹੀ ਕੀਰਤਨ ਸਰਵਣ ਕੀਤਾ। ਇਸ ਉਪਰੰਤ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਦਫ਼ਤਰ ਵਿਖੇ ਸਨਮਾਨਤ ਕੀਤਾ ਗਿਆ।ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਣ ਉਪਰੰਤ ਮੰਦਿਰ ਕਮੇਟੀ ਵੱਲੋਂ ਵੀ ਮੁੱਖ ਸਕੱਤਰ ਨੂੰ ਸਨਮਾਨਤ ਕੀਤਾ ਗਿਆ।

ਮੁੱਖ ਸਕੱਤਰ  ਸਿਨਹਾ ਨੇ ਕਿਹਾ ਕਿ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਹ ਸ਼ੁਕਰਾਨੇ ਅਤੇ ਸੂਬਾ ਵਾਸੀਆਂ ਦੀ ਸੇਵਾਵਾਂ ਕਰਨ ਲਈ ਗੁਰੂ ਘਰ ਤੋਂ ਆਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਤੋਂ ਆਸ਼ੀਰਵਾਦ ਲਿਆ ਕਿ ਉਹ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਸੇਵਾ ਕਰ ਸਕਣ।

ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ, ਐਸ.ਡੀ.ਐਮ. ਮਨਕੰਵਲ ਸਿੰਘ ਚਹਿਲ ਤੇ ਡੀ.ਸੀ.ਪੀ. ਹਰਪ੍ਰੀਤ ਸਿੰਘ ਮੰਡੇਰ ਵੀ ਹਾਜ਼ਰ ਸਨ।


Wikipedia

Search results

Powered By Blogger