ਮੋਹਾਲੀ, 17 ਸਤੰਬਰ : ਨਗਰ ਕਾਉਂਸਿਲ ਕੁਰਾਲੀ ਵਿਖੇ ਬਤੌਰ ਐਸ.ਓ. ਤਾਇਨਾਤ ਰਵਿੰਦਰ ਕੁਮਾਰ ਦੀ ਇਮਾਨਦਾਰੀ ਉਤੇ ਅੱਜ ਉਸ ਸਮੇਂ ਹੋਰ ਸਵਾਲੀਆ ਚਿੰਨ੍ਹ ਲੱਗ ਗਿਆ ਜਦੋਂ ਜ਼ਿਲ੍ਹਾ ਹੋਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨਿਵਾਸੀ ਅੰਕਿਤ ਕੁਮਾਰ ਖੰਨਾ ਸਕੱਤਰ ‘ਦ ਮਾਹਿਲਪੁਰ ਕਿਰਤ ਤੇ ਸਹਿਕਾਰੀ ਸਭਾ ਲਿਮਟਿਡ’ ਨੇ ਵੀ ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਸ ਖਿਲਾਫ਼ ਭ੍ਰਿਸ਼ਟਾਚਾਰੀ ਦੇ ਵੱਡੇ ਦੋਸ਼ ਲਗਾਏ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅੰਕਿਤ ਕੁਮਾਰ ਖੰਨਾ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਾਣ ਨਾਥ ਖੰਨਾ ਠੇਕੇਦਾਰੀ ਕਰਦੇ ਸਨ ਅਤੇ ਰਵਿੰਦਰ ਕੁਮਾਰ ਐਸ.ਓ. ਸਾਲ 2016 ਵਿੱਚ ਨਗਰ ਪੰਚਾਇਤ ਮਾਹਿਲਪੁਰ ਵਿਖੇ ਤਾਇਨਾਤ ਸੀ। ਉਦੋਂ ਰਵਿੰਦਰ ਕੁਮਾਰ ਨੇ ਨਗਰ ਪੰਚਾਇਤ ਮਾਹਿਲਪੁਰ ਵਿਖੇ ਤਾਇਨਾਤੀ ਦੌਰਾਨ ਉਸ ਦੇ ਪਿਤਾ ਰਿਸ਼ਵਤ ਲੈ-ਲੈ ਕੇ ਇੰਨਾ ਤੰਗ ਕੀਤਾ ਕਿ ਉਸ ਦੇ ਪਿਤਾ ਪ੍ਰਾਣ ਨਾਥ ਖੰਨਾ ਆਤਮ ਹੱਤਿਆ ਕਰ ਗਏ। ਰਵਿੰਦਰ ਕੁਮਾਰ ਖਿਲਾਫ਼ 31 ਦਸੰਬਰ 2016 ਨੂੰ ਪੁਲੀਸ ਸਟੇਸ਼ਨ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ ਧਾਰਾ 306, 506 ਤਹਿਤ ਐਫ.ਆਈ.ਆਰ. ਨੰਬਰ 135 ਦਰਜ ਕੀਤੀ ਗਈ ਜਿਸ ਦਾ ਕੇਸ ਮਾਨਯੋਗ ਅਦਾਲਤ ਵਿੱਚ ਵਿਚਾਰਾਧੀਨ ਹੈ।
ਉਨ੍ਹਾਂ ਦੇ ਪਿਤਾ ਦੀ ਆਤਮ ਹੱਤਿਆ ਉਪਰੰਤ ਰਵਿੰਦਰ ਕੁਮਾਰ ਨੂੰ ਲੋਕਲ ਬਾਡੀਜ਼ ਵਿਭਾਗ ਵੱਲੋਂ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਪ੍ਰੰਤੂ ਬਾਅਦ ਵਿੱਚ ਵਿਭਾਗ ਨੇ 18-7-2017 ਨੂੰ ਪੈਂਡਿੰਗ ਇਨਕੁਆਰੀ ਬਹਾਲ ਕਰ ਦਿੱਤਾ ਸੀ ਜੋ ਕਿ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਮੇਹਰਬਾਨੀ ਸਦਕਾ ਇਸਦੀ ਬਹਾਲੀ ਅਜੇ ਵੀ ਲਗਾਤਾਰ ਚੱਲ ਰਹੀ ਹੈ। ਪ੍ਰੰਤੂ ਇਨਕੁਆਰੀ ਦੀ ਰਿਪੋਰਟ ਹਾਲੇ ਤੱਕ ਵੀ ਕਿਸੇ ਕਿਨਾਰੇ ਨਹੀਂ ਲੱਗ ਸਕੀ।
ਉਨ੍ਹਾਂ ਦੱਸਿਆ ਕਿ ਰਵਿੰਦਰ ਕੁਮਾਰ ਨਾਂ ਦਾ ਇਹ ਅਫ਼ਸਰ ਜਿਹੜੇ ਵੀ ਇਲਾਕੇ ਵਿੱਚ ਤਾਇਨਾਤ ਹੁੰਦਾ ਹੈ, ਉਸੇ ਖੇਤਰ ਦੇ ਠੇਕੇਦਾਰਾਂ ਤੋਂ ਉੱਚ ਅਧਿਕਾਰੀਆਂ ਤੱਕ ਪੈਸਾ ਪਹੁੰਚਾਉਣ ਦੇ ਨਾਂ ’ਤੇ ਬਿਲ ਪਾਸ ਕਰਵਾਉਣ ਤੇ ਜਾਂ ਫਿਰ ਨਕਸ਼ੇ ਪਾਸ ਕਰਵਾਉਣ ਆਦਿ ਦੇ ਨਾਂ ’ਤੇ ਮੋਟੀ ਰਿਸ਼ਵਤ ਲੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਰਵਿੰਦਰ ਕੁਮਾਰ ਨਾਂ ਦੇ ਇਸ ਅਫ਼ਸਰ ਨੂੰ ਸਰਕਾਰੀ ਨੌਕਰੀ ਤੋਂ ਤੁਰੰਤ ਡਿਸਮਿਸ ਕਰ ਕੇ ਰਿਸ਼ਵਤਖੋਰੀ ਦੇ ਇਸ ਥੰਮ੍ਹ ਨੂੰ ਉਖਾੜਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਨਗਰ ਕਾਉਂਸਿਲ ਕੁਰਾਲੀ ਦੇ ਐਸ.ਓ. ਰਵਿੰਦਰ ਕੁਮਾਰ ਕੁਰਾਲੀ ਨਿਵਾਸੀ ਪ੍ਰਾਪਰਟੀ ਕਾਰੋਬਾਰੀ ਨੇ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਲਗਾਏ ਸਨ ਅਤੇ ਆਤਮ ਹੱਤਿਆ ਕਰਨ ਤੱਕ ਦੀ ਵੀ ਧਮਕੀ ਦਿੱਤੀ ਸੀ। ਅੱਜ ਫਿਰ ਹੋਈ ਦੂਸਰੀ ਕਾਨਫ਼ਰੰਸ ਵਿੱਚ ਮਾਹਿਲਪੁਰ ਨਿਵਾਸੀ ਅੰਕਿਤ ਖੰਨਾ ਨੇ ਵੀ ਉਸ ਉਤੇ ਰਿਸ਼ਵਤ ਦੇ ਗੰਭੀਰ ਦੋਸ਼ ਲਗਾ ਕੇ ਲੋਕਲ ਬਾਡੀਜ਼ ਵਿਭਾਗ ਪੰਜਾਬ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।
ਦੂਜੇ ਪਾਸੇ ਨਗਰ ਕਾਉਂਸਿਲ ਕੁਰਾਲੀ ਵਿਖੇ ਤਾਇਨਾਤ ਐਸ.ਓ. ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸ ਉਤੇ ਲਗਾਏ ਜਾ ਰਹੇ ਰਿਸ਼ਵਤ ਦੇ ਦੋਸ਼ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਿਹੜਾ ਮਾਹਿਲਪੁਰ ਵਿਖੇ ਉਨ੍ਹਾਂ ਖਿਲਾਫ਼ ਕੇਸ ਦਰਜ ਹੋਇਆ ਸੀ, ਉਸ ਬਾਰੇ ਸੁਣਵਾਈ ਮਾਨਯੋਗ ਅਦਾਲਤ ਵਿੱਚ ਚੱਲ ਰਹੀ ਹੈ।
No comments:
Post a Comment